ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਅਫਗਾਨਿਸਤਾਨ ਵਿੱਚੋਂ ਸੁਰੱਖਿਅਤ ਕੱਢ ਕੇ ਲਿਆਂਦੇ ਗਏ ਸ਼ਰਨਾਰਥੀਆਂ ਨੂੰ ਬਰਮਿੰਘਮ ਦੇ ਹਵਾਈ ਅੱਡੇ 'ਤੇ ਜਹਾਜ਼ ਵਿੱਚ ਬਿਨਾਂ ਖਾਣੇ ਦੇ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਿਆ ਹੈ। ਇਸ ਸਬੰਧੀ ਬਰਮਿੰਘਮ ਸਥਿਤ ਇੱਕ ਚੈਰਿਟੀ ਨੇ ਦੱਸਿਆ ਕਿ ਅਫਗਾਨ ਸ਼ਰਨਾਰਥੀਆਂ ਨੂੰ ਮੰਗਲਵਾਰ ਦੁਪਹਿਰ ਨੂੰ ਬਰਮਿੰਘਮ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਜਹਾਜ਼ ਵਿੱਚ ਅੱਠ ਘੰਟੇ ਉਡੀਕ ਕਰਨੀ ਪਈ।
ਇਸ ਸਬੰਧੀ ਅਫਗਾਨ ਕਮਿਊਨਿਟੀ ਐਂਡ ਵੈਲਫੇਅਰ ਸੈਂਟਰ ਦੇ ਸੰਸਥਾਪਕ ਫਹੀਮ ਜ਼ਜ਼ਾਈ ਨੂੰ ਜਹਾਜ਼ ਦੇ ਇੱਕ ਯਾਤਰੀ ਦਾ ਫੋਨ ਆਇਆ, ਜਿਸਨੇ ਦੱਸਿਆ ਕਿ ਰਨਵੇਅ 'ਤੇ ਲੰਮੀ ਉਡੀਕ ਦੌਰਾਨ ਦੁਪਹਿਰ 12 ਵਜੇ ਤੋਂ ਰਾਤ 8 ਵਜੇ ਤੱਕ ਸ਼ਰਨਾਰਥੀਆਂ ਨੂੰ ਕੋਈ ਭੋਜਨ ਨਹੀਂ ਮਿਲਿਆ।ਯਾਤਰੀ ਨੇ ਬਾਅਦ ਵਿੱਚ ਜ਼ਜ਼ਾਈ ਨੂੰ ਫ਼ੋਨ ਕਰਕੇ ਪੁਸ਼ਟੀ ਕੀਤੀ ਕਿ ਉਹ ਅਤੇ ਕਈ ਹੋਰ ਛੋਟੇ ਬੱਚਿਆਂ ਸਮੇਤ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਸੀ ਪਰ ਉਹ ਰਾਤ ਬਰਮਿੰਘਮ ਏਅਰਪੋਰਟ ਦੇ ਅੰਦਰ ਬਿਤਾਉਣਗੇ। ਯਾਤਰੀਆਂ ਨੂੰ ਜਹਾਜ਼ ਵਿੱਚੋਂ ਕੱਢਣ ਤੋਂ ਬਾਅਦ ਦੱਸਿਆ ਗਿਆ ਕਿ ਉਨ੍ਹਾਂ ਦੇ ਲੰਬੇ ਇੰਤਜ਼ਾਰ ਦਾ ਕਾਰਨ ਚਾਰ ਹੋਰ ਉਡਾਣਾਂ ਤੋਂ ਸ਼ਰਨਾਰਥੀਆਂ ਦੇ ਵੇਰਵੇ ਪ੍ਰਾਪਤ ਕਰਨ ਦੀ ਲੰਬੀ ਪ੍ਰਕਿਰਿਆ ਸੀ।
ਪੜ੍ਹੋ ਇਹ ਅਹਿਮ ਖਬਰ -ਕਾਬੁਲ 'ਚ ਖਤਰੇ ਦੇ ਬਾਵਜੂਦ ਆਸਟ੍ਰੇਲੀਆ ਨੇ 1000 ਦੇ ਕਰੀਬ ਲੋਕਾਂ ਨੂੰ ਕੱਢਿਆ ਸੁਰੱਖਿਅਤ
ਜ਼ਜ਼ਾਈ ਅਨੁਸਾਰ ਸ਼ਰਨਾਰਥੀਆਂ ਦੁਆਰਾ ਅੱਠ ਘੰਟੇ ਤੱਕ ਜਹਾਜ਼ ਵਿੱਚ ਬਿਨਾਂ ਭੋਜਨ ਦੇ ਇੰਤਜ਼ਾਰ ਕਰਨਾ ਇੱਕ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਜਹਾਜ਼ ਵਿੱਚ ਛੋਟੇ ਬੱਚੇ ਅਤੇ ਬਜ਼ੁਰਗ ਲੋਕ ਵੀ ਸਨ। ਜ਼ਜ਼ਾਈ ਹੁਣ ਅਫਗਾਨਿਸਤਾਨ ਤੋਂ ਬਰਮਿੰਘਮ ਏਅਰਪੋਰਟ 'ਤੇ ਪਹੁੰਚ ਰਹੇ ਅਫਗਾਨ ਸ਼ਰਨਾਰਥੀਆਂ ਦਾ ਬਿਹਤਰ ਸਵਾਗਤ ਕਰਨ ਵਿੱਚ ਸਹਾਇਤਾ ਕਰਨ ਲਈ ਆਪਣੀ ਚੈਰਿਟੀ ਵੱਲੋਂ ਸਹਾਇਤਾ ਦੀ ਪੇਸ਼ਕਸ਼ ਕਰ ਰਹੇ ਹਨ। ਜ਼ਜ਼ਾਈ ਨੇ 10 ਸਾਲ ਪਹਿਲਾਂ ਅਫਗਾਨ ਕਮਿਊਨਿਟੀ ਅਤੇ ਵੈਲਫੇਅਰ ਸੈਂਟਰ ਦੀ ਸਥਾਪਨਾ ਕੀਤੀ ਸੀ। ਇਸ ਸੰਸਥਾ ਨੇ ਸ਼ਰਨਾਰਥੀਆਂ ਅਤੇ ਪ੍ਰਵਾਸੀ ਪਰਿਵਾਰਾਂ ਨੂੰ ਕੰਮ, ਸਕੂਲ ਵਿੱਚ ਦਾਖਲੇ, ਜੀ ਪੀ, ਅੰਗਰੇਜ਼ੀ ਕਲਾਸਾਂ ਅਤੇ ਹੋਰ ਸਮਾਜਿਕ ਕੰਮਾਂ ਵਿੱਚ ਸਹਾਇਤਾ ਕੀਤੀ ਹੈ।
ਅਮਰੀਕੀ ਖੁਫੀਆ ਏਜੰਸੀ ਦੇ ਡਾਇਰੈਕਟਰ ਨੇ ਤਾਲਿਬਾਨ ਮੁਖੀ ਬਰਾਦਰ ਨਾਲ ਕੀਤੀ ਸੀਕਰੇਟ ਮੀਟਿੰਗ
NEXT STORY