ਗੜ੍ਹਸ਼ੰਕਰ (ਬ੍ਰਹਮਪੁਰੀ) : ਇਲਾਕੇ ਵਿੱਚ ਰਾਜ ਕਰਦੀ ਧਿਰ ਦੇ ਨੁਮਾਂਇੰਦਿਆਂ ਵੱਲੋਂ ਕਥਿਤ ਤੌਰ ‘ਤੇ ਪੁਲਸ ਦੇ ਦਬਾਅ ਹੇਠ ਇਲਾਕੇ ਦੇ ਲੋਕਾਂ ਨਾਲ ਕੀਤੇ ਜਾ ਰਹੇ ਜਬਰ ਅਤੇ ਇਲਾਕੇ ਵਿੱਚ ਵੱਧ ਰਹੀਆਂ ਬੇਨਿਯਮੀਆਂ ਦੇ ਵਿਰੋਧ ਵਿੱਚ ਅੱਜ ਖੱਬੇ ਪੱਖੀ ਧਿਰਾਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਲੋਕਾਂ ਵੱਲੋਂ ਕੜਾਕੇ ਦੀ ਠੰਡ ਵਿੱਚ ਡੀਐੱਸਪੀ ਦਫ਼ਤਰ ਦੇ ਮੂਹਰੇ ਭਰਵਾਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬੁਲਾਰਿਆਂ ਨੇ ਸਥਾਨਕ ਪੁਲਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਤਕਰੀਰਾਂ ਕਰਦਿਆਂ ਕਿਹਾ ਕਿ ਗੜ੍ਹਸ਼ੰਕਰ ਇਲਾਕੇ ਵਿੱਚ ਨਜਾਇਜ਼ ਖਣਨ, ਲੁੱਟ ਖੋਹ, ਕਤਲ ਅਤੇ ਨਸ਼ੇਖੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ ਜਦਕਿ ਪੁਲਸ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੀ ਥਾਂ ਰਾਜਸੀ ਲੀਡਰਾਂ ਦੇ ਦਬਾਅ ਹੇਠਾਂ ਆਮ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਧਰਨੇ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ, ਕਾਮਰੇਡ ਗੁਰਨੇਕ ਸਿੰਘ ਭੱਜਲ, ਰਾਮਜੀ ਦਾਸ ਚੌਹਾਨ ਨੇ ਕਿਹਾ ਕਿ ਪੁਲਸ ਨੇ ਬੀਤ ਇਲਾਕੇ ਦੇ ਪਿੰਡ ਰਤਨਪੁਰ, ਕਾਣੇਵਾਲ ਅਤੇ ਕੋਟ ਵਿੱਚ ਕੁਝ ਲੋਕਾਂ ਵਿਰੁੱਧ ਰਾਜਸੀ ਦਬਾਅ ਹੇਠਾਂ ਝੂਠੇ ਕੇਸ ਦਰਜ ਕੀਤੇ ਹਨ ਜਿਸਦੇ ਵਿਰੋਧ ਵਿੱਚ ਪੂਰਾ ਬੀਤ ਇਲਾਕਾ ਇਕਜੁੱਟਤਾ ਨਾਲ ਸੰਘਰਸ਼ ਦੇ ਰਸਤੇ ਤੁਰ ਪਿਆ ਹੈ।
ਬੁਲਾਰਿਆਂ ਨੇ ਕਿਹਾ ਕਿ ਇਲਾਕੇ ਵਿੱਚ ਦਿਨ ਰਾਤ ਨਜਾਇਜ਼ ਖਣਨ ਹੋ ਰਹੀ ਹੈ, ਲੁੱਟ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਤੇ ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਇਸ ਪਾਸੇ ਅੱਖਾਂ ਬੰਦ ਕਰੀ ਬੈਠਾ ਹੈ। ਇਸ ਮੌਕੇ ਕਾਮਰੇਡ ਕੁਲਭੂਸ਼ਣ ਮਹਿੰਦਵਾਣੀ, ਮਹਿੰਦਰ ਸਿੰਘ ਬੱਢੋਆਣ, ਬੀਬੀ ਸੁਭਾਸ਼ ਮੱਟੂ ਨੇ ਕਿਹਾ ਕਿ ਇਲਾਕੇ ਵਿੱਚ ਵਿਕਾਸ ਦਾ ਕੋਈ ਕੰਮ ਨਹੀਂ ਹੋ ਰਿਹਾ, ਪਿੰਡਾਂ ਦੀਆਂ ਖਸਤਾ ਹਾਲ ਲਿੰਕ ਸੜਕਾਂ ਦੀ ਹਾਲਤ ਹੋਰ ਬਦਤਰ ਹੋ ਚੁੱਕੀ ਹੈ ਅਤੇ ਸ਼ਹਿਰ ਵਿੱਚ ਬਾਈਪਾਸ ਦੇ ਨਾਮ ‘ਤੇ ਸੱਤਾਧਾਰੀ ਧਿਰ ਦੇ ਆਗੂ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਣਨ ਮਾਫੀਆ ਵੱਲੋਂ ਰਾਜਸੀ ਸ਼ਹਿ ਨਾਲ ਮਾਈਨਿੰਗ ਦੇ ਕੰਮ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ ਅਤੇ ਬੀਤ ਇਲਾਕੇ ਦਾ ਜੰਗਲ ਅਤੇ ਕੁਦਰਤੀ ਧਰੋਹਰ ਦੀ ਨਜਾਇਜ਼ ਚੁਕਾਈ ਕੀਤੀ ਜਾ ਰਹੀ ਹੈ ਜਿਸ ਕਰਕੇ ਲੋਕਾਂ ਵਿੱਚ ਪ੍ਰਸ਼ਾਸਨ ਦੇ ਖ਼ਿਲਾਫ਼ ਵੱਡਾ ਰੋਸ ਹੈ।
ਬੁਲਾਰਿਆਂ ਨੇ ਮੰਗ ਕੀਤੀ ਕਿ ਰਤਨਪੁਰ ਤੇ ਕਾਣੇਵਾਲ ਦੇ ਲੋਕਾਂ ਵਿਰੁੱਧ ਨਜਾਇਜ਼ ਕੀਤੇ ਪਰਚੇ ਰੱਦ ਕੀਤੇ ਜਾਣ ਅਤੇ ਇਲਾਕੇ ਵਿੱਚ ਅਮਨ ਕਾਨੂੰਨ ਦੀ ਹਾਲਤ ਬਹਾਲ ਕੀਤੀ ਜਾਵੇ। ਇਸ ਮੌਕੇ ਹੋਰ ਬੁਲਾਰਿਆਂ ਨੇ ਵੀ ਡੀਐੱਸਪੀ, ਐੱਸਐੱਚਓ ਗੜ੍ਹਸ਼ੰਕਰ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਆਮ ਲੋਕਾਂ ਨਾਲ ਕੀਤੀ ਜਾਂਦੀ ਕਥਿਤ ਧੱਕੇਸ਼ਾਹੀ ਦੀਆਂ ਮਿਸਾਲਾਂ ਦਿੱਤੀਆਂ ਅਤੇ ਪ੍ਰਸਾਸ਼ਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਰੋਸ ਧਰਨੇ ਦੌਰਾਨ ਐੱਸਪੀ ਮੇਜਰ ਸਿੰਘ ਮੌਕੇ 'ਤੇ ਪੁੱਜੇ ਅਤੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਦਰਜ ਹੋਏ ਪੁਲਸ ਕੇਸਾਂ ਬਾਰੇ ਉਹ ਖੁਦ ਪੜਤਾਲ ਕਰਨਗੇ ਅਤੇ ਕਿਸੇ ਵੀ ਨਿਰਦੋਸ਼ ਧਿਰ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਧਰਨਾਕਾਰੀ ਆਗੂਆਂ ਨੂੰ ਧਰਨਾ ਖਤਮ ਕਰਨ ਦੀ ਅਪੀਲ ਕੀਤੀ। ਇਸ ਭਰੋਸੇ ਪਿੱਛੋਂ ਪ੍ਰਦਰਸ਼ਨਕਾਰੀਆਂ ਨੇ ਧਰਨਾ ਖਤਮ ਕੀਤਾ। ਰੋਸ ਪ੍ਰਦਰਸ਼ਨ ਮੌਕੇ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਔਰਤਾਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਜਪਾ ਦੇਸ਼ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ: ਸੁਖਜਿੰਦਰ ਸਿੰਘ ਰੰਧਾਵਾ
NEXT STORY