ਨਦਜਾਮੇਨਾ (ਚਾਡ) : ਚਾਡ ਦੇ ਪੂਰਬੀ ਹਿੱਸੇ 'ਚ ਪਾਣੀ ਦੇ ਸਰੋਤਾਂ ਨੂੰ ਲੈ ਕੇ ਦੋ ਪਰਿਵਾਰਾਂ ਵਿਚਾਲੇ ਹੋਏ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ, ਜਿਸ ਕਾਰਨ ਘੱਟੋ-ਘੱਟ 42 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਵਾਦੀ ਫੀਰਾ ਸੂਬੇ ਦੇ ਇਗੋਟੇ ਪਿੰਡ 'ਚ ਵਾਪਰੀ। ਦੇਸ਼ ਦੇ ਉਪ ਪ੍ਰਧਾਨ ਮੰਤਰੀ ਲੀਮਾਨੇ ਮਹਾਮਤ ਨੇ ਪ੍ਰਭਾਵਿਤ ਪਿੰਡ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਇਸ ਸੰਘਰਸ਼ ਵਿੱਚ 10 ਹੋਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਉਪ ਪ੍ਰਧਾਨ ਮੰਤਰੀ ਅਨੁਸਾਰ, ਬਦਲੇ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਕਾਰਨ ਇਹ ਹਿੰਸਾ ਕਾਫੀ ਵੱਡੇ ਖੇਤਰ 'ਚ ਫੈਲ ਗਈ ਸੀ, ਜਿਸ ਨੂੰ ਰੋਕਣ ਲਈ ਫੌਜ ਨੂੰ ਦਖਲ ਦੇਣਾ ਪਿਆ। ਫੌਜ ਦੀ ਤੁਰੰਤ ਕਾਰਵਾਈ ਤੋਂ ਬਾਅਦ ਹੁਣ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ। ਸਰਕਾਰ ਨੇ ਇਸ ਮਾਮਲੇ 'ਚ ਅਪਰਾਧਿਕ ਜ਼ਿੰਮੇਵਾਰੀ ਤੈਅ ਕਰਨ ਲਈ ਨਿਆਂਇਕ ਕਾਰਵਾਈ ਤੇ ਪਿੰਡ 'ਚ ਰਵਾਇਤੀ ਵਿਚੋਲਗੀ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਮੱਧ ਅਫ਼ਰੀਕੀ ਦੇਸ਼ ਚਾਡ 'ਚ ਕੁਦਰਤੀ ਸਰੋਤਾਂ ਨੂੰ ਲੈ ਕੇ ਵੱਖ-ਵੱਖ ਭਾਈਚਾਰਿਆਂ ਵਿਚਾਲੇ ਅਜਿਹੀਆਂ ਝੜਪਾਂ ਹੋਣਾ ਆਮ ਗੱਲ ਹੈ। ਪਿਛਲੇ ਸਾਲ ਵੀ ਦੱਖਣ-ਪੱਛਮੀ ਚਾਡ 'ਚ ਕਿਸਾਨਾਂ ਤੇ ਪਸ਼ੂ ਪਾਲਕਾਂ ਵਿਚਾਲੇ ਹੋਏ ਸੰਘਰਸ਼ 'ਚ 42 ਲੋਕਾਂ ਦੀ ਜਾਨ ਗਈ ਸੀ।
ਚਾਡ ਦੇ ਪੂਰਬੀ ਸੂਬਿਆਂ 'ਚ ਪਿਛਲੇ ਕਈ ਮਹੀਨਿਆਂ ਤੋਂ ਸੂਡਾਨ 'ਚ ਚੱਲ ਰਹੀ ਜੰਗ ਕਾਰਨ ਆਏ ਸ਼ਰਨਾਰਥੀਆਂ ਕਰ ਕੇ ਸਥਾਨਕ ਸਰੋਤਾਂ ਅਤੇ ਸੁਰੱਖਿਆ 'ਤੇ ਭਾਰੀ ਦਬਾਅ ਵਧ ਗਿਆ ਹੈ। ਇਸੇ ਸਥਿਤੀ ਨੂੰ ਦੇਖਦੇ ਹੋਏ, ਚਾਡ ਨੇ ਫਰਵਰੀ 'ਚ ਆਪਣੀ ਸਰਹੱਦ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀ ਸੀ ਤਾਂ ਜੋ ਗੁਆਂਢੀ ਦੇਸ਼ ਦਾ ਸੰਘਰਸ਼ ਉਨ੍ਹਾਂ ਦੇ ਇਲਾਕੇ ਵਿੱਚ ਨਾ ਫੈਲ ਸਕੇ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਸਰਹੱਦੀ ਖੇਤਰਾਂ ਵਿੱਚ ਅਸਥਿਰਤਾ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।
ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਰੂਸ ਪਹੁੰਚੇ, ਪਾਕਿਸਤਾਨ ਦੀ ਯਾਤਰਾ ਨੂੰ ਦੱਸਿਆ 'ਲਾਭਦਾਇਕ'
NEXT STORY