ਮਿਲਾਨ (ਸਾਬੀ ਚੀਨੀਆ) - ਰੋਮ ਵਿਖੇ ਇਟਾਲੀਅਨ ਐਪੀਸਕੋਪਾਲੇ ਕਾਨਫਰੰਸ ਵਿੱਚ ਸਿੱਖ ਧਰਮ ਸਮੇਤ ਇਟਲੀ ਵਿੱਚ ਮੌਜੂਦ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧੀਆਂ ਵਿਚਕਾਰ ਮੀਟਿੰਗ ਹੋਈ। ‘ਸਮਾਜਿਕ ਏਕਤਾ ਦੀ ਸੇਵਾ ਤੇ ਧਰਮ’ ਵਿਸ਼ੇ ਨਾਲ ਸੰਬੰਧਿਤ ਹੋਈ ਮੀਟਿੰਗ ਵਿੱਚ ਸਿੱਖੀ ਸੇਵਾ ਸੋਸਾਇਟੀ ਦੇ ਬੁਲਾਰੇ ਰਵੀਜੀਤ ਕੌਰ ਨੇ ਹਿੱਸਾ ਲਿਆ। ਜਿਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ ਅਧਿਆਤਮਿਕ ਏਕਤਾ ਅਤੇ ਸਮਾਜਿਕ ਬਰਾਬਰੀ ਦੇ ਸੰਦੇਸ਼ ਦੀ ਚਰਚਾ ਕੀਤੀ। ਜਪੁਜੀ ਸਾਹਿਬ ਦੀ ਤੁਕ “ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ” ਤੋਂ ਸ਼ੁਰੂ ਹੋ ਕੇ ਥੀਮ ਤਿਆਰ ਕੀਤਾ ਗਿਆ ਸੀ। ਇਸ ਵਿਚ ਉਨ੍ਹਾਂ ਨੇ ਦੱਸਿਆ ਕਿ ਗੁਰੂ ਜੀ ਨੇ ਕਿਸ ਤਰਾਂ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਅਤੇ ਉਹ ਮਨੁੱਖਤਾ ਨੂੰ ਇੱਕ ਅਧਿਆਤਮਿਕ ਭਾਈਚਾਰਾ ਮੰਨਣ ਦਾ ਸੱਦਾ ਦਿੰਦੇ ਹਨ।
ਉਹਨਾਂ ਦੱਸਿਆ ਕਿ ਇਹ ਮੀਟਿੰਗ ਆਦਾਨ-ਪ੍ਰਦਾਨ ਅਤੇ ਅੰਤਰ-ਧਾਰਮਿਕ ਸੰਵਾਦ ਦਾ ਇੱਕ ਭਰਪੂਰ ਮੌਕਾ ਸੀ, ਇੱਕ ਸੰਵਾਦ ਜਿਸ ਵਿੱਚ ਸਿੱਖੀ ਸੇਵਾ ਸੁਸਾਇਟੀ ਪਿਛਲੇ ਸਾਲਾਂ ਤੋਂ ਵਚਨਬੱਧਤਾ ਅਤੇ ਸਮਰਪਣ ਨਾਲ ਹਿੱਸਾ ਲੈ ਰਹੀ ਹੈ। ਨੌਜਵਾਨਾਂ ਨੂੰ ਧਰਮ ਨਾਲ ਕਿਸ ਤਰਾਂ ਜੋੜ ਕੇ ਇਹਨਾਂ ਦੀ ਸ਼ਮੂਲੀਅਤ ਨੂੰ ਬਹੁਤ ਮਹੱਤਵ ਦਿੱਤਾ ਗਿਆ ਅਤੇ ਸਮਾਜਿਕ ਏਕਤਾ, ਸਿੱਖਿਆ, ਗਿਆਨ ਅਤੇ ਆਪਸੀ ਸਾਂਝ ਨੂੰ ਉਤਸ਼ਾਹਿਤ ਕਰਨ ਵਾਲੀਆਂ ਕਾਰਵਾਈਆਂ ਕਰਨ ਦੀ ਤੁਰੰਤ ਲੋੜ ਨੂੰ ਮਾਨਤਾ ਦਿੱਤੀ ਗਈ। ਇਸ ਮੌਕੇ ਪਿਛਲੇ ਦਿਨੀਂ ਸਤਨਾਮ ਸਿੰਘ ਜਿਸਦੀ ਲਾਤੀਨਾ ਵਿਖੇ ਕੰਮ ਤੋਂ ਸੱਟ ਲੱਗਣ ਬਾਅਦ ਮੌਤ ਹੋ ਗਈ ਸੀ, ਉਸ ਲਈ ਵੀ ਦੁੱਖ ਪ੍ਰਗਟ ਕੀਤਾ ਗਿਆ।
ਗੱਲਬਾਤ ਕਰਦਿਆਂ ਸਿੱਖ ਸੇਵਾ ਸੋਸਾਇਟੀਆਂ ਦੇ ਮੈਂਬਰਾਂ ਨੇ ਦੱਸਿਆ ਕਿ ਅਗਲੀਆਂ ਮੀਟਿੰਗਾਂ ਵਿੱਚ ਵੀ ਸਿੱਖੀ ਸੇਵਾ ਸੋਸਾਇਟੀ ਬਰਾਬਰੀ ਦੇ ਅਧਿਕਾਰ ਲੈਣ ਸਮੇਤ ਮਹੱਤਵਪੂਰਨ ਸਮਾਜਿਕ ਤਬਦੀਲੀਆਂ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਦੇ ਸਾਰੇ ਪਹਿਲੂਆਂ ਵਿੱਚ ਏਕਤਾ ਅਤੇ ਸੰਵਾਦ ਪੈਦਾ ਕਰਨ ਦੀ ਸੁਹਿਰਦ ਇੱਛਾ ਨਾਲ ਹਿੱਸਾ ਲੈਣਾ ਜਾਰੀ ਰੱਖੇਗੀ।
ਅਮਰੀਕੀ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ
NEXT STORY