ਆਕਲੈਂਡ- ਨਿਊਜ਼ੀਲੈਂਡ ਵਿਚ ਹਰਨੇਕ ਸਿੰਘ ਨੇਕੀ ਨਾਂ ਦੇ ਰੇਡੀਓ ਹੋਸਟ 'ਤੇ ਜਾਨਲੇਵਾ ਹਮਲਾ ਹੋਇਆ ਹੈ ਅਤੇ ਉਸ ਦੇ ਨਜ਼ਦੀਕੀ ਸਾਥੀਆਂ ਤੇ ਪਤਨੀ ਨੇ ਅੱਜ ਪਹਿਲੀ ਵਾਰ ਨਿਊਜ਼ੀਲੈਂਡ ਦੇ ਕੌਂਮੀ ਮੀਡੀਆ ਨੂੰ ਦਿੱਤੇ ਬਿਆਨ `ਚ ਕਿਹਾ ਹੈ ਕਿ ਨੇਕੀ `ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਘਰ ਜਾ ਰਿਹਾ ਸੀ। ਹਮਲਾਵਰਾਂ ਨੇ ਉਸ ਦੀ ਗੱਡੀ `ਤੇ ਹਮਲਾ ਕਰਕੇ ਸ਼ੀਸ਼ੇ ਭੰਨ੍ਹ ਦਿੱਤੇ ਸਨ। ਉਸ ਦੀ ਹਾਲਤ ਗੰਭੀਰ ਪਰ ਸਥਿਰ ਦੱਸੀ ਜਾ ਰਹੀ ਹੈ। ਸਾਥੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਧਮਕੀਆਂ ਮਿਲ ਰਹੀਆਂ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਰੇਡੀਓ ਵਿਰਸਾ `ਤੇ ਨੇਕੀ ਨਾਲ ਸਾਥ ਨਿਭਾਉਣ ਵਾਲੇ ਸੁਖਮਿੰਦਰ ਸਿੰਘ ਨੇ ਘਟਨਾ ਤੋਂ ਬਾਅਦ ਅੱਜ ਕੌਂਮੀ ਮੀਡੀਆ ਕੋਲ ਪਹਿਲੀ ਵਾਰ ਖੁਲਾਸਾ ਕੀਤਾ ਹੈ ਕਿ ਹਰਨੇਕ ਨੇਕੀ `ਤੇ ਜਦੋਂ ਹਮਲਵਰਾਂ ਨੇ ਹਮਲਾ ਕੀਤਾ ਤਾਂ ਉਸ ਵੇਲੇ ਨੇਕੀ ਆਪਣੇ ਘਰ ਜਾ ਰਿਹਾ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਵੀ ਪਤਾ ਨਹੀਂ ਕਿ ਨੇਕੀ ਹਮਲੇ 'ਚੋਂ ਬਚ ਕਿਵੇਂ ਗਿਆ? ਹਾਲਾਂਕਿ ਉਸ `ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਨਾਲ ਨੇਕੀ ਦੀ ਹਾਲਤ ਬਹੁਤ ਹੀ ਗੰਭੀਰ ਹੈ । ਸੁਖਮਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਪਹਿਲਾਂ ਵੀ ਜੁਲਾਈ ਮਹੀਨੇ ਆਕਲੈਂਡ ਦੇ ਇਕ ਰੈਸਟੋਰੈਂਟ `ਚ ਨੇਕੀ `ਤੇ ਹਮਲਾ ਹੋਇਆ ਸੀ ਅਤੇ ਉਸ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ।
ਨੇਕੀ ਦੇ ਇਕ ਹੋਰ ਸਾਥੀ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਨੇਕੀ ਉਸ ਦੇ ਭਰਾ ਵਰਗਾ ਹੈ ਅਤੇ ਉਹ ਰੇਡੀਓ ਵਿਰਸਾ ਦੀ ਟੀਮ ਦੇ ਮੈਂਬਰ ਹਨ ਤੇ ਨੇਕੀ ਉਨ੍ਹਾਂ ਦਾ ਕੈਪਟਨ ਹੈ ਪਰ ਜੋ ਕੁੱਝ 23 ਦਸੰਬਰ ਨੂੰ ਹੋਇਆ ਹੈ, ਉਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਨੇਕੀ ਦੀ ਪਤਨੀ ਪ੍ਰਭਜੀਤ ਦਾ ਕਹਿਣਾ ਹੈ ਕਿ ਨੇਕੀ ਹਸਪਤਾਲ `ਚ ਹੈ ਪਰ ਉਸਦੀ ਹਾਲਤ ਠੀਕ ਹੈ।
ਮਿਡਲਮੋਰ ਹਸਪਤਾਲ ਨੇ ਵੀ ਪੁਸ਼ਟੀ ਕੀਤੀ ਹੈ ਕਿ ਸਰਜਰੀ ਤੋਂ ਬਾਅਦ ਨੇਕੀ ਦੀ ਹਾਲਤ ਗੰਭੀਰ ਪਰ ਸਥਿਰ ਹੈ। ਨੇਕੀ ਦੇ ਘਰ ਕੋਲ ਵੈਟਲ ਡਾਊਨ ਏਰੀਏ `ਚ ਕੇਡਰ ਪਾਰਕ ਸੁਪਰੈਟ ਦੇ ਮਾਲਕ ਉਦੇ ਪਟੇਲ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਆਂਢ-ਗੁਆਂਢ ਦੇ ਲੋਕਾਂ ਨੂੰ ਸਦਮਾ ਲੱਗਾ ਹੈ ਕਿ ਕਿਉਂਕਿ ਪਹਿਲਾਂ ਅਜਿਹੀ ਘਟਨਾ ਕਦੇ ਵੀ ਨਹੀਂ ਹੋਈ। ਇਹ ਇਲਾਕਾ ਬਹੁਤ ਹੀ ਸੁਰੱਖਿਅਤ ਅਤੇ ਸ਼ਾਂਤ ਹੈ, ਜਿਸ ਕਰਕੇ ਉਸ ਨੂੰ ਖੁਦ ਨੂੰ ਯਕੀਨ ਨਹੀਂ ਕਿ ਅਜਿਹੀ ਘਟਨਾ ਹੋ ਸਕਦੀ ਹੈ। ਪਟੇਲ ਨੇ ਦੱਸਿਆ ਕਿ ਭਾਵੇਂ ਘਟਨਾ ਵਾਪਰਨ ਤੋਂ ਪਹਿਲਾਂ ਉਸ ਦੀ ਦੁਕਾਨ ਬੰਦ ਹੋ ਚੁੱਕੀ ਸੀ ਪਰ ਅਗਲੇ ਦਿਨ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ- ਨਿਊਜ਼ੀਲੈਂਡ ਵਾਲੇ ਹਰਨੇਕ ਸਿੰਘ ਨੇਕੀ ਦੀ ਕੁੱਟਮਾਰ ਦਾ ਜਾਣੋ ਪੂਰਾ ਸੱਚ (ਵੀਡੀਓ)
ਨੇਕੀ ਦੇ ਕੁੱਝ ਗੁਆਂਢੀਆਂ ਦਾ ਕਹਿਣਾ ਹੈ ਕਿ ਪਹਿਲਾਂ ਕਦੇ ਵੀ ਅਜਿਹੀ ਘਟਨਾ ਨਹੀਂ ਹੋਈ। ਇੱਕ ਹੋਰ ਗੁਆਂਢੀ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਸਾਇਰਨ ਦੀ ਅਵਾਜ਼ ਸੁਣੀ ਸੀ ਤਾਂ ਉਸ ਨੂੰ ਲੱਗਾ ਕਿ ਕਿਤੇ ਕਾਰ ਹਾਦਸਾਗ੍ਰਸਤ ਹੋ ਗਈ ਹੈ। ਇਸ ਮਾਮਲੇ ਨੂੰ ਲੈ ਕੇ ਪੁਲਸ ਵੱਲੋਂ ਆਮ ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ। ਕਾਊਂਟੀਜ ਮਾਨੁਕਾਊ ਦੇ ਡਿਟੈਕਟਿਵ ਇੰਸਪੈਕਟਰ ਕਰਿਸ ਬੈਰੀ ਅਨੁਸਾਰ ਪੁਲਸ ਦੀ ਤਫ਼ਤੀਸ਼ ਸਹੀ ਦਿਸ਼ਾ ਵੱਲ ਜਾ ਰਹੀ ਹੈ।
►ਇਸ ਖ਼ਬਰ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਆਪਣੀ ਰਾਇ
ਨਿਊਜ਼ੀਲੈਂਡ ਵਾਲੇ ਹਰਨੇਕ ਸਿੰਘ ਨੇਕੀ ਦੀ ਕੁੱਟਮਾਰ ਦਾ ਜਾਣੋ ਪੂਰਾ ਸੱਚ (ਵੀਡੀਓ)
NEXT STORY