ਐਡੀਲੇਡ (ਕਰਨ ਬਰਾੜ): ਦਿੱਲੀ ਵਿਚ ਕਿਸਾਨਾਂ ਦੇ ਚੱਲ ਰਹੇ ਸਘੰਰਸ਼ ਦੀ ਹਮਾਇਤ ਅਤੇ ਕਾਲੇ ਕਾਨੂੰਨਾਂ ਨੂੰ ਰੋਕਣ ਲਈ ਸਾਰੀ ਦੁਨੀਆ ਵਿਚ ਆਪੋ ਆਪਣੇ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸੇ ਦੇ ਚੱਲਦਿਆਂ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਿਸਾਨ ਸੰਘਰਸ਼ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਐਡੀਲੇਡ ਵਿਚ ਕੱਲ ਜਿੱਥੇ ਨੌਜਵਾਨ ਮੁੰਡਿਆਂ ਨੇ ਬਹੁਤ ਵਧੀਆ ਪ੍ਰੋਗਰਾਮ ਉਲੀਕਿਆ ਸੀ। ਉੱਥੇ ਅੱਜ ਰਾਜਧਾਨੀ ਦੇ ਪਾਰਲੀਮੈਂਟ ਹਾਊਸ ਦੇ ਬਾਹਰ ਸਾਰੇ ਭਾਈਚਾਰਿਆਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਮਲ ਹੋ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਨੂੰ ਮਾਣਯੋਗ ਰਸਲ ਵਾਟਲੇ ਐਮ.ਪੀ. ਵੱਲੋਂ ਵੀ ਸੰਬੋਧਿਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕਿਸਾਨ ਹੋਰਨਾਂ ਨੂੰ ਭੋਜਨ ਪ੍ਰਦਾਨ ਕਰਨ ਲਈ ਬਹੁਤ ਸਖ਼ਤ ਮਿਹਨਤ ਕਰਦੇ ਹਨ।
ਕਿਸਾਨਾਂ ਨੂੰ ਸਹਿਯੋਗ ਦੇਣ ਲਈ ਅਜਿਹੇ ਪ੍ਰਦਰਸ਼ਨ ਪੂਰੇ ਵਿਸ਼ਵ ਵਿਚ ਹੋਣੇ ਚਾਹੀਦੇ ਹਨ। ਇਸ ਧਰਤੀ 'ਤੇ ਕਿਸਾਨ ਸਿਪਾਹੀਆਂ ਵਾਂਗ ਹਨ। ਉਹਨਾਂ ਨੇ ਕਿਹਾ ਕਿ ਜੇਕਰ ਮਲਟੀਨੈਸ਼ਨਲ ਕੰਪਨੀਆਂ ਜਾਂ ਕਿਸਾਨਾਂ 'ਚੋਂ ਕੋਈ ਇੱਕ ਚੁਣਨਾ ਹੋਵੇ ਤਾਂ ਮੈਂ ਕਿਸਾਨ ਚੁਣਾਂਗਾ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਇਸ ਉਦਮ ਲਈ ਉਤਸ਼ਾਹਿਤ ਕੀਤਾ।
ਇਸ ਵਿਰੋਧ ਪ੍ਰਦਰਸ਼ਨ ਵਿੱਚ ਜਿੱਥੇ ਭਾਰਤ ਸਰਕਾਰ ਪ੍ਰਤੀ ਗੁੱਸਾ ਤੇ ਰੋਸ ਸੀ, ਉਥੇ ਉਹਨਾਂ ਦੁਆਰਾ ਪ੍ਰਗਟਾਏ ਗਏ ਵਿਚਾਰਾਂ ਵਿਚ ਤਰਕ ਵੀ ਸੀ। ਲੋਕਾਂ ਦੇ ਹੱਥਾਂ ਵਿੱਚ ਫੜੇ ਬੈਨਰ ਭਾਰਤੀ ਸਰਕਾਰ ਵਿਰੁੱਧ ਉਹਨਾਂ ਦੇ ਮਨ ਦਾ ਗ਼ੁੱਸਾ ਜ਼ਾਹਰ ਕਰ ਰਹੇ ਸਨ ਅਤੇ ਉਹਨਾਂ ਦੀ ਮੰਗ ਸੀ ਕਿ ਇਹ ਕਾਲੇ ਕਨੂੰਨ ਛੇਤੀ ਤੋਂ ਛੇਤੀ ਵਾਪਸ ਲਏ ਜਾਣ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਵੱਲੋਂ ਪ੍ਰਸਤਾਵਿਤ H-1B ਨਿਯਮਾਂ 'ਤੇ ਲਾਈ ਰੋਕ
ਕਈ ਨੌਜਵਾਨ ਇਸ ਦੌਰਾਨ ਭਾਵੁਕ ਵੀ ਹੁੰਦੇ ਵਿਖਾਈ ਦਿੱਤੇ। ਇਸ ਰੋਸ ਪ੍ਰਦਰਸ਼ਨ ਵਿਚ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਆਂਧਰਾਪ੍ਰਦੇਸ਼, ਆਦਿ ਰਾਜਾਂ ਦੇ ਨੌਜਵਾਨਾਂ ਤੋਂ ਇਲਾਵਾ ਬਜ਼ੁਰਗ ਅਤੇ ਬੱਚੇ ਵੀ ਸ਼ਾਮਿਲ ਸੀ।ਇਸ ਤੋਂ ਪਹਿਲਾਂ ਐਡੀਲੇਡ ਦੇ ਵਿਕਟੋਰੀਆ ਸੁਕੇਅਰ ਵਿਚ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਪ੍ਰਬੰਧਕਾਂ ਮੁਤਾਬਕ, ਇਹ ਪ੍ਰਦਰਸ਼ਨ ਹਰ ਰੋਜ਼ ਲਗਾਤਾਰ ਜਾਰੀ ਰਹਿਣਗੇ।
ਸ਼ਾਂਤਮਈ ਢੰਗ ਨਾਲ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਨੂੰ ਸੰਗਤਾਂ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਇਸ ਦੌਰਾਨ ਸਰਕਾਰ ਵੱਲੋਂ ਦਿੱਤੀਆਂ ਗਈਆਂ ਕੋਵਿਡ-19 ਸੰਬੰਧੀ ਹਿਦਾਇਤਾਂ ਦੀ ਪਾਲਣਾ ਵੀ ਕੀਤੀ ਗਈ। ਇਸ ਮੌਕੇ ਖਾਲਸਾ ਏਡ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਵੀ ਸ਼ਲਾਘਾ ਭਰਪੂਰ ਸੀ।
ਨੋਟ- ਐਡੀਲੇਡ 'ਚ ਕਿਸਾਨਾਂ ਦੇ ਹੱਕ 'ਚ ਕੀਤੇ ਵੱਡੇ ਰੋਸ ਪ੍ਰਦਰਸ਼ਨ ਬਾਰੇ ਦੱਸੋ ਆਪਣੀ ਰਾਏ।
ਇਕ ਵਾਰ ਮੁੜ ਇਤਿਹਾਸਿਕ ਸੰਕਟ ਨਾਲ ਜੂਝ ਰਿਹੈ ਅਮਰੀਕਾ : ਯੇਲੇਨ
NEXT STORY