ਹੈਲਥ ਡੈਸਕ- ਕਈ ਲੋਕਾਂ ਨੂੰ ਸਵੇਰੇ ਨੀਂਦ ਖੁੱਲ੍ਹਦੇ ਹੀ ਸਿਰ 'ਚ ਭਾਰੀਪਣ ਜਾਂ ਤੇਜ਼ ਦਰਦ ਮਹਿਸੂਸ ਹੁੰਦਾ ਹੈ। ਅਕਸਰ ਇਸ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਪਰ ਜੇ ਇਹ ਪਰੇਸ਼ਾਨੀ ਰੋਜ਼ਾਨਾ ਜਾਂ ਵਾਰ-ਵਾਰ ਹੋ ਰਹੀ ਹੈ, ਤਾਂ ਇਹ ਸਰੀਰ 'ਚ ਕਿਸੇ ਗੜਬੜ ਵੱਲ ਇਸ਼ਾਰਾ ਕਰ ਸਕਦੀ ਹੈ। ਮਾਹਿਰਾਂ ਮੁਤਾਬਕ ਸਵੇਰੇ ਹੋਣ ਵਾਲਾ ਸਿਰ ਦਰਦ ਨੀਂਦ ਦੀ ਘਾਟ, ਤਣਾਅ, ਮਾਈਗ੍ਰੇਨ, ਡਿਹਾਈਡ੍ਰੇਸ਼ਨ ਅਤੇ ਸਲੀਪ ਏਪਨੀਆ ਵਰਗੀਆਂ ਸਮੱਸਿਆਵਾਂ ਕਾਰਨ ਹੋ ਸਕਦਾ ਹੈ। ਮਾਹਿਰ ਦੱਸਦੇ ਹਨ ਕਿ ਨੀਂਦ ਤੋਂ ਜਾਗਣ ਸਮੇਂ ਦਿਮਾਗ ਜ਼ਿਆਦਾ ਸੰਵੇਦਨਸ਼ੀਲ ਹੁੰਦਾ ਹੈ। ਇਸ ਦੌਰਾਨ ਥੋੜ੍ਹਾ ਜਿਹਾ ਅਸੰਤੁਲਨ ਵੀ ਸਿਰ ਦਰਦ ਦੇ ਰੂਪ 'ਚ ਮਹਿਸੂਸ ਹੋ ਸਕਦਾ ਹੈ। ਆਓ ਜਾਣੀਏ ਸਵੇਰੇ ਸਿਰ ਦਰਦ ਹੋਣ ਦੇ ਮੁੱਖ ਕਾਰਨ।
ਨੀਂਦ ਦੀ ਘਾਟ ਜਾਂ ਖ਼ਰਾਬ ਨੀਂਦ
ਜੇ ਤੁਸੀਂ ਰਾਤ ਨੂੰ ਪੂਰੀ ਨੀਂਦ ਨਹੀਂ ਲੈਂਦੇ, ਵਾਰ-ਵਾਰ ਨੀਂਦ ਟੁੱਟਦੀ ਹੈ ਜਾਂ ਦੇਰ ਰਾਤ ਤੱਕ ਮੋਬਾਈਲ ਅਤੇ ਸਕ੍ਰੀਨ ਦੇਖਦੇ ਰਹਿੰਦੇ ਹੋ, ਤਾਂ ਇਸ ਦਾ ਸਿੱਧਾ ਅਸਰ ਸਵੇਰੇ ਸਿਰ ਦਰਦ ‘ਤੇ ਪੈਂਦਾ ਹੈ। ਨੀਂਦ ਪੂਰੀ ਨਾ ਹੋਣ ਕਾਰਨ ਦਿਮਾਗ ‘ਤੇ ਦਬਾਅ ਵਧ ਜਾਂਦਾ ਹੈ ਅਤੇ ਜਾਗਦੇ ਹੀ ਦਰਦ ਸ਼ੁਰੂ ਹੋ ਸਕਦਾ ਹੈ।
ਤਣਾਅ ਅਤੇ ਮਾਨਸਿਕ ਦਬਾਅ
ਜ਼ਿਆਦਾ ਤਣਾਅ ਕਾਰਨ ਸਰੀਰ ਦੀਆਂ ਮਾਸਪੇਸ਼ੀਆਂ, ਖ਼ਾਸ ਕਰਕੇ ਗਰਦਨ ਅਤੇ ਮੋਢਿਆਂ ਦੀਆਂ ਮਾਸਪੇਸ਼ੀਆਂ ਸਖ਼ਤ ਹੋ ਜਾਂਦੀਆਂ ਹਨ। ਇਸ ਨਾਲ ਖੂਨ ਦੀ ਗਤੀ ਪ੍ਰਭਾਵਿਤ ਹੁੰਦੀ ਹੈ ਅਤੇ ਸਵੇਰੇ ਉਠਦੇ ਹੀ ਟੈਨਸ਼ਨ-ਟਾਈਪ ਸਿਰ ਦਰਦ ਮਹਿਸੂਸ ਹੁੰਦਾ ਹੈ।
ਮਾਈਗ੍ਰੇਨ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਮਾਈਗ੍ਰੇਨ ਦੀ ਦਿੱਕਤ ਹੁੰਦੀ ਹੈ, ਉਨ੍ਹਾਂ ਲਈ ਸਵੇਰੇ ਸਿਰ ਦਰਦ ਆਮ ਗੱਲ ਹੈ। ਨੀਂਦ ਦੀ ਕਮੀ, ਤੇਜ਼ ਰੋਸ਼ਨੀ, ਮੌਸਮ 'ਚ ਬਦਲਾਅ ਜਾਂ ਖਾਲੀ ਪੇਟ ਸੌਣਾ ਮਾਈਗ੍ਰੇਨ ਨੂੰ ਟ੍ਰਿਗਰ ਕਰ ਸਕਦਾ ਹੈ, ਜਿਸ ਨਾਲ ਸਵੇਰੇ ਤੇਜ਼ ਦਰਦ ਹੁੰਦਾ ਹੈ।
ਸਲੀਪ ਏਪਨੀਆ
ਸਲੀਪ ਏਪਨੀਆ ਇਕ ਅਜਿਹੀ ਬੀਮਾਰੀ ਹੈ, ਜਿਸ 'ਚ ਸੌਂਦੇ ਸਮੇਂ ਸਾਹ ਵਾਰ-ਵਾਰ ਰੁਕਦਾ ਹੈ। ਇਸ ਕਾਰਨ ਦਿਮਾਗ ਤੱਕ ਪੂਰੀ ਆਕਸੀਜਨ ਨਹੀਂ ਪਹੁੰਚਦੀ। ਨਤੀਜੇ ਵਜੋਂ ਸਵੇਰੇ ਉਠਦੇ ਹੀ ਤੇਜ਼ ਸਿਰ ਦਰਦ, ਚੱਕਰ ਆਉਣਾ ਅਤੇ ਸਿਰ ਭਾਰਾ ਲੱਗ ਸਕਦਾ ਹੈ। ਲਗਾਤਾਰ ਖਰਾਟੇ ਮਾਰਨਾ ਵੀ ਇਸ ਦਾ ਲੱਛਣ ਹੋ ਸਕਦਾ ਹੈ।
ਡਿਹਾਈਡ੍ਰੇਸ਼ਨ (ਪਾਣੀ ਦੀ ਘਾਟ)
ਜੇ ਰਾਤ ਦੌਰਾਨ ਸਰੀਰ ਨੂੰ ਲੋੜ ਅਨੁਸਾਰ ਪਾਣੀ ਨਾ ਮਿਲੇ, ਤਾਂ ਫਲੂਇਡ ਲੈਵਲ ਘੱਟ ਹੋ ਜਾਂਦਾ ਹੈ। ਇਸ ਨਾਲ ਖੂਨ ਦੀਆਂ ਨਲੀਆਂ ਸੁੱਕੜ ਜਾਂਦੀਆਂ ਹਨ ਅਤੇ ਦਿਮਾਗ ਤੱਕ ਆਕਸੀਜਨ ਠੀਕ ਮਾਤਰਾ 'ਚ ਨਹੀਂ ਪਹੁੰਚਦੀ, ਜਿਸ ਕਾਰਨ ਸਵੇਰੇ ਸਿਰ ਦਰਦ ਸ਼ੁਰੂ ਹੋ ਸਕਦਾ ਹੈ।
ਸ਼ਰਾਬ ਜਾਂ ਕੈਫੀਨ ਦਾ ਅਸਰ
ਰਾਤ ਨੂੰ ਸ਼ਰਾਬ ਪੀਣ ਜਾਂ ਬੇਹੱਦ ਚਾਹ-ਕੌਫੀ ਪੀਣ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਇਲਾਵਾ, ਜੋ ਲੋਕ ਰੋਜ਼ਾਨਾ ਕੈਫੀਨ ਲੈਂਦੇ ਹਨ ਅਤੇ ਅਚਾਨਕ ਇਸ ਨੂੰ ਛੱਡ ਦਿੰਦੇ ਹਨ, ਉਨ੍ਹਾਂ ਨੂੰ ਵੀ ਸਵੇਰੇ ਸਿਰ ਦਰਦ ਹੋ ਸਕਦਾ ਹੈ।
ਜੇ ਰੋਜ਼ ਸਵੇਰੇ ਸਿਰ ਦਰਦ ਹੋਵੇ ਤਾਂ ਕੀ ਕਰੀਏ?
ਮਾਹਿਰਾਂ ਦੀ ਸਲਾਹ ਹੈ ਕਿ ਜੇ ਹਫ਼ਤੇ 'ਚ ਕਈ ਵਾਰ ਸਵੇਰੇ ਸਿਰ ਦਰਦ ਹੁੰਦਾ ਹੈ, ਦਰਦ ਬਹੁਤ ਤੇਜ਼ ਹੁੰਦਾ ਹੈ ਜਾਂ ਇਸ ਨਾਲ ਚੱਕਰ ਆਉਣਾ, ਸਾਹ ਲੈਣ 'ਚ ਦਿੱਕਤ ਜਾਂ ਧੁੰਦਲਾ ਦਿਖਾਈ ਦੇਣਾ ਵਰਗੇ ਲੱਛਣ ਵੀ ਹੋਣ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਸਵੇਰੇ ਸਿਰ ਦਰਦ ਤੋਂ ਬਚਣ ਲਈ ਅਪਣਾਓ ਇਹ ਆਦਤਾਂ
ਰੋਜ਼ ਇਕੋ ਸਮੇਂ ਸੌਣ ਅਤੇ ਉਠਣ ਦੀ ਕੋਸ਼ਿਸ਼ ਕਰੋ। ਦਿਨ ਭਰ ਅਤੇ ਰਾਤ ਨੂੰ ਕਾਫ਼ੀ ਪਾਣੀ ਪੀਓ। ਸੌਣ ਤੋਂ ਪਹਿਲਾਂ ਚਾਹ, ਕੌਫੀ ਅਤੇ ਸ਼ਰਾਬ ਤੋਂ ਬਚੋ। ਸ਼ਾਂਤ ਅਤੇ ਆਰਾਮਦਾਇਕ ਨੀਂਦ ਦਾ ਮਾਹੌਲ ਬਣਾਓ। ਇਨ੍ਹਾਂ ਛੋਟੀਆਂ ਆਦਤਾਂ ਨੂੰ ਅਪਣਾਕੇ ਤੁਸੀਂ ਸਵੇਰੇ ਹੋਣ ਵਾਲੇ ਸਿਰ ਦਰਦ ਤੋਂ ਕਾਫ਼ੀ ਹੱਦ ਤੱਕ ਰਾਹਤ ਪਾ ਸਕਦੇ ਹੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਸਰਦੀਆਂ 'ਚ ਜਾਣੋ ਕਿਉਂ ਵਧਦੀਆਂ ਹਨ ਦਿਲ ਦੀਆਂ ਬੀਮਾਰੀਆਂ! ਬਜ਼ੁਰਗਾਂ ਨੂੰ ਵਧੇਰੇ ਚੌਕਸ ਰਹਿਣ ਦੀ ਸਲਾਹ
NEXT STORY