ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਪ੍ਰਤੀ ਬਹੁਤ ਸਖ਼ਤ ਰੁਖ਼ ਦਿਖਾ ਰਹੇ ਹਨ। ਇਸ ਦੇ ਤਹਿਤ ਅਮਰੀਕਾ ਦੀ ਨਾਗਰਿਕ ਹੋਣ ਦੇ ਬਾਵਜੂਦ 2 ਸਾਲ ਦੀ ਮਾਸੂਮ ਬੱਚੀ ਨੂੰ ਡਿਪੋਰਟ ਕਰ ਦਿੱਤਾ ਗਿਆ ਅਤੇ ਬੱਚੀ ਨੂੰ ਉਸਦੀ ਮਾਂ ਨਾਲ ਹੋਂਡੂਰਾਸ ਭੇਜ ਦਿੱਤਾ ਗਿਆ। ਇਸ ਕਾਰਵਾਈ ਮਗਰੋਂ ਲੁਈਸਿਆਨਾ ਦੇ ਫੈਡਰਲ ਜੱਜ, ਟਰੰਪ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ। ਜ਼ਿਲ੍ਹਾ ਜੱਜ ਟੈਰੀ ਡਾਓਟੀ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਟਰੰਪ ਸਰਕਾਰ ਨੇ 2 ਸਾਲ ਦੀ ਬੱਚੀ ਨੂੰ ਡਿਪੋਰਟ ਕਰਦਿਆਂ ਉਸ ਦੇ ਸੰਵਿਧਾਨਕ ਹੱਕਾਂ ਨੂੰ ਛਿੱਕੇ ਟੰਗਿਆ ਅਤੇ ਕੋਈ ਅਰਥਪੂਰਨ ਪ੍ਰਕਿਰਿਆ ਨਹੀਂ ਅਪਣਾਈ ਗਈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਬੀਤੇ ਮੰਗਲਵਾਰ ਨੂੰ ਦੋ ਸਾਲ ਦੀ ਬੱਚੀ, ਉਸ ਦੀ ਮਾਂ ਅਤੇ 11 ਸਾਲ ਦੀ ਭੈਣ ਨਿਊ ਓਰਲੀਨਜ਼ ਵਿਖੇ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਦਫ਼ਤਰ ਪੁੱਜੇ, ਜਿੱਥੇ ਉਨ੍ਹਾਂ ਨੂੰ ਹਿਰਾਸਤ ਵਿਚ ਲੈਂਦਿਆਂ ਡਿਪੋਰਟ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਕਤਾਰ ਵਿਚ ਖੜ੍ਹਾ ਕਰ ਦਿੱਤਾ ਗਿਆ।
ਜੱਜ ਨੇ ਸੁਣਾ ਦਿੱਤੀਆਂ ਖਰੀਆਂ-ਖਰੀਆਂ
ਬੱਚੀ ਦਾ ਪਿਤਾ ਅਮਰੀਕਾ ਵਿਚ ਮੌਜੂਦ ਹੈ ਜਿਸ ਵੱਲੋਂ ਤੁਰੰਤ ਕਸੱਟਡੀ ਹਾਸਲ ਕਰਨ ਲਈ ਐਮਰਜੈਂਸੀ ਪਟੀਸ਼ਨ ਦਾਖਲ ਕੀਤੀ ਗਈ। ਪਿਤਾ ਨੇ ਦਾਅਵਾ ਕੀਤਾ ਕਿ ਬੱਚੀ ਨੂੰ ਬਗੈਰ ਕਿਸੇ ਕਾਰਨ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਬੁਨਿਆਦੀ ਹੱਕਾਂ ਦੀ ਸਿੱਧੇ ਤੌਰ ’ਤੇ ਉਲੰਘਣਾ ਕੀਤੀ ਜਾ ਰਹੀ ਹੈ। ਸੁਣਵਾਈ ਦੌਰਾਨ ਵਕੀਲਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੁਵੱਕਲ ਨੂੰ ਬੱਚੀ ਦੀ ਮਾਂ ਨਾਲ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਸੀ ਦਿੱਤੀ ਜਾ ਰਹੀ ਪਰ ਬਾਅਦ ਵਿਚ ਸਿਰਫ਼ ਇਕ ਮਿੰਟ ਮੁਲਾਕਾਤ ਦੀ ਛੋਟ ਦਿਤੀ ਗਈ। ਇਕ ਮਿੰਟ ਵਿਚ ਬੱਚੀ ਦੇ ਮਾਪੇ ਕਿੰਨੀ ਗੱਲ ਕਰ ਸਕਦੇ ਸਨ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਪ੍ਰਸ਼ਾਸਨ ਨੇ ਵਿਦਿਆਰਥੀ ਵੀਜ਼ਾ ਰੱਦ ਕਰਨ 'ਤੇ ਲਗਾਈ ਰੋਕ
ਉਧਰ ਅਮਰੀਕਾ ਸਰਕਾਰ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਮਾਂ ਆਪਣੀ ਬੱਚੀ ਨੂੰ ਨਾਲ ਲਿਜਾਣਾ ਚਾਹੁੰਦੀ ਸੀ। ਵਕੀਲਾਂ ਨੇ ਆਪਣੇ ਇਸ ਦਾਅਵੇ ਦੀ ਹਮਾਇਤ ਵਿਚ ਮਾਂ ਵੱਲੋਂ ਲਿਖਿਆ ਇਕ ਪੱਤਰ ਅਦਾਲਤ ਵਿਚ ਪੇਸ਼ ਕੀਤਾ ਪਰ ਇਸ ਦੀ ਸੱਚਾਈ ਪਰਖੀ ਜਾਣੀ ਬਾਕੀ ਹੈ। ਫੈਡਰਲ ਜੱਜ ਟੈਰੀ ਡਾਓਟੀ ਨੇ ਕਿਹਾ ਕਿ ਸਰਕਾਰ ਸਭ ਕੁਝ ਠੀਕ-ਠਾਕ ਹੋਣ ਦਾ ਦਾਅਵਾ ਕਰ ਰਹੀ ਹੈ ਕਿਉਂਕਿ ਮਾਂ ਨੇ ਆਪਣੀ ਬੱਚੀ ਨੂੰ ਡਿਪੋਰਟ ਕੀਤੇ ਜਾਣ ਦੀ ਇੱਛਾ ਜ਼ਾਹਰ ਕੀਤੀ ਪਰ ਅਦਾਲਤ ਨੂੰ ਨਹੀਂ ਪਤਾ ਕਿ ਇਹ ਦਾਅਵਾ ਕਿੰਨਾ ਸੱਚਾ ਅਤੇ ਕਿੰਨਾ ਝੂਠਾ ਹੈ। ਡਾਓਟੀ ਨੇ ਸ਼ੁੱਕਰਵਾਰ ਨੂੰ ਮਾਮਲਾ ਆਪਣੇ ਹੱਥਾਂ ਵਿਚ ਲੈਂਦਿਆਂ ਹਰ ਪਹਿਲੂ ਦੀ ਬਾਰੀਕੀ ਨਾਲ ਤਹਿਕੀਕਾਤ ਕਰਵਾਉਣ ਦੇ ਸੰਕੇਤ ਦਿਤੇ।
ਯੂ.ਐਸ. ਸਿਟੀਜ਼ਨ ਵੀ ਸੁਰੱਖਿਅਤ ਨਹੀਂ
ਇੱਥੇ ਦੱਸਣਾ ਬਣਦਾ ਹੈ ਕਿ ਅਦਾਲਤ ਵਿਚ ਜਦੋਂ ਸੁਣਵਾਈ ਚੱਲ ਰਹੀ ਸੀ ਤਾਂ 2 ਸਾਲ ਦੀ ਬੱਚੀ, ਉਸ ਦੀ ਭੈਣ ਅਤੇ ਮਾਂ ਨੂੰ ਲਿਜਾ ਰਿਹਾ ਜਹਾਜ਼ ਮੈਕਸੀਕੋ ਦੀ ਖਾੜੀ ਉਪਰੋਂ ਲੰਘ ਰਿਹਾ ਸੀ ਅਤੇ ਟਰੰਪ ਸਰਕਾਰ ਦੇ ਵਕੀਲਾਂ ਨੇ ਅਦਾਲਤ ਨੂੰ ਜਾਣੂ ਕਰਵਾਇਆ ਗਿਆ ਕਿ ਫਿਲਹਾਲ ਬੱਚੀ ਦੀ ਮਾਂ ਨਾਲ ਗੱਲ ਕਰਨੀ ਸੰਭਵ ਨਹੀਂ। ਇਸ ਮਗਰੋਂ ਜੱਜ ਸਾਹਿਬ ਨੇ ਮਾਮਲੇ ਦੀ ਸੁਣਵਾਈ 16 ਮਈ ਤੱਕ ਮੁਲਤਵੀ ਕਰ ਦਿਤੀ। ਹੈਰਾਨੀ ਇਸ ਗੱਲ ਦੀ ਹੈ ਕਿ ਬਤੌਰ ਫੈਡਰਲ ਜੱਜ ਟੈਰੀ ਡਾਓਟੀ ਦੀ ਨਿਯੁਕਤੀ ਡੋਨਾਲਡ ਟਰੰਪ ਵੱਲੋਂ 2017 ਵਿਚ ਕੀਤੀ ਗਈ ਤੇ ਉਹ ਰਾਸ਼ਟਰਪਤੀ ਦੇ ਹੱਕ ਵਿਚ ਕਈ ਫ਼ੈਸਲੇ ਵੀ ਸੁਣਾ ਚੁੱਕੇ ਹਨ। ਇਸੇ ਦੌਰਾਨ ਇਮੀਗ੍ਰੇਸ਼ਨ ਹਮਾਇਤੀਆਂ ਨੇ ਕਿਹਾ ਕਿ ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੇ ਮੌਜੂਦਾ ਹਾਲਾਤ ਦਾ ਅੰਦਾਜ਼ਾ 2 ਸਾਲ ਦੀ ਬੱਚੀ ਨੂੰ ਡਿਪੋਰਟ ਕੀਤੇ ਜਾਣ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਬੱਚੀ ਤੋਂ ਪਹਿਲਾਂ ਡਿਪੋਰਟ ਕੀਤੇ ਯੂ.ਐਸ. ਸਿਟੀਜ਼ਨ ਨੂੰ ਅਦਾਲਤ ਵੱਲੋਂ ਵਾਪਸ ਲਿਆਉਣ ਦੇ ਹੁਕਮ ਦਿਤੇ ਗਏ ਪਰ ਟਰੰਪ ਸਰਕਾਰ ਅਜਿਹਾ ਕਰਨ ਤੋਂ ਅਸਿੱਧੇ ਤੌਰ ’ਤੇ ਹੱਥ ਖੜ੍ਹੇ ਕਰ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਉੱਤਰੀ ਕੋਰੀਆਈ ਫੌਜਾਂ ਨੇ ਯੂਕ੍ਰੇਨੀ ਫੌਜੀਆਂ ਵਿਰੁੱਧ ਲੜੀ ਲੜਾਈ
NEXT STORY