ਨਵੀਂ ਦਿੱਲੀ (ਬਿਊਰੋ)- ਸੁੱਕੇ ਅਦਰਕ ਨੂੰ ਸੁੰਢ ਕਿਹਾ ਜਾਂਦਾ ਹੈ ਤੇ ਇਸ ਨੂੰ ਪੀਸਣ ਦੇ ਬਾਅਦ ਬਣੇ ਪਦਾਰਥ ਨੂੰ ਸੁੰਢ ਪਾਊਡਰ ਕਿਹਾ ਜਾਂਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਦਰਕ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਸੁੰਢ ਨੂੰ ਵੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਸੁੰਢ ਦੀ ਵਰਤੋਂ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ। ਸੁੰਢ ਜਾਂ ਸੁੰਢ ਦੇ ਪਾਊਡਰ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਇਸ ਦੀ ਵਰਤੋਂ ਸਰਦੀਆਂ 'ਚ ਕਰਨੀ ਜ਼ਿਆਦਾ ਫਾਇਦੇਮੰਦ ਰਹਿੰਦੀ ਹੈ। ਇਸ ਲਈ ਗਰਮੀਆਂ 'ਚ ਇਸ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਤੁਹਾਨੂੰ ਦੱਸ ਦੇਈਏ ਕਿ ਸੁੱਕੇ ਅਦਰਕ ਵਿੱਚ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਈਬਰ, ਸੋਡੀਅਮ, ਵਿਟਾਮਿਨ ਏ ਅਤੇ ਸੀ, ਜ਼ਿੰਕ, ਫੋਲੇਟ ਐਸਿਡ, ਫੈਟੀ ਐਸਿਡ ਦੇ ਗੁਣ ਪਾਏ ਜਾਂਦੇ ਹਨ। ਦੁੱਧ ਅਤੇ ਚਾਹ ਵਿੱਚ ਸੁੱਕਾ ਅਦਰਕ ਮਿਲਾ ਕੇ ਇਮਿਊਨਿਟੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਦੁੱਧ ਦੇ ਨਾਲ ਸੁੱਕੇ ਅਦਰਕ ਦਾ ਸੇਵਨ ਕਰਨਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਤਾਂ ਆਓ ਅੱਜ ਤੁਹਾਨੂੰ ਸੁੱਕੇ ਅਦਰਕ ਦੇ ਫਾਇਦੇ ਦੱਸਦੇ ਹਾਂ।
ਸੁੰਢ ਦੇ ਸੇਵਨ ਨਾਲ ਹੋਣ ਵਾਲੇ ਫ਼ਾਇਦੇ
ਜ਼ੁਕਾਮ ਦੀ ਸਮੱਸਿਆ ਕਰੇ ਦੂਰ
ਜੇ ਤੁਹਾਨੂੰ ਸਰਦੀ ਜਾਂ ਫਿਰ ਜ਼ੁਕਾਮ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਸੁੱਕੇ ਅਦਰਕ ਦੇ ਪਾਊਡਰ ਦੀ ਵਰਤੋਂ ਚਾਹ ’ਚ ਕਰ ਸਕਦੇ ਹੋ। ਇਸ ਦੀ ਦਿਨ ’ਚ ਦੋ ਵਾਰ ਵਰਤੋਂ ਕਰੋ। ਸਰਦੀ ਜ਼ੁਕਾਮ ਦੂਰ ਹੋ ਜਾਵੇਗਾ।
ਛਾਤੀ ’ਚ ਦਰਦ ਦੀ ਸਮੱਸਿਆ 'ਚ ਲਾਹੇਵੰਦ
ਜੇਕਰ ਤੁਹਾਡੀ ਛਾਤੀ ’ਚ ਦਰਦ ਹੁੰਦਾ ਹੈ ਤਾਂ ਸੁੰਢ ਦੇ ਪਾਊਡਰ ’ਚ ਨਾਰੀਅਲ ਪਾਣੀ ਅਤੇ ਖੰਡ ਮਿਲਾਓ। ਇਸ ਦੀ ਵਰਤੋਂ ਕਰਨ ਨਾਲ ਛਾਤੀ ਦਾ ਦਰਦ ਦੂਰ ਹੋ ਜਾਵੇਗਾ।
ਗਠੀਆ ਤੇ ਸੋਜ ਦੀ ਸਮੱਸਿਆ 'ਚ ਲਾਹੇਵੰਦ
ਸਰੀਰ ਦੇ ਕਿਸੇ ਵੀ ਅੰਗ ’ਚ ਸੋਜ ਦੀ ਸਮੱਸਿਆ ਰਹਿੰਦੀ ਹੈ ਤਾਂ ਇਸ ਨੂੰ ਦੂਰ ਕਰਨ ਲਈ ਸੁੰਢ ਦਾ ਪਾਊਡਰ ਬਹੁਤ ਫ਼ਾਇਦੇਮੰਦ ਹੈ। ਇਸ ਅੰਦਰ ਗਠੀਆ ਨੂੰ ਘੱਟ ਕਰਨ ਦੇ ਗੁਣ ਪਾਏ ਜਾਂਦੇ ਹਨ। ਜੇ ਤੁਹਾਨੂੰ ਵੀ ਗਠੀਆ ਦੀ ਸਮੱਸਿਆ ਹੈ ਤਾਂ ਦਿਨ ’ਚ ਇਕ ਚਮਚਾ ਸੁੰਢ ਪਾਊਡਰ ਪਾਣੀ ’ਚ ਉਬਾਲ ਕੇ ਜ਼ਰੂਰ ਪੀਓ। ਇਸ ਨਾਲ ਗੋਡਿਆਂ ’ਚ ਦਰਦ, ਜੋੜਾਂ ’ਚ ਸੋਜ ਦੂਰ ਹੋ ਜਾਵੇਗੀ। ਤੁਸੀਂ ਇਸ ਦਾ ਪੇਸਟ ਬਣਾ ਕੇ ਵੀ ਜੋੜਾਂ ਤੇ ਲਗਾ ਸਕਦੇ ਹੋ।
ਇਮਿਊਨਿਟੀ ਦੀ ਸਮੱਸਿਆ 'ਚ ਲਾਹੇਵੰਦ
ਜੇ ਤੁਹਾਨੂੰ ਇਮਿਊਨਿਟੀ ਦੀ ਸਮੱਸਿਆ ਹੈ ਅਤੇ ਤੁਸੀਂ ਵਾਰ-ਵਾਰ ਬੀਮਾਰ ਹੋ ਜਾਂਦੇ ਹੋ ਤਾਂ ਇਸ ਨੂੰ ਮਜ਼ਬੂਤ ਕਰਨ ਲਈ ਸੁੰਢ ਦਾ ਪਾਊਡਰ ਬਹੁਤ ਫ਼ਾਇਦੇਮੰਦ ਹੈ ਕਿਉਂਕਿ ਇਸ ’ਚ ਕੈਂਪਸਾਏਸੀਨ ਅਤੇ ਕਰਕਿਊਮਿਨ ਜਿਹੇ ਐਂਟੀ-ਆਕਸੀਡੈਂਟ ਤੱਤ ਪਾਏ ਜਾਂਦੇ ਹਨ। ਜਿਸ ਨਾਲ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ। ਇਸ ਲਈ ਇਮਿਊਨਿਟੀ ਦੀ ਸਮੱਸਿਆ ਹੋਣ ਤੇ ਸੁੰਢ ਦੀ ਵਰਤੋਂ ਜ਼ਰੂਰ ਕਰੋ।
ਢਿੱਡ ਤੇ ਪਾਚਨ ਦੀਆਂ ਸਮੱਸਿਆ ਕਰੇ ਦੂਰ
ਆਯੁਰਵੇਦ ਵਿੱਚ, ਸੁੰਢ ਦੇ ਪਾਊਡਰ ਦੀ ਵਰਤੋਂ ਪੁਰਾਣੀ ਬਦਹਜ਼ਮੀ, ਪੇਟ ਦਰਦ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਇਹ ਪਾਚਨ ਕਿਰਿਆ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਵਿੱਚ ਬਹੁਤ ਮਦਦ ਕਰਦੀ ਹੈ।
ਸ਼ੂਗਰ ਦੀ ਸਮੱਸਿਆ 'ਚ ਲਾਹੇਵੰਦ
ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ ਲਈ ਸੁੰਢ ਦਾ ਪਾਊਡਰ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਨਮਕ ਦੇ ਨਾਲ ਦੋ ਗ੍ਰਾਮ ਸੁੰਢ ਦਾ ਪਾਊਡਰ ਮਿਲਾ ਕੇ ਵਰਤੋਂ ਕਰੋ। ਇਸ ਦੀ ਵਰਤੋਂ ਤੁਸੀਂ ਪਾਣੀ ਦੇ ਨਾਲ ਵੀ ਕਰ ਸਕਦੇ ਹੋ। ਜੇਕਰ ਖਾਲੀ ਢਿੱਡ ਕਰਦੇ ਹੋ ਤਾਂ ਇਸ ਦਾ ਅਸਰ ਜਲਦੀ ਦੇਖਣ ਨੂੰ ਮਿਲੇਗਾ।
ਸਰੀਰ ਦੇ ਵਧੇ ਭਾਰ ਨੂੰ ਕਰੇ ਘੱਟ
ਸੁੰਢ ਦੇ ਪਾਊਡਰ ਨਾਲ ਭਾਰ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਤੁਸੀਂ ਗਰਮ ਪਾਣੀ ’ਚ ਅੱਧਾ ਚਮਚ ਸੁੰਢ ਮਿਲਾ ਕੇ ਕਾੜ੍ਹਾ ਤਿਆਰ ਕਰ ਲਓ ਅਤੇ ਇਸ ਨੂੰ ਸਵੇਰੇ ਖਾਲੀ ਢਿੱਡ ਪੀਓ। ਇਸ ਨਾਲ ਸਰੀਰ ਦੀ ਵਾਧੂ ਚਰਬੀ ਦੂਰ ਹੋ ਜਾਵੇਗੀ ਅਤੇ ਸਰੀਰ ਫਿੱਟ ਹੋ ਜਾਵੇਗਾ।
ਇਨ੍ਹਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਹੈ ਸੁੰਢ ਦਾ ਸੇਵਨ
1. ਜੇਕਰ ਤੁਸੀਂ ਸੁੰਢ ਦੀ ਵਰਤੋਂ ਜ਼ਿਆਦਾ ਮਾਤਰਾ ’ਚ ਕਰਦੇ ਹੋ ਤਾਂ ਇਹ ਦਿਲ ਦੀ ਸਿਹਤ ਲਈ ਚੰਗਾ ਨਹੀਂ ਹੈ। ਇਸ ਦੇ ਨਾਲ ਢਿੱਡ ’ਚ ਜਲਣ, ਮੂੰਹ ’ਚ ਜਲਣ ਅਤੇ ਦਸਤ ਜਿਹੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਜੇ ਤੁਹਾਨੂੰ ਵੀ ਇਨ੍ਹਾਂ ’ਚ ਕੋਈ ਵੀ ਸਮੱਸਿਆ ਹੈ ਤਾਂ ਸੁੰਢ ਦੀ ਘੱਟ ਤੋਂ ਘੱਟ ਵਰਤੋਂ ਕਰੋ।
2. ਸੁੰਢ ਦੀ ਜ਼ਿਆਦਾ ਵਰਤੋਂ ਕਰਨ ਨਾਲ ਦਿਲ ਦੀ ਧੜਕਣ ਵਧ ਜਾਂਦੀ ਹੈ ਅਤੇ ਇਸ ਨਾਲ ਐਲਰਜੀ ਵੀ ਹੋ ਸਕਦੀ ਹੈ। ਜੇ ਤੁਹਾਡੀ ਵੀ ਦਿਲ ਦੀ ਧੜਕਣ ਵਧਦੀ ਹੈ ਤਾਂ ਸੁੰਢ ਦੀ ਵਰਤੋਂ ਘੱਟ ਤੋਂ ਘੱਟ ਜਾਂ ਫਿਰ ਬਿਲਕੁਲ ਵੀ ਨਾ ਕਰੋ। ਖ਼ੂਨ ਪਤਲਾ ਕਰਨ ਵਾਲੀ ਦਵਾਈ ਲੈਣ ਵਾਲੇ ਲੋਕਾਂ ਨੂੰ ਵੀ ਸੁੰਢ ਦੀ ਵਰਤੋਂ ਘੱਟ ਜਾਂ ਫਿਰ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ’ਚ ਖ਼ੂਨ ਪਤਲਾ ਕਰਨ ਦੇ ਗੁਣ ਹੁੰਦੇ ਹਨ।
3. ਪੱਥਰੀ ਦੀ ਸਮੱਸਿਆ ਹੋਣ ਤੇ ਸੁੰਢ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇਨ੍ਹਾਂ ਦੇਸੀ ਨੁਸਖ਼ਿਆਂ ਨਾਲ ਘਰ ’ਚ ਹੀ ਪਾਓ ‘ਕੋਰੀਅਨ ਗਲਾਸ ਸਕਿਨ’, ਚਮਕਦਾਰ ਤੇ ਨਰਮ ਬਣੇਗੀ ਚਮੜੀ
NEXT STORY