ਹੁਸ਼ਿਆਰਪੁਰ (ਘੁੰਮਣ): ਭਾਜਪਾ ਦੇਸ਼ ਨੂੰ ਖ਼ਤਮ ਕਰਨ ਤੇ ਤੁਲੀ ਹੋਈ ਹੈ ਤੇ ਅਮੀਰਾਂ ਨੂੰ ਲਾਭ ਪਹੁੰਚਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਉਪ-ਮੁੱਖ ਮੰਤਰੀ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਹੁਸ਼ਿਆਰਪੁਰ ਕਾਂਗਰਸ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਮਨਰੇਗਾ ਯੋਜਨਾ ਦਾ ਨਾਮ ਬਦਲਣ ਨੂੰ ਲੈ ਕੇ ਤਿੱਖੀ ਨਿਖੇਦੀ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਮਨਰੇਗਾ ਦਾ ਬਿੱਲ ਸੰਸਦ ਵਿੱਚ ਲੈ ਕੇ ਆਈ ਅਤੇ ਉਸ ਨੂੰ ਦੋ ਦਿਨਾਂ ਵਿੱਚ ਪਾਸ ਕਰਵਾ ਦਿੱਤਾ। ਐਤਵਾਰ ਨੂੰ ਹੀ ਉਸ ਨੂੰ ਕਾਨੂੰਨ ਬਣਾ ਦਿੱਤਾ ਗਿਆ। ਕਾਂਗਰਸ ਦੇ ਸ਼ਾਸਨ ਵਿਚ ਲੋਕਾਂ ਨੂੰ ‘ਰਾਈਟ ਟੂ ਵਰਕ` ਦਿੱਤਾ ਗਿਆ ਸੀ, ਜਿਸ ਨੂੰ ਮੌਲਿਕ ਅਧਿਕਾਰ ਬਣਾ ਕੇ ਲਾਗੂ ਕੀਤਾ ਗਿਆ ਸੀ। ਪਰ ਹੁਣ ਕੇਂਦਰ ਸਰਕਾਰ ਨੇ ਇਸ ਨੂੰ ਸਾਧਾਰਨ ਅਧਿਕਾਰ ਵਿੱਚ ਤਬਦੀਲ ਕਰ ਦਿੱਤਾ ਹੈ। ਪਹਿਲਾਂ ਜੋ ਮੰਗ ਹੁੰਦੀ ਸੀ ਕਿ ਪਿੰਡ ਨੂੰ ਜੋ ਕੰਮ ਕਰਵਾਉਣਾ ਹੋਵੇਗਾ, ਭਾਰਤ ਸਰਕਾਰ ਉਸ ਦੇ ਹਿਸਾਬ ਨਾਲ ਬਜਟ ਪ੍ਰਦਾਨ ਕਰੇਗੀ। ਹੁਣ ਕੇਂਦਰ ਸਰਕਾਰ ਬਜਟ ਪਹਿਲਾਂ ਅਲਾਟ ਕਰੇਗੀ ਅਤੇ ਉਹ ਦੱਸੇਗੀ ਕਿ ਤੁਹਾਨੂੰ ਕਿਹੜੇ-ਕਿਹੜੇ ਕੰਮ ਕਰਨੇ ਹਨ। ਇਸ ਵਿੱਚ ਪਿੰਡ ਅਤੇ ਰਾਜ ਸਰਕਾਰ ਦੀ ਕੋਈ ਭੂਮਿਕਾ ਨਹੀਂ ਰਹਿ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਉਨ੍ਹਾਂ ਨੇ ਮਨਰੇਗਾ ਤਹਿਤ ਸੂਬੇ ਦੇ ਕਈ ਹਿੱਸਿਆਂ ਦਾ ਬਹੁਤ ਵਿਕਾਸ ਕੀਤਾ। ਉਨ੍ਹਾਂ ਕੇਂਦਰ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਇਸ ਤੋਂ ਪਹਿਲਾਂ ‘ਬਾਰਡਰ ਏਰੀਆ ਡਿਵੈਲਪਮੈਂਟ ਯੋਜਨਾ ਚਲਾਈ ਸੀ, ਜਿਸ ਨੂੰ ਵੀ 2022 ਵਿੱਚ ਬੰਦ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਪ੍ਰਧਾਨ ਮੰਤਰੀ ਸੜਕ ਯੋਜਨਾ ਵਿਚ ਵੀ ਤਬਦੀਲੀ ਕੀਤੀ ਗਈ ਹੈ। ਹੁਣ ਕਿਸੇ ਪਿੰਡ ਦੀ ਨਵੀਂ ਲਿੰਕ ਸੜਕ ਲਈ ਹੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਪੁਰਾਣੀਆਂ ਲਿੰਕ ਸੜਕਾਂ ਨੂੰ ਚੌੜਾ ਕਰਨ ਜਾਂ ਮੁਰੰਮਤ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ‘ਵਿਕਸਿਤ ਭਾਰਤ ਜੀ ਰਾਮ ਜੀ` ਯੋਜਨਾ ਨੂੰ ਵਿਕਾਸ ਲਈ ਜ਼ਰੂਰੀ ਦੱਸ ਰਹੀ ਹੈ, ਪਰ ਵਿਕਾਸ ਤਾਂ ਉਦੋਂ ਹੋਵੇਗਾ ਜਦੋਂ ਕਿਸੇ ਨੂੰ ਕੰਮ ਮਿਲੇਗਾ। ਸੂਬੇ ਵਿਚ 13,700 ਦੇ ਕਰੀਬ ਪੰਚਾਇਤਾਂ ਹਨ ਪਰ ਉਨ੍ਹਾਂ ਵਿੱਚੋਂ ਸਿਰਫ਼ 5200 ਪੰਚਾਇਤਾਂ ਦਾ ਹੀ ਆਡਿਟ ਕਰਵਾਇਆ ਜਾ ਸਕਿਆ, ਜਿਸ ਤੋਂ ਪਤਾ ਲੱਗਾ ਕਿ ਸਿਰਫ਼ 27% ਲੋਕਾਂ ਨੂੰ ਹੀ ਕੰਮ ਮਿਲਿਆ ਹੈ। ਸਰਕਾਰ ਨੇ ਇਸ ਯੋਜਨਾ ਨੂੰ ਲਾਗੂ ਕਰਦੇ ਹੋਏ ਦੱਸਿਆ ਕਿ ਵਿਕਸਿਤ ਭਾਰਤ ਲਈ ਪਿੰਡਾਂ ਵਿੱਚ ਆਮ ਇਜਲਾਸ ਬੁਲਾਇਆ ਜਾਵੇ, ਪਰ ਬਿਨਾਂ ਇਜਲਾਸ ਬੁਲਾਏ ਹੀ ਇਸ ਯੋਜਨਾ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਜੋ 125 ਦਿਨ ਕੰਮ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚੋਂ ਖੇਤੀਬਾੜੀ ਨਾਲ ਸਬੰਧਤ 60 ਦਿਨਾਂ ਨੂੰ ਕੱਢ ਦਿੱਤਾ ਗਿਆ ਹੈ। ਮੋਦੀ ਸਰਕਾਰ ਨੇ 1635 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿੱਤੇ ਹਨ, ਇਸ ਨਾਲ ਕਾਫ਼ੀ ਕੰਮ ਕਰਵਾਇਆ ਜਾ ਸਕਦਾ ਸੀ। ਅਜਿਹਾ ਲੱਗਦਾ ਹੈ ਕਿ ਸਰਕਾਰ ਦੀ ਮਨਸ਼ਾ ਗਰੀਬੀ ਨਹੀਂ, ਸਗੋਂ ਗਰੀਬ ਨੂੰ ਖਤਮ ਕਰਨਾ ਹੈ, ਇਸ ਨਾਲ 28 ਕਰੋੜ ਪਰਿਵਾਰ ਪ੍ਰਭਾਵਿਤ ਹੋਣਗੇ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਨੇ ਓਸਾਮਾ ਬਿਨ ਲਾਦੇਨ ਨੂੰ ਮਾਰਿਆ ਸੀ ਤਾਂ ਉਸ ਦਾ ਲਾਈਵ ਟੈਲੀਕਾਸਟ ਕੀਤਾ ਸੀ, ਪਰ ਭਾਰਤ ਸਰਕਾਰ ‘ਆਪ੍ਰੇਸ਼ਨ ਸਿੰਦੂਰ` ਬਾਰੇ ਇਹ ਵੀ ਨਹੀਂ ਦੱਸ ਰਹੀ ਕਿ ਉਸ ਨੇ ਪਾਕਿਸਤਾਨ ਵਿੱਚ ਕਿੰਨੇ ਅੱਤਵਾਦੀ ਮਾਰੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਭਗਵਾਨ ਰਾਮ ਦੇ ਨਾਮ ਤੋਂ ਕੋਈ ਤਕਲੀਫ਼ ਨਹੀਂ ਹੈ। ਭਗਵਾਨ ਰਾਮ ਨੂੰ ਕੌਣ ਨਹੀਂ ਮੰਨਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 1600 ਵਾਰ ਭਗਵਾਨ ਰਾਮ ਦਾ ਨਾਮ ਆਉਂਦਾ ਹੈ। ਸੂਬੇ ਵਿੱਚ ਆਏ ਦਿਨ ਹੋ ਰਹੀ ਗੈਂਗਵਾਰ ਅਤੇ ਫਾਇਰਿੰਗ ਸਬੰਧੀ ਪੁੱਛੇ ਜਾਣ `ਤੇ ਉਨ੍ਹਾਂ ਕਿਹਾ ਕਿ ਜਿਸ ਸੂਬੇ ਦਾ ਮੁੱਖ ਮੰਤਰੀ ਨਾਨ-ਸੀਰੀਅਸ ਹੋਵੇ, ਉਸ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗੈਂਗਵਾਰ ਨੂੰ ਲੈ ਕੇ ਮੁੱਖ ਮੰਤਰੀ ਨੇ ਕਦੇ ਵੀ ਪੱਤਰਕਾਰ ਸੰਮੇਲਨ ਨਹੀਂ ਕੀਤਾ। ਸਾਡੇ ਸੂਬੇ ਦਾ ਡੀ.ਜੀ.ਪੀ. ਵੀ ਐਡਹਾਕ `ਤੇ ਹੈ, ਅਜਿਹੇ ਵਿਚ ਉਹ ਅੱਤਵਾਦ ਨੂੰ ਕਿਵੇਂ ਖਤਮ ਕਰ ਪਾਵੇਗਾ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਇੱਕ ਵਿਜੀਲੈਂਸ ਐੱਸ.ਪੀ. ਨੂੰ ਮੁਅੱਤਲ ਕੀਤਾ ਗਿਆ, ਜਿਸ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਉੱਥੇ ਰਿਸ਼ਵਤ ਦਾ ਮਾਮਲਾ ਚੱਲ ਰਿਹਾ ਸੀ। ਕੀ ਇਹ ਸਭ ਕੁਝ ਸਰਕਾਰ ਨੂੰ ਪਹਿਲਾਂ ਨਹੀਂ ਪਤਾ ਸੀ?
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਕੋਈ ਲੜਾਈ ਨਹੀਂ ਹੈ। ਕਾਂਗਰਸ ਵਿਚ ਮੁੱਖ ਮੰਤਰੀ ਪਾਰਟੀ ਹਾਈ ਕਮਾਂਡ ਤੈਅ ਕਰਦੀ ਹੈ। ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਜਾਣ `ਤੇ ਉਨ੍ਹਾਂ ਕਿਹਾ ਕਿ ਜੋ ਵਿਅਕਤੀ ਕਾਂਗਰਸ ਵਿਚ ਨਹੀਂ ਹੈ, ਉਸ ਬਾਰੇ ਕੋਈ ਗੱਲ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਨਵੇਂ ਚਿਹਰਿਆਂ ਨੂੰ ਵਿਧਾਨ ਸਭਾ ਚੋਣਾਂ ਵਿਚ ਟਿਕਟ ਦੇਣ ਦੀ ਗੱਲ ਤਾਂ ਸਹੀ ਹੈ, ਪਰ ਪੁਰਾਣੇ ਚਿਹਰਿਆਂ ਨੂੰ ਵੀ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਇਕ ਪਾਰਟੀ ਤੋਂ ਦੂਜੀ ਪਾਰਟੀ ਵਿਚ ਆਉਣਾ ਤਾਂ ਆਮ ਗੱਲ ਹੈ, ਪਰ ਜੋ ਲੋਕ ਦੂਜੀ ਪਾਰਟੀ ਤੋਂ ਆਉਂਦੇ ਹਨ, ਉਨ੍ਹਾਂ ਨੂੰ ਮੰਤਰੀ ਜਾਂ ਵਿਧਾਇਕ ਜ਼ਰੂਰ ਬਣਾ ਦੇਣਾ ਚਾਹੀਦਾ ਹੈ ਪਰ ਸੰਗਠਨ ਵਿੱਚ ਕੋਈ ਅਹੁਦਾ ਨਹੀਂ ਦੇਣਾ ਚਾਹੀਦਾ। ਇਹ ਉਨ੍ਹਾਂ ਦੀ ਨਿੱਜੀ ਰਾਏ ਹੈ। ਕਾਂਗਰਸ ਮਨਰੇਗਾ ਖਿਲਾਫ 5 ਤਰੀਕ ਤੋਂ ਅੰਦੋਲਨ ਸ਼ੁਰੂ ਕਰ ਰਹੀ ਹੈ।
ਮੌਕੇ `ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਬਕਾ ਵਿਧਾਇਕ ਪਵਨ ਆਦੀਆ, ਅਮਰਪਾਲ ਸਿੰਘ ਕਾਕਾ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਮੁਕੇਰੀਆਂ, ਸਾਬਕਾ ਵਿਧਾਇਕ ਇੰਦੂ ਬਾਲਾ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਮਿੱਕੀ ਡੋਗਰਾ, ਅਮਰਪ੍ਰੀਤ ਲਾਲੀ, ਐਡਵੋਕੇਟ ਰੋਹਿਤ ਜੋਸ਼ੀ, ਬਿੱਟੂ, ਸੁਰਿੰਦਰ ਸਿੱਧੂ, ਰਮਨ ਕਪੂਰ, ਗੁਰਮੀਤ ਸਿੱਧੂ ਆਦਿ ਵੀ ਹਾਜ਼ਰ ਸਨ।
ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਸਹਿਮੇ ਨੌਜਵਾਨ ਨੇ ਫ਼ਾਹਾ ਲੈ ਕੇ ਦੇ ਦਿੱਤੀ ਜਾਨ! 2 ਗ੍ਰਿਫ਼ਤਾਰ
NEXT STORY