ਤਹਿਰਾਨ : ਈਰਾਨ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੇ ਪੂਰਬੀ ਹਿੱਸੇ 'ਚ ਕੋਲੇ ਦੀ ਖਾਨ 'ਚ ਹੋਏ ਧਮਾਕੇ 'ਚ ਫਸੇ ਬਾਕੀ ਮਜ਼ਦੂਰਾਂ ਦੀ ਵੀ ਮੌਤ ਹੋ ਗਈ ਹੈ, ਜਿਸ ਨਾਲ ਇਸ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 49 ਹੋ ਗਈ ਹੈ। ਸੂਬਾਈ ਐਮਰਜੈਂਸੀ ਅਧਿਕਾਰੀ ਮੁਹੰਮਦ ਅਲੀ ਅਖੌਂਦੀ ਨੇ ਤਾਬਾਸ ਖਾਨ 'ਤੇ ਆਪਣੀਆਂ ਜਾਨਾਂ ਗੁਆਉਣ ਵਾਲੇ ਮਜ਼ਦੂਰਾਂ ਦੀ ਇੱਕ ਅਪਡੇਟ ਕੀਤੀ ਸੰਖਿਆ ਦਿੱਤੀ।
ਸ਼ਨੀਵਾਰ ਨੂੰ ਰਾਜਧਾਨੀ ਤਹਿਰਾਨ ਤੋਂ ਲਗਭਗ 540 ਕਿਲੋਮੀਟਰ ਦੱਖਣ-ਪੂਰਬ 'ਚ ਸਥਿਤ ਤਾਬਾਸ ਕੋਲਾ ਖਾਨ 'ਚ ਮੀਥੇਨ ਗੈਸ ਲੀਕ ਹੋਣ ਕਾਰਨ ਹੋਏ ਧਮਾਕੇ ਤੋਂ ਬਾਅਦ ਖਾਨ ਦੇ ਅੰਦਰ ਖਣਨ ਕਰਨ ਵਾਲਿਆਂ ਦੀ ਗਿਣਤੀ ਵੱਖਰੀ ਦੱਸੀ ਗਈ। ਹਾਲਾਂਕਿ, ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਨਿੱਜੀ ਮਲਕੀਅਤ ਵਾਲੀ ਤਬਾਸ ਪਰਵਦੇਹ 5 ਖਾਨ 'ਤੇ ਕਿਹੜੀਆਂ ਸੁਰੱਖਿਆ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ ਸੀ। ਇਸ ਖਾਨ ਦਾ ਸੰਚਾਲਨ ਮੰਦਾਂਜੂ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ। ਘਟਨਾ 'ਤੇ ਟਿੱਪਣੀ ਲਈ ਕੰਪਨੀ ਨਾਲ ਸੰਪਰਕ ਨਹੀਂ ਹੋ ਸਕਿਆ। ਮੰਗਲਵਾਰ ਨੂੰ, ਸੰਸਦ ਦੀ ਖਾਨ ਸਬੰਧੀ ਕਮੇਟੀ ਦੇ ਇੱਕ ਮੈਂਬਰ ਨੇ ਕਿਹਾ ਕਿ ਖਾਨ ਦੀ ਸੁਰੱਖਿਆ ਪ੍ਰਣਾਲੀ ਕੰਮ ਨਹੀਂ ਕਰ ਰਹੀ ਸੀ ਅਤੇ ਕੇਂਦਰੀ ਐਮਰਜੈਂਸੀ ਨੋਟੀਫਿਕੇਸ਼ਨ ਸਿਸਟਮ ਵੀ ਚਾਲੂ ਨਹੀਂ ਸੀ ਜਾਂ ਮੌਜੂਦ ਨਹੀਂ ਸੀ। ਸੰਸਦ ਮੈਂਬਰ ਜ਼ਾਹਰਾ ਸਈਦੀ ਨੇ ਕਿਹਾ ਕਿ ਮਜ਼ਦੂਰਾਂ ਨੂੰ ਇਸ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਪਰ ਉਹ ਸਮੇਂ 'ਤੇ ਬਾਹਰ ਨਹੀਂ ਨਿਕਲ ਸਕੇ। ਉਸ ਨੇ ਕਿਹਾ ਕਿ ਮਰਨ ਵਾਲਿਆਂ ਵਿੱਚੋਂ ਦੋ ਸਿਹਤ ਅਤੇ ਸੁਰੱਖਿਆ ਮਾਹਿਰ ਸਨ।
ਈਰਾਨ ਦੇ ਨਵੇਂ ਰਾਸ਼ਟਰਪਤੀ ਮਸੂਦ ਪੇਜੇਸਕੀਅਨ, ਜੋ ਸੰਯੁਕਤ ਰਾਸ਼ਟਰ ਮਹਾਸਭਾ 'ਚ ਸ਼ਾਮਲ ਹੋਣ ਲਈ ਨਿਊਯਾਰਕ 'ਚ ਹਨ, ਨੇ ਕਿਹਾ ਕਿ ਉਨ੍ਹਾਂ ਨੇ ਖਾਨ 'ਚ ਫਸੇ ਲੋਕਾਂ ਨੂੰ ਬਚਾਉਣ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ।
ਬੇਰੂਤ ਦੇ ਅਪਾਰਟਮੈਂਟ 'ਚ ਲੁਕਿਆ ਸੀ ਹਿਜ਼ਬੁੱਲਾ ਦਾ ਚੋਟੀ ਦਾ ਕਮਾਂਡਰ, ਪੂਰੀ ਇਮਾਰਤ ਹੀ ਕਰ ਦਿੱਤੀ ਢੇਰ
NEXT STORY