ਬਿਊਨਸ ਆਇਰਸ (ਏਜੰਸੀ)— ਅਰਜਨਟੀਨਾ ਦੀ ਇਕ ਅਦਾਲਤ ਨੇ ਪਤੀ-ਪਤਨੀ ਦੇ ਇਕ ਮਾਮਲੇ ਵਿਚ ਮਹੱਤਵਪੂਰਣ ਫੈਸਲਾ ਸੁਣਾਇਆ। ਇੱਥੇ ਅਦਾਲਤ ਨੇ ਇਕ ਵਿਅਕਤੀ ਨੂੰ ਆਪਣੀ ਤਲਾਕਸ਼ੁਦਾ ਪਤਨੀ ਤੋਂ 27 ਸਾਲ ਤੱਕ ਘਰ ਦਾ ਕੰਮ ਕਰਵਾਉਣ ਦੇ ਬਦਲੇ 1 ਲੱਖ 73 ਹਜ਼ਾਰ ਡਾਲਰ ਮਤਲਬ 1 ਕਰੋੜ 20 ਲੱਖ ਰੁਪਏ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਕਿਉਂਕਿ ਘਰ ਦੇ ਮੈਂਬਰਾਂ ਦਾ ਖਿਆਲ ਰੱਖਣਾ ਵੀ ਇਕ ਜੌਬ ਹੈ। ਇਸ ਵਿਚ ਸਮੇਂ ਦੇ ਨਾਲ-ਨਾਲ ਮਿਹਨਤ ਵੀ ਜ਼ਿਆਦਾ ਲੱਗਦੀ ਹੈ ਪਰ ਅਕਸਰ ਇਸ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ।
ਜੱਜ ਵਿਕਟੋਰੀਆ ਫਾਮਾ ਨੇ ਪਿਛਲੇ ਦਿਨੀਂ ਵਿਚ ਇਸ ਮਾਮਲੇ ਵਿਚ ਇਹ ਆਦੇਸ਼ ਜਾਰੀ ਕੀਤਾ। ਜੱਜ ਨੇ ਆਦੇਸ਼ ਦਿੰਦਿਆਂ ਇਸ ਗੱਲ 'ਤੇ ਧਿਆਨ ਦਿੱਤਾ ਕਿ ਜੋੜੇ ਦੇ ਵਿਆਹ ਦੌਰਾਨ ਮਹਿਲਾ ਨੇ ਘਰ ਦੇ ਸਾਰੇ ਕੰਮ ਜ਼ਿੰਮੇਵਾਰੀ ਨਾਲ ਨਿਭਾਏ ਪਰ 60 ਸਾਲ ਦੇ ਹੁੰਦੇ ਹੀ ਉਸ ਦੇ ਪਤੀ ਨੇ ਛੱਡ ਦਿੱਤਾ। ਇਸ ਉਮਰ ਵਿਚ ਮਹਿਲਾ ਨਾ ਤਾਂ ਕੋਈ ਨੌਕਰੀ ਕਰ ਸਕਦੀ ਸੀ ਅਤੇ ਨਾ ਹੀ ਉਸ ਨੂੰ ਕੋਈ ਸਾਂਭਣ ਵਾਲਾ ਸੀ। ਉਹ ਸਿਰਫ ਸਰਕਾਰ ਤੋਂ ਮਿਲਣ ਵਾਲੀ ਮਦਦ 'ਤੇ ਹੀ ਨਿਰਭਰ ਸੀ ਜਦਕਿ ਉਸ ਦਾ ਪਤੀ ਐਸ਼ੋ ਆਰਾਮ ਨਾਲ ਰਹਿਣ ਲੱਗਾ।
ਜੱਜ ਫਾਮਾ ਨੇ ਆਪਣੇ ਫੈਸਲੇ ਵਿਚ ਲਿਖਿਆ,''ਇਸ ਮਾਮਲੇ ਵਿਚ ਪਤਨੀ ਨੇ ਵਿਆਹ ਦੇ ਬਾਅਦ ਨੌਕਰੀ ਨਾ ਕਰਨ ਦਾ ਫੈਸਲਾ ਕੀਤਾ ਤਾਂ ਜੋ ਪਤੀ ਅਤੇ ਬੱਚਿਆਂ ਦਾ ਧਿਆਨ ਚੰਗੀ ਤਰ੍ਹਾਂ ਰੱਖ ਸਕੇ। ਅਰਥ ਸ਼ਾਸਤਰ ਵਿਚ ਡਿਗਰੀ ਹੋਣ ਦੇ ਬਾਵਜੂਦ ਕਰੀਅਰ ਨਹੀਂ ਬਣਾਇਆ। ਜੇਕਰ ਉਹ ਨੌਕਰੀ ਕਰ ਰਹੀ ਹੁੰਦੀ ਤਾਂ 60 ਸਾਲ ਦੀ ਉਮਰ ਵਿਚ ਉਸ ਨੂੰ ਰਿਟਾਇਰਮੈਂਟ ਦੇ ਬਾਅਦ ਆਮਦਨ ਹੁੰਦੀ।''
ਜੱਜ ਫਾਮਾ ਮੁਤਾਬਕ,''ਪਤਨੀਆਂ ਦੀ ਪਤੀ 'ਤੇ ਆਰਥਿਕ ਨਿਰਭਰਤਾ ਇਕ ਅਜਿਹਾ ਮਹੱਤਵਪੂਰਣ ਮੁੱਦਾ ਹੈ, ਜਿਸ ਕਾਰਨ ਔਰਤਾਂ ਨੂੰ ਸਮਾਜ ਵਿਚ ਦਬਾਇਆ ਜਾਂਦਾ ਹੈ। ਇਸ ਮਾਮਲੇ ਵਿਚ ਇਹ ਜੋੜਾ 2009 ਵਿਚ ਵੱਖਰਾ ਹੋਇਆ ਅਤੇ 2 ਸਾਲ ਬਾਅਦ ਤਲਾਕ ਲੈ ਲਿਆ। ਉਦੋਂ ਤੋਂ ਲੈ ਕੇ ਹੁਣ ਤੱਕ ਮਹਿਲਾ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਸ ਕੋਲ ਕੋਈ ਨੌਕਰੀ ਨਹੀਂ ਜਦਕਿ ਉਸ ਦਾ ਪਤੀ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਇਸ ਲਈ ਉਸ ਦੇ ਸਾਬਕਾ ਪਤੀ ਨੂੰ ਉਸ ਨੂੰ ਮੁਆਵਜ਼ਾ ਦੇਣਾ ਪਵੇਗਾ।''
ਇਸ ਫੈਸਲੇ 'ਤੇ ਲੈਟਿਨ ਅਮਰੀਕੀ ਜਸਟਿਸ ਐਂਡ ਜੈਂਡਰ ਟੀਮ ਦੀ ਕਾਰਜਕਾਰੀ ਡਾਇਰੈਕਟਰ ਲੂਸੀਆ ਮਾਰਟੇਲੋਟ ਦਾ ਕਹਿਣਾ ਹੈ,''ਇਹ ਫੈਸਲਾ ਕਾਫੀ ਵੱਖਰਾ ਅਤੇ ਨਵਾਂ ਹੈ ਕਿਉਂਕਿ ਇਸ ਨੇ ਔਰਤਾਂ ਦੇ ਘਰ ਦਾ ਕੰਮ ਕਰਨ ਨੂੰ ਮਹੱਤਤਾ ਦਿੱਤੀ ਹੈ।'' ਉਂਝ ਵੀ ਔਰਤਾਂ ਨੂੰ ਘਰ ਦਾ ਕੰਮ ਕਰਨ ਦੇ ਬਦਲੇ ਕੋਈ ਤਨਖਾਹ ਨਹੀਂ ਮਿਲਦੀ। ਅਰਜਨਟੀਨਾ ਦੇ ਵਕੀਲਾਂ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਮਹਿਲਾ ਨੂੰ ਮਿਲਣ ਵਾਲੀ ਰਾਸ਼ੀ ਨੂੰ ਬੇਮਿਸਾਲ ਦੱਸਿਆ।
ਯੂ. ਐੱਸ. ਮਰੀਨ ਦੀ ਵਰਤੋਂ ਲਈ ਆਸਟ੍ਰੇਲੀਆ ਬਣਾ ਰਿਹੈ ਨਵੀਂ ਬੰਦਰਗਾਹ ਦੀ ਯੋਜਨਾ
NEXT STORY