ਕੈਲੀਫੋਰਨੀਆ - ਅਮਰੀਕਾ ਵਿੱਚ ਇੱਕ ਵਿਅਕਤੀ ਲਈ ਆਪਣੇ ਪਰਿਵਾਰ ਨੂੰ ਮਿਲਣ ਜਾਣਾ ਜ਼ਿੰਦਗੀ ਦਾ ਸਭ ਤੋਂ ਖ਼ੌਫ਼ਨਾਕ ਅਨੁਭਵ ਬਣ ਗਿਆ। ਇਡਾਹੋ ਦੇ ਰਹਿਣ ਵਾਲੇ ਕ੍ਰਿਸ ਹੌਵਰਥ, ਜੋ ਕੈਲੀਫੋਰਨੀਆ ਦੇ ਓਰੋਵਿਲ ਵਿੱਚ ਆਪਣੇ ਮਾਪਿਆਂ ਨੂੰ ਮਿਲਣ ਗਏ ਸਨ, ਨੂੰ ਇੱਕ ਜ਼ਹਿਰੀਲੇ ਰੈਟਲਸਨੇਕ ਨੇ ਉਸ ਸਮੇਂ ਦੋ ਵਾਰ ਡੰਗ ਲਿਆ ਜਦੋਂ ਉਨ੍ਹਾਂ ਦਾ ਪੈਰ ਗਲਤੀ ਨਾਲ ਬਗੀਚੇ ਵਿੱਚ ਸੱਪ 'ਤੇ ਪੈ ਗਿਆ।
ਸੱਪ ਦੇ ਡੰਗਣ ਤੋਂ ਕੁਝ ਹੀ ਮਿੰਟਾਂ ਬਾਅਦ ਕ੍ਰਿਸ ਦੀ ਹਾਲਤ ਵਿਗੜਨ ਲੱਗੀ, ਉਨ੍ਹਾਂ ਦੀ ਜੀਭ ਸੁੰਨ ਹੋ ਗਈ ਅਤੇ ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਡਾਕਟਰਾਂ ਅਨੁਸਾਰ ਉਨ੍ਹਾਂ ਨੂੰ DIC (Disseminated Intravascular Coagulation) ਨਾਮ ਦੀ ਇੱਕ ਦੁਰਲੱਭ ਅਤੇ ਜਾਨਲੇਵਾ ਬਿਮਾਰੀ ਹੋ ਗਈ ਸੀ, ਜਿਸ ਵਿੱਚ ਸਰੀਰ ਦੇ ਅੰਦਰ ਖੂਨ ਦੇ ਥੱਕੇ ਜੰਮਣ ਲੱਗਦੇ ਹਨ। ਉਨ੍ਹਾਂ ਦੀ ਜਾਨ ਬਚਾਉਣ ਲਈ ਡਾਕਟਰਾਂ ਨੂੰ ਐਂਟੀ-ਵੇਨਮ ਦੇ 54 ਇੰਜੈਕਸ਼ਨ ਲਗਾਉਣੇ ਪਏ। ਹਾਲਤ ਇੰਨੀ ਗੰਭੀਰ ਸੀ ਕਿ ਓਰੋਵਿਲ ਹਸਪਤਾਲ ਵਿੱਚ ਦਵਾਈ ਦਾ ਸਟਾਕ ਖਤਮ ਹੋ ਗਿਆ, ਜਿਸ ਕਾਰਨ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਸਟੈਨਫੋਰਡ ਮੈਡੀਕਲ ਸੈਂਟਰ ਲਿਜਾਇਆ ਗਿਆ।
12 ਦਿਨ ਆਈ.ਸੀ.ਯੂ. (ICU) ਵਿੱਚ ਰਹਿਣ ਤੋਂ ਬਾਅਦ ਕ੍ਰਿਸ ਦੀ ਜਾਨ ਤਾਂ ਬਚ ਗਈ, ਪਰ ਹਸਪਤਾਲ ਦਾ ਬਿੱਲ ਦੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ। ਦੋਵਾਂ ਹਸਪਤਾਲਾਂ ਦਾ ਕੁੱਲ ਖਰਚਾ ਲਗਭਗ 13 ਲੱਖ ਡਾਲਰ (ਕਰੀਬ 11 ਕਰੋੜ ਰੁਪਏ) ਆਇਆ ਹੈ। ਕ੍ਰਿਸ ਦੀ ਪਤਨੀ ਜੈਨੀ ਨੇ ਦੱਸਿਆ ਕਿ ਐਂਟੀ-ਵੇਨਮ ਦੀ ਸਿਰਫ ਇੱਕ ਸ਼ੀਸ਼ੀ ਦੀ ਕੀਮਤ 13 ਹਜ਼ਾਰ ਡਾਲਰ ਸੀ ਅਤੇ ਸਟੈਨਫੋਰਡ ਦੇ ਆਈ.ਸੀ.ਯੂ. ਵਿੱਚ ਇੱਕ ਰਾਤ ਦਾ ਕਿਰਾਇਆ ਹੀ 61 ਹਜ਼ਾਰ ਡਾਲਰ ਸੀ।
ਕ੍ਰਿਸ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ ਅਤੇ ਉਹ ਸਿਰਫ 80 ਫੀਸਦੀ ਹੀ ਸਿਹਤਮੰਦ ਮਹਿਸੂਸ ਕਰ ਰਹੇ ਹਨ। ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਹ 26 ਮਈ ਤੋਂ ਕੰਮ 'ਤੇ ਨਹੀਂ ਜਾ ਸਕੇ, ਜਿਸ ਕਾਰਨ ਘਰ ਵਿੱਚ ਕੋਈ ਤਨਖਾਹ ਨਹੀਂ ਆ ਰਹੀ। ਹਾਲਾਂਕਿ ਉਨ੍ਹਾਂ ਕੋਲ ਮੈਡੀਕਲ ਬੀਮਾ ਹੈ, ਪਰ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਬੀਮਾ ਕੰਪਨੀ ਇਸ ਭਾਰੀ ਬਿੱਲ ਦਾ ਕਿੰਨਾ ਹਿੱਸਾ ਅਦਾ ਕਰੇਗੀ। ਪਰਿਵਾਰ ਹੁਣ ਭਵਿੱਖ ਨੂੰ ਲੈ ਕੇ ਚਿੰਤਤ ਹੈ ਅਤੇ ਉਨ੍ਹਾਂ ਨੇ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਹੈ।
73 ਸਾਲਾਂ ਬਾਅਦ ਪਾਕਿਸਤਾਨ ਦੀ 'ਮਿਸ ਵਰਲਡ' 'ਚ ਇਤਿਹਾਸਕ ਐਂਟਰੀ ! ਅਨਿਕਾ ਜਮਾਲ ਰਚੇਗੀ ਇਤਿਹਾਸ
NEXT STORY