ਨਵੀਂ ਦਿੱਲੀ-ਹਰ ਸਾਲ 25 ਅਪ੍ਰੈਲ ਦਾ ਦਿਨ ਵਿਸ਼ਵ ਮਲੇਰੀਆ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਮਲੇਰੀਆ ਇੱਕ ਆਮ ਬਿਮਾਰੀ ਹੈ ਜੋ ਕਿ ਅੱਜ ਕੱਲ੍ਹ ਦੇ ਗਰਮੀ ਅਤੇ ਮੱਛਰ ਦੇ ਸੀਜ਼ਨ ਵਿੱਚ ਅਕਸਰ ਹੋ ਜਾਂਦੀ ਹੈ। ਇਸ ਤੋਂ ਬਚਾਅ ਲਈ ਇਸ ਬਾਰੇ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ।
ਮਲੇਰੀਆ ਕੀ ਹੈ? : ਮਲੇਰੀਆ ਠੰਡ (ਕਾਂਬਾ) ਅਤੇ ਸਿਰ ਦਰਦ ਦੇ ਨਾਲ ਮੁੜ-ਮੁੜ ਬੁਖ਼ਾਰ ਹੋਣ ਵਾਲਾ ਇੱਕ ਰੋਗ ਹੈ। ਰੋਗੀ ਨੂੰ ਬੁਖ਼ਾਰ ਹੋਣ ਤੋਂ ਬਾਅਦ ਕਦੇ ਬੁਖ਼ਾਰ ਉਤਰਦਾ ਤੇ ਕਦੇ ਫਿਰ ਚੜ੍ਹ ਜਾਂਦਾ ਹੈ। ਕਈ ਗੰਭੀਰ ਮਾਮਲਿਆਂ ਵਿੱਚ ਇਹ ਕੋਮਾ ਜਾਂ ਮੌਤ ਦਾ ਕਾਰਣ ਵੀ ਬਣ ਸਕਦਾ ਹੈ। ਇਹ ਰੋਗ, ਭੂ-ਮੱਧ ਦੇ ਆਲੇ-ਦੁਆਲੇ ਖੰਡੀ ਅਤੇ ਉਪ-ਖੰਡੀ ਖੇਤਰ ਵਿੱਚ ਫੈਲਦਾ ਹੈ ਜਿਸ ਵਿਚ ਸਬ–ਸਹਾਰਾ, ਅਫ਼ਰੀਕਾ ਅਤੇ ਏਸ਼ੀਆ ਵੀ ਸ਼ਾਮਿਲ ਹਨ। ਭਾਰਤ ਦੇਸ਼ ਵਿਚ ਇਹ ਰੋਗ ਸਾਲ ਭਰ ਹੁੰਦਾ ਰਹਿੰਦਾ ਹੈ ਪਰ ਬਰਸਾਤੀ ਮੌਸਮ ਦੌਰਾਨ ਅਤੇ ਬਾਅਦ ’ਚ ਮੱਛਰ ਦੇ ਪ੍ਰਜਨਣ ਕਾਰਣ ਇਹ ਵੱਡੇ ਪੱਧਰ ਤੇ ਫੈਲਦਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਦੱਖਣ-ਪੂਰਬੀ ਏਸ਼ੀਆ ਵਿਚਲੇ ਕੁੱਲ ਮਲੇਰੀਆ ਕੇਸਾਂ ਦੀ ਗਿਣਤੀ ਵਿਚ ਭਾਰਤ ਦਾ ਸਭ ਤੋਂ ਵੱਧ 77% ਯੋਗਦਾਨ ਹੈ। ਇਹ ਬਿਮਾਰੀ ਰਾਜਸਥਾਨ, ਗੁਜਰਾਤ, ਕਰਨਾਟਕ, ਗੋਆ, ਦੱਖਣੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਉੜੀਸਾ ਆਦਿ ਵਿਚ ਮੁੱਖ ਤੌਰ ‘ਤੇ ਪ੍ਰਚਲਿਤ ਹੈ।

ਮਲੇਰੀਆ ਹੋਣ ਦਾ ਕਾਰਨ: ਮਲੇਰੀਆ ਪਲਾਸਮੋਡੀਅਮ ਦੇ ਤੌਰ ’ਤੇ ਜਾਣੇ ਜਾਂਦੇ ਪਰਜੀਵੀ ਦੇ ਕਾਰਨ ਹੁੰਦਾ ਹੈ। ਮਲੇਰੀਆ ਦੇ ਪਰਜੀਵੀ ਚਾਰ ਪ੍ਰਕਾਰ ਦੇ ਹੁੰਦੇ ਹਨ ਪੀ. ਵਾਈਵੈਕਸ, ਪੀ.ਫੈਲਸੀਪੈਰਮ, ਪੀ.ਮਲੇਰੀ ਅਤੇ ਪੀ. ਓਵੇਲ। ਇਨ੍ਹਾਂ ਵਿੱਚੋਂ ਪੀ.ਵਾਈਵੈਕਸ ਸਾਰੇ ਵਿਸ਼ਵ ’ਚ ਫੈਲਿਆ ਹੋਇਆ ਹੈ ਅਤੇ ਪੀ.ਫੈਲਸੀਪੈਰਮ ਸਭ ਤੋਂ ਵਧ ਘਾਤਕ ਹੈ। ਮਲੇਰੀਆ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ। ਜੋ ਕਿ ਜ਼ਿਆਦਾਤਰ ਰਾਤ ਸਮੇਂ ਕੱਟਦਾ ਹੈ। ਮੱਛਰ ਦੇ ਸਰੀਰ ਅੰਦਰ ਮਲੇਰੀਆ ਦੇ ਪਰਜੀਵੀ ਉਸ ਵੇਲੇ ਪ੍ਰਵੇਸ਼ ਕਰਦਾ ਹੈ ਜਦੋਂ ਇਹ ਮਲੇਰੀਆ ਪੀੜਤ ਵਿਅਕਤੀ ਨੂੰ ਕੱਟਦਾ ਹੈ। ਅਜਿਹਾ ਮੱਛਰ ਜਦੋਂ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਉਸ ਵਿਅਕਤੀ ਦੇ ਖੂਨ-ਪ੍ਰਵਾਹ ’ਚ ਮਲੇਰੀਆ ਦੇ ਪਰਜੀਵੀ ਦਾਖ਼ਲ ਹੋ ਜਾਂਦੇ ਹਨ। ਜਿਸ ਨਾਲ 10 ਤੋਂ 14 ਦਿਨ ਵਿੱਚ ਉਸ ਵਿਅਕਤੀ ਵਿੱਚ ਵੀ ਮਲੇਰੀਆ ਦੇ ਲੱਛਣ ਦਿਖਾਈ ਦੇਣ ਲੱਗ ਜਾਂਦੇ ਹਨ।
ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਮਲੇਰੀਆ ਦੇ ਲੱਛਣ : ਇਸ ਦੇ ਆਮ ਲੱਛਣ ਬੁਖ਼ਾਰ, ਸਿਰ ਦਰਦ, ਉਲਟੀ ਅਤੇ ਹੋਰ ਫ਼ਲੂ ਵਰਗੇ ਲੱਛਣ (ਬੁਖਾਰ ਜੋ ਚਾਰ ਤੋਂ ਅੱਠ ਘੰਟੇ ਦੇ ਚੱਕਰ ਵਿੱਚ ਹੁੰਦਾ ਹੈ।) ਪੈਰਾਸਾਈਟ ਲਾਲ ਖ਼ੂਨ ਦੇ ਸੈੱਲ ਨੂੰ ਸੰਕ੍ਰਮਿਤ ਅਤੇ ਨਸ਼ਟ ਕਰਦਾ ਹੈ ਨਤੀਜੇ ਵਜੋਂ ਥਕਾਵਟ, ਡੋਬ/ਕੜਵੱਲ ਅਤੇ ਚੇਤਨਾ ਦਾ ਨੁਕਸਾਨ ਹੁੰਦਾ ਹੈ। ਜੇਕਰ ਮਲੇਰੀਆ ਦੇ ਲੱਛਣਾਂ ਦੀ ਪਛਾਣ ਸਮੇਂ ਰਹਿੰਦੇ ਨਾ ਹੋਵੇ ਤਾਂ, ਇਸ ਦਾ ਨਤੀਜਾ ਘਾਤਕ ਹੋ ਸਕਦਾ ਹੈ।

ਜਾਂਚ ਅਤੇ ਇਲਾਜ : ਮਲੇਰੀਆ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਬੁਖਾਰ ਹੋਣ ਤੇ ਜਿੰਨਾ ਛੇਤੀ ਹੋ ਸਕੇ ਡਾਕਟਰ ਦੀ ਸਲਾਹ ਨਾਲ ਖ਼ੂਨ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਕਿ ਮਲੇਰੀਆ ਹੋਣ ਦੀ ਪੁਸ਼ਟੀ ਹੋਣ ਤੇ ਇਲਾਜ 24 ਘੰਟਿਆਂ ਦੇ ਅੰਦਰ ਸ਼ੁਰੂ ਹੋ ਜਾਵੇ। ਬੁਖਾਰ ਦੌਰਾਨ ਮਰੀਜ਼ ਨੂੰ ਕੰਬਲਾਂ ਨਾਲ ਢੱਕ ਕੇ ਅਰਾਮ ਕਰਨਾ ਚਾਹੀਦਾ ਹੈ। ਧਿਆਨ ਦੇਣ ਯੋਗ ਹੈ ਕਿ ਜੇ ਫੈਲਸੀਪੈਰਮ ਮਲੇਰੀਆ ਦੀ ਜਾਂਚ ਹੋ ਜਾਵੇ ਤਾਂ ਬਹੁਤ ਚੌਕਸੀ ਵਰਤਣ ਦੀ ਲੋੜ ਪੈਂਦੀ ਹੈ ਕਿਉਂਕਿ ਇਸ ਵਿੱਚ ਮਰੀਜ਼ ਦੀ ਹਾਲਤ ਤੇਜ਼ੀ ਨਾਲ ਵਿਗੜਨ ਤੋਂ ਰੋਕਣ ਲਈ ਤੁਰੰਤ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ।

ਰੋਕਥਾਮ ਦੇ ਉਪਾਅ : ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਲੇਰੀਆ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ ਜੋ ਕਿ ਸਾਫ਼ ਖੜ੍ਹੇ ਪਾਣੀ ਤੇ ਪੈਦਾ ਹੁੰਦਾ ਹੈ। ਪਹਿਲੀ ਗੱਲ ਤਾਂ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਘਰਾਂ ਵਿੱਚ ਅਤੇ ਆਲੇ-ਦੁਆਲੇ ਪਾਣੀ ਨਾ ਖੜਨ ਦਿੱਤਾ ਜਾਵੇ।
ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੀਆਂ ਜਾਣ। ਪਾਣੀ ਦੀਆਂ ਟੂਟੀਆਂ ਆਦਿ ਲੀਕ ਨਾ ਹੋਣ। ਕੂਲਰਾਂ ਵਿਚਲਾ ਪਾਣੀ ਹਫ਼ਤੇ ਦੇ ਅੰਦਰ ਨਿਯਮਤ ਬਦਲਿਆ ਜਾਵੇ। ਛੱਤਾਂ ਤੇ ਵਾਧੂ ਕਬਾੜ ਭਾਂਡੇ, ਟਾਇਰ ਆਦਿ ਨਾ ਰੱਖੇ ਜਾਣ। ਘਰ ਵਿੱਚ ਸਾਫ਼-ਸਫਾਈ ਦਾ ਖ਼ਾਸ ਧਿਆਨ ਰੱਖਿਆ ਜਾਵੇ।
ਮੱਛਰ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨੀਆਂ ਦੀ ਵਰਤੋਂ, ਕਮਰਿਆਂ ਦੀਆਂ ਖਿੜਕੀਆਂ ਤੇ ਜਾਲੀ ਲਗਵਾਉਣੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ, ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਹਿਨਣਾ, ਘਰ ਵਿੱਚ ਸਮੇਂ ਸਮੇਂ ਤੇ ਕੀਟਨਾਸਕ ਦਵਾਈਆਂ ਦਾ ਛਿੜਕਾਅ ਬਹੁਤ ਜ਼ਰੂਰੀ ਹੈ। ਮਲੇਰੀਆ ਵਾਲੇ ਖੇਤਰਾਂ ਵਿੱਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਇਸ ਤੋਂ ਇਲਾਵਾ ਵੱਡੀ ਪੱਧਰ ਤੇ ਲੋਕਾਂ ਵਿੱਚ ਮਲੇਰੀਆ ਬਾਰੇ ਜਾਗਰੂਕਤਾ ਅਤੇ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਜਾਣਕਾਰੀ ਵਿੱਚ ਹੀ ਇਸ ਦਾ ਬਚਾਅ ਹੈ ਜਿਸ ਨਾਲ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮਲੇਰੀਏ ਦੇ ਖਾਤਮੇ ਲਈ ਪੁਰਜੋਰ ਯਤਨ ਕਰ ਰਿਹਾ ਹੈ। ਨੈਸਨਲ ਵੈਕਟਰ ਬੋਰਨ ਡਜੀਜ਼ ਕੰਟਰੋਲਰ ਪ੍ਰੋਗਰਾਮ ਦੇ ਅੰਡਰ ਸਿਹਤ ਕਰਮਚਾਰੀ ਐਕਟਿਵ ਸਰਵੇ ਕਰਕੇ ਕੇਸਾਂ ਦੀ ਭਾਲ ਕਰਕੇ ਇਲਾਜ਼ ਮੁਹੱਈਆ ਕਰਵਾਉਂਦੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਹਨ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਕੋਰੋਨਾ ਦੇ ਨਵੇਂ ਸਟ੍ਰੇਨ ਲਈ ਕਾਰਗਰ ਹੈ 'ਗਲੋਅ', ਵਧਾਉਂਦੀ ਹੈ ਇਮਿਊਨਿਟੀ
NEXT STORY