ਹੈਲਥ ਡੈਸਕ - ਪੌੜੀਆਂ ਚੜ੍ਹਦਿਆਂ ਹੀ ਸਾਹ ਫੁੱਲਣਾ ਜਾਂ ਥੋੜ੍ਹੀ ਦੂਰ ਚੱਲਣ ’ਤੇ ਹੀ ਥਕਾਵਟ ਮਹਿਸੂਸ ਹੋਣਾ ਹਮੇਸ਼ਾ ਫੇਫੜਿਆਂ ਦੀ ਬੀਮਾਰੀ ਦਾ ਸੰਕੇਤ ਨਹੀਂ ਹੁੰਦਾ। ਇਸ ਦੇ ਪਿੱਛੇ ਦਿਲ ਨਾਲ ਜੁੜੀ ਇਕ ਅਜਿਹੀ ਬੀਮਾਰੀ ਵੀ ਹੋ ਸਕਦੀ ਹੈ, ਜਿਸ ਵਿਚ ਦਿਲ ਦਾ ਖੱਬਾ ਹਿੱਸਾ ਹੌਲੀ-ਹੌਲੀ ਸਖ਼ਤ ਅਤੇ ਮੋਟਾ ਹੋਣ ਲੱਗਦਾ ਹੈ। ਇਸ ਨਾਲ ਦਿਲ ਸਰੀਰ ਦੀ ਲੋੜ ਮੁਤਾਬਕ ਪੂਰੀ ਮਾਤਰਾ ’ਚ ਖੂਨ ਪੰਪ ਨਹੀਂ ਕਰ ਪਾਉਂਦਾ ਅਤੇ ਸਮੇਂ ਦੇ ਨਾਲ ਸਾਹ ਲੈਣ 'ਚ ਪ੍ਰੇਸ਼ਾਨੀ ਵਧਣ ਲੱਗਦੀ ਹੈ।
ਅਮਰੀਕਾ ਦੀ ਯੂਨੀਵਰਸਿਟੀ ਆਫ਼ ਵਿਸਕਾਨਸਿਨ ਮੈਡੀਸਨ ਦੇ ਵਿਗਿਆਨੀਆਂ ਦੇ ਅਧਿਐਨ ਵਿਚ ਹਾਰਟ ਫੇਲੀਅਰ ਵਿਦ ਪ੍ਰੀਜ਼ਰਵਡ ਇਜੈਕਸ਼ਨ ਫ੍ਰੈਕਸ਼ਨ ਭਾਵ ਐੱਚ. ਐੱਫ. ਪੀ. ਈ. ਐੱਫ. ਨਾਲ ਜੁੜਿਆ ਇਹ ਮਹੱਤਵਪੂਰਨ ਤੱਥ ਸਾਹਮਣੇ ਆਇਆ ਹੈ। ਖੋਜਕਾਰਾਂ ਅਨੁਸਾਰ ਇਸ ਬੀਮਾਰੀ ਤੋਂ ਪੀੜਤ 80 ਫੀਸਦੀ ਤੋਂ ਵੱਧ ਮਰੀਜ਼ਾਂ ਵਿਚ ਫੇਫੜਿਆਂ ਦੀਆਂ ਖੂਨ ਦੀਆਂ ਨਾੜੀਆਂ ਵਿਚ ਦਬਾਅ ਵਧ ਸਕਦਾ ਹੈ। ਇਸ ਸਥਿਤੀ ਨੂੰ ਪਲਮੋਨਰੀ ਹਾਈਪਰਟੈਂਸ਼ਨ ਕਿਹਾ ਜਾਂਦਾ ਹੈ। ਇਸ ਦੇ ਕਾਰਨ ਆਮ ਗਤੀਵਿਧੀਆਂ ਜਿਵੇਂ ਥੋੜ੍ਹੀ ਦੂਰੀ ਤੱਕ ਚੱਲਣਾ ਜਾਂ ਪੌੜੀਆਂ ਚੜ੍ਹਨਾ ਵੀ ਸਾਹ ਫੁੱਲਣ ਅਤੇ ਬਹੁਤ ਜ਼ਿਆਦਾ ਥਕਾਵਟ ਦਾ ਕਾਰਨ ਬਣ ਸਕਦਾ ਹੈ।
ਦਿਲ ਦਾ ਖੱਬਾ ਹਿੱਸਾ ਹੋ ਜਾਂਦਾ ਹੈ ਸਖ਼ਤ
ਐੱਚ. ਐੱਫ. ਪੀ. ਈ. ਐੱਫ. ਵਿਚ ਦਿਲ ਦਾ ਖੱਬਾ ਵੈਂਟ੍ਰੀਕਲ ਹੌਲੀ-ਹੌਲੀ ਸਖ਼ਤ ਅਤੇ ਮੋਟਾ ਹੋ ਜਾਂਦਾ ਹੈ। ਆਮ ਸਥਿਤੀ ਵਿਚ ਇਹ ਹਿੱਸਾ ਸਰੀਰ ਦੇ ਬਾਕੀ ਹਿੱਸਿਆਂ ਤੱਕ ਆਕਸੀਜਨ ਵਾਲਾ ਖੂਨ ਪਹੁੰਚਾਉਂਦਾ ਹੈ ਪਰ ਇਸ ਦੇ ਸਖ਼ਤ ਹੋਣ ’ਤੇ ਦਿਲ ਪੂਰੀ ਤਰ੍ਹਾਂ ਫੈਲ ਨਹੀਂ ਪਾਉਂਦਾ ਅਤੇ ਉਸ ਵਿਚ ਖੂਨ ਭਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਨਤੀਜੇ ਵਜੋਂ ਸਰੀਰ ਨੂੰ ਲੋੜ ਮੁਤਾਬਕ ਖੂਨ ਪਹੁੰਚਾਉਣ ’ਚ ਪ੍ਰੇਸ਼ਾਨੀ ਹੋਣ ਲੱਗਦੀ ਹੈ।
ਸੱਜਾ ਵੈਂਟ੍ਰੀਕਲ ਕਮਜ਼ੋਰ ਤਾਂ ਖ਼ਤਰਾ ਜ਼ਿਆਦਾ
ਖੋਜਕਾਰਾਂ ਨੇ 48 ਲੋਕਾਂ ’ਤੇ ਅਧਿਐਨ ਕੀਤਾ। ਇਨ੍ਹਾਂ ’ਚੋਂ 29 ਭਾਗੀਦਾਰਾਂ ’ਚ ਕੰਮ ਕਰਨ ਦੀ ਸਮਰੱਥਾ ਆਮ ਸੀ, ਜਦਕਿ 19 ਵਿਚ ਦਿਲ ਦੇ ਕੰਮ ਕਰਨ ਦੀ ਸਮਰੱਥਾ ਕਮਜ਼ੋਰ ਪਾਈ ਗਈ। ਅਧਿਐਨ ਵਿਚ ਖਾਸ ਤੌਰ ’ਤੇ ਦਿਲ ਦੇ ਸੱਜੇ ਵੈਂਟ੍ਰੀਕਲ ’ਤੇ ਧਿਆਨ ਦਿੱਤਾ ਗਿਆ। ਇਹੋ ਹਿੱਸਾ ਖੂਨ ਨੂੰ ਫੇਫੜਿਆਂ ਤੱਕ ਪਹੁੰਚਾਉਂਦਾ ਹੈ, ਜਿੱਥੇ ਉਸ ਨੂੰ ਆਕਸੀਜਨ ਮਿਲਦੀ ਹੈ। ਖੋਜਕਾਰਾਂ ਮੁਤਾਬਕ ਜਿਨ੍ਹਾਂ ਮਰੀਜ਼ਾਂ ਦਾ ਸੱਜਾ ਵੈਂਟ੍ਰੀਕਲ ਕਮਜ਼ੋਰ ਸੀ, ਉਨ੍ਹਾਂ ਵਿਚ ਬੀਮਾਰੀ ਦੇ ਗੰਭੀਰ ਹੋਣ ਅਤੇ ਮੌਤ ਦਾ ਖ਼ਤਰਾ ਵਧੇਰੇ ਪਾਇਆ ਗਿਆ।
15 ਫੀਸਦੀ ਤੱਕ ਸਾਲਾਨਾ ਮੌਤ ਦਰ
ਐੱਚ. ਐੱਫ. ਪੀ. ਈ. ਐੱਫ. ਦੇ ਨਾਲ ਪਲਮੋਨਰੀ ਹਾਈਪਰਟੈਂਸ਼ਨ ਵਿਕਸਿਤ ਹੋਣ ’ਤੇ ਮਰੀਜ਼ ਦੀ ਸਥਿਤੀ ਗੰਭੀਰ ਹੋ ਸਕਦੀ ਹੈ। ਖੋਜਕਾਰਾਂ ਦੇ ਮੁਤਾਬਕ, ਇਸ ਹਾਲਾਤ ਵਿਚ ਸਾਲਾਨਾ ਮੌਤ ਦਰ ਕਰੀਬ 15 ਫੀਸਦੀ ਤੱਕ ਦੱਸੀ ਗਈ ਹੈ। ਇਸ ਲਈ ਮਰੀਜ਼ ਦੇ ਸੱਜੇ ਵੈਂਟ੍ਰੀਕਲ ਦੀ ਕੰਮ ਕਰਨ ਦੀ ਸਮਰੱਥਾ ਬੀਮਾਰੀ ਦੇ ਭਵਿੱਖ ਅਤੇ ਸੰਭਾਵੀ ਖ਼ਤਰੇ ਦਾ ਅਨੁਮਾਨ ਲਗਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀ ਹੈ।
80 ਫੀਸਦੀ ਮਰੀਜ਼ਾਂ ਵਿਚ ਵਧ ਸਕਦਾ ਹੈ ਦਬਾਅ
ਅਧਿਐਨ ਤੋਂ ਇਹ ਸੰਕੇਤ ਮਿਲਿਆ ਹੈ ਕਿ ਐੱਚ. ਐੱਫ. ਪੀ. ਈ. ਐੱਫ. ਦਾ ਅਸਰ ਸਿਰਫ ਦਿਲ ਤੱਕ ਸੀਮਤ ਨਹੀਂ ਰਹਿੰਦਾ। ਦਿਲ ਦੇ ਖੱਬੇ ਹਿੱਸੇ ਦੀ ਸਮੱਸਿਆ ਵਧਣ ਦੇ ਨਾਲ ਫੇਫੜਿਆਂ ਦੀਆਂ ਖੂਨ ਦੀਆਂ ਨਾੜੀਆਂ ’ਤੇ ਵੀ ਦਬਾਅ ਵਧ ਸਕਦਾ ਹੈ। ਇਹੋ ਵਜ੍ਹਾ ਹੈ ਕਿ ਇਸ ਬੀਮਾਰੀ ਤੋਂ ਪੀੜਤ ਲੋਕਾਂ ਵਿਚ ਸਾਹ ਫੁੱਲਣ ਦੀ ਸਮੱਸਿਆ ਲਗਾਤਾਰ ਵਧ ਸਕਦੀ ਹੈ।
Fatty Liver ਦੀ ਸਮੱਸਿਆ ਨੂੰ ਤੇਜ਼ੀ ਨਾਲ ਘੱਟ ਕਰਨਗੇ ਇਹ ਹੈਲਦੀ ਡ੍ਰਿੰਕਸ ! ਕਰੋ ਡਾਈਟ 'ਚ ਸ਼ਾਮਲ
NEXT STORY