ਓਟਵਾ/ਟੋਰਾਂਟੋ : ਕੈਨੇਡਾ ਦੇ ਸਰਕਾਰੀ ਸਿਹਤ ਢਾਂਚੇ ਦੀ ਇੱਕ ਬੇਹੱਦ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ। ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਅਪ੍ਰੈਲ 2024 ਤੋਂ ਮਾਰਚ 2025 ਦੇ ਵਿਚਕਾਰ ਘੱਟੋ-ਘੱਟ 23,746 ਮਰੀਜ਼ਾਂ ਦੀ ਮੌਤ ਸਰਜਰੀ ਜਾਂ ਟੈਸਟਾਂ ਦੀ ਉਡੀਕ (Wait-list) ਕਰਦਿਆਂ ਹੋ ਗਈ। ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਤਿੰਨ ਫੀਸਦੀ ਜ਼ਿਆਦਾ ਹੈ ਤੇ ਸਾਲ 2018 ਤੋਂ ਹੁਣ ਤੱਕ ਇਲਾਜ ਦੀ ਉਡੀਕ 'ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 1 ਲੱਖ ਨੂੰ ਪਾਰ ਕਰ ਗਈ ਹੈ।
ਓਨਟਾਰੀਓ 'ਚ ਸਭ ਤੋਂ ਵੱਧ ਮੌਤਾਂ
ਸਰੋਤਾਂ ਅਨੁਸਾਰ, ਕੈਨੇਡਾ ਦੇ ਓਨਟਾਰੀਓ ਸੂਬੇ 'ਚ ਸਭ ਤੋਂ ਵੱਧ 10,634 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਕਿਊਬੈਕ ਵਿੱਚ 6,290 ਅਤੇ ਬ੍ਰਿਟਿਸ਼ ਕੋਲੰਬੀਆ (B.C.) 'ਚ 4,620 ਲੋਕਾਂ ਨੇ ਇਲਾਜ ਦੀ ਉਡੀਕ 'ਚ ਦਮ ਤੋੜਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਅੰਕੜੇ ਅਜੇ ਵੀ ਪੂਰੇ ਨਹੀਂ ਹਨ, ਕਿਉਂਕਿ ਅਲਬਰਟਾ ਤੇ ਮੈਨੀਟੋਬਾ ਵਰਗੇ ਕਈ ਹਿੱਸਿਆਂ ਨੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਤਿੰਨ ਹਫ਼ਤਿਆਂ ਦਾ ਇਲਾਜ ਦੋ ਮਹੀਨੇ ਲਟਕਿਆ
ਰਿਪੋਰਟ 'ਚ ਕਈ ਅਜਿਹੇ ਪਰਿਵਾਰਾਂ ਦਾ ਜ਼ਿਕਰ ਹੈ ਜਿਨ੍ਹਾਂ ਦੇ ਜੀਅ ਸਿਰਫ ਉਡੀਕ ਸੂਚੀ ਕਾਰਨ ਚੱਲ ਵਸੇ। ਮੈਨੀਟੋਬਾ ਦੀ ਡੈਬੀ ਫਿਊਸਟਰ ਨੂੰ ਦਿਲ ਦੀ ਸਰਜਰੀ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਸੀ, ਪਰ ਦੋ ਮਹੀਨਿਆਂ ਦੀ ਉਡੀਕ ਤੋਂ ਬਾਅਦ ਉਸਦੀ ਮੌਤ ਹੋ ਗਈ। ਇਸੇ ਤਰ੍ਹਾਂ 19 ਸਾਲਾ ਲੌਰਾ ਹਿਲੀਅਰ ਅਤੇ 16 ਸਾਲਾ ਫਿਨਲੇ ਵੈਨ ਡਰ ਵਰਕਨ ਨੇ ਵੀ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਖ਼ਰਚਾ ਅਰਬਾਂ 'ਚ ਪਰ ਸਹੂਲਤਾਂ ਸਿਫ਼ਰ!
ਸਰੋਤ ਦੱਸਦੇ ਹਨ ਕਿ ਕੈਨੇਡਾ ਨੇ ਸਾਲ 2024-25 ਦੌਰਾਨ ਸਿਹਤ ਸੇਵਾਵਾਂ 'ਤੇ 244 ਅਰਬ ਡਾਲਰ ਦਾ ਰਿਕਾਰਡ ਖ਼ਰਚ ਕੀਤਾ ਹੈ। ਇਸ ਦੇ ਬਾਵਜੂਦ, ਕੈਨੇਡਾ 'ਚ ਦੂਜੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਡਾਕਟਰਾਂ, ਹਸਪਤਾਲਾਂ ਦੇ ਬੈੱਡਾਂ ਅਤੇ MRI ਮਸ਼ੀਨਾਂ ਦੀ ਭਾਰੀ ਕਮੀ ਹੈ। ਰਿਪੋਰਟ ਮੁਤਾਬਕ ਦਿੱਤਾ ਜਾਣ ਵਾਲਾ ਫੰਡ ਸਹੂਲਤਾਂ ਵਿੱਚ ਤਬਦੀਲ ਨਹੀਂ ਹੋ ਰਿਹਾ।
ਸਿਹਤ ਮਾਹਿਰਾਂ ਨੇ ਸਰਕਾਰ ਨੂੰ ਦਿੱਤੇ ਕੁਝ ਅਹਿਮ ਸੁਝਾਅ
ਉਡੀਕ ਸੂਚੀ ਦਾ ਖੁਲਾਸਾ: ਸਰਕਾਰ ਨੂੰ ਜਨਤਕ ਤੌਰ 'ਤੇ ਦੱਸਣਾ ਚਾਹੀਦਾ ਹੈ ਕਿ ਕਿੰਨੇ ਮਰੀਜ਼ ਉਡੀਕ ਕਰ ਰਹੇ ਹਨ ਅਤੇ ਉਨ੍ਹਾਂ ਦਾ ਨਤੀਜਾ ਕੀ ਨਿਕਲ ਰਿਹਾ ਹੈ।
ਨਿੱਜੀ ਕਲੀਨਿਕਾਂ ਨਾਲ ਭਾਈਵਾਲੀ: ਹਸਪਤਾਲਾਂ ਦਾ ਬੋਝ ਘਟਾਉਣ ਲਈ ਨਿੱਜੀ ਕਲੀਨਿਕਾਂ ਦੀ ਮਦਦ ਲਈ ਜਾਵੇ।
ਦੂਜੇ ਸੂਬਿਆਂ/ਦੇਸ਼ਾਂ 'ਚ ਇਲਾਜ: ਜੇਕਰ ਆਪਣੇ ਸੂਬੇ ਵਿੱਚ ਇਲਾਜ ਨਹੀਂ ਮਿਲ ਰਿਹਾ ਤਾਂ ਮਰੀਜ਼ ਨੂੰ ਬਾਹਰ ਇਲਾਜ ਕਰਵਾਉਣ ਦੀ ਇਜਾਜ਼ਤ ਤੇ ਉਸਦਾ ਖ਼ਰਚਾ (Reimbursement) ਮਿਲਣਾ ਚਾਹੀਦਾ ਹੈ।
ਸਰਕਾਰੀ ਦੋਹਰੇ ਮਾਪਦੰਡਾਂ 'ਤੇ ਸਵਾਲ
ਸੈਕਿੰਡ ਸਟ੍ਰੀਟ ਦੇ ਪ੍ਰਧਾਨ ਕੋਲਿਨ ਕਰੇਗ ਨੇ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਰੈਸਟੋਰੈਂਟਾਂ ਦੀ ਤਾਂ ਬਾਰੀਕੀ ਨਾਲ ਜਾਂਚ ਕਰਦੀ ਹੈ ਕਿ ਉੱਥੇ ਪੇਪਰ ਟਾਵਲ ਹੋਲਡਰ ਹੈ ਜਾਂ ਨਹੀਂ, ਪਰ ਉਡੀਕ ਸੂਚੀ 'ਚ ਮਰ ਰਹੇ ਮਰੀਜ਼ਾਂ ਦਾ ਕੋਈ ਜਨਤਕ ਰਿਕਾਰਡ ਨਹੀਂ ਰੱਖਿਆ ਜਾਂਦਾ, ਜੋ ਕਿ ਇੱਕ ਵੱਡੀ ਲਾਪਰਵਾਹੀ ਹੈ।
'ਮੈਂ ਸਿਰਫ਼ ਅਕਾਲ ਪੁਰਖ ਅੱਗੇ..!', ਕੈਨੇਡਾ ਸਰਕਾਰ ਅੱਗੇ ਨਹੀਂ ਝੁਕਿਆ ਅੰਮ੍ਰਿਤਧਾਰੀ ਵਕੀਲ, ਬਦਲਣੇ ਪਏ ਨਿਯਮ
NEXT STORY