ਪੈਰਿਸ (ਭਾਸ਼ਾ)- ਪੈਰਿਸ ਦੇ ਵਿਅਸਤ ਗਾਰੇ ਡੂ ਨੋਰਡ ਰੇਲਵੇ ਸਟੇਸ਼ਨ 'ਤੇ ਬੁੱਧਵਾਰ ਸਵੇਰੇ ਇਕ ਵਿਅਕਤੀ ਨੇ ਬਿਨਾਂ ਉਕਸਾਵੇ ਦੇ ਚਾਕੂ ਨਾਲ ਹਮਲਾ ਕਰਕੇ 6 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਫਰਾਂਸ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਹਮਲਾਵਰ ਨੂੰ ਪੁਲਸ ਨੇ ਗੋਲੀ ਮਾਰ ਦਿੱਤੀ ਹੈ। ਗ੍ਰਹਿ ਮੰਤਰੀ ਗੇਰਾਲਡ ਡਾਰਮੇਨਿਨ ਨੇ ਘਟਨਾ ਵਾਲੀ ਥਾਂ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲਾਵਰ ਨੇ ਸਵੇਰੇ 6.43 ਵਜੇ ਦੇ ਕਰੀਬ 'ਤੇਜ਼ਧਾਰ ਹਥਿਆਰ' ਨਾਲ ਇਕ ਪੁਲਸ ਅਧਿਕਾਰੀ ਸਮੇਤ ਕਈ ਲੋਕਾਂ 'ਤੇ ਹਮਲਾ ਕੀਤਾ ਸੀ।
ਉਨ੍ਹਾਂ ਅੱਗੇ ਕਿਹਾ ਕਿ ਅਣਪਛਾਤਾ ਹਮਲਾਵਰ ਇਸ ਸਮੇਂ ਇਕ ਹਸਪਤਾਲ ਵਿੱਚ ਦਾਖ਼ਲ ਹੈ। ਅਧਿਕਾਰੀਆਂ ਮੁਤਾਬਕ ਜ਼ਖ਼ਮੀਆਂ 'ਚ ਕਈ ਯਾਤਰੀ ਅਤੇ ਇਕ ਸੀਮਾ ਪੁਲਸ ਅਧਿਕਾਰੀ ਸ਼ਾਮਲ ਹੈ। ਡਰਮੇਨਿਨ ਨੇ ਕਿਹਾ ਕਿ ਹਮਲਾਵਰ ਨੇ ਅਧਿਕਾਰੀ ਦੀ ਪਿੱਠ ਵਿੱਚ ਚਾਕੂ ਮਾਰਿਆ ਸੀ, ਪਰ ਉਹ ਬਚ ਗਿਆ ਕਿਉਂਕਿ ਉਸ ਨੇ ਬੁਲੇਟਪਰੂਫ ਜੈਕੇਟ ਪਾਈ ਹੋਈ ਸੀ। ਇਕ ਹੋਰ ਪੀੜਤ ਦੇ ਮੋਢੇ 'ਤੇ ਗੰਭੀਰ ਸੱਟ ਲੱਗੀ ਹੈ ਅਤੇ ਉਸ ਨੂੰ ਐਮਰਜੈਂਸੀ ਇਲਾਜ ਲਈ ਲਿਜਾਇਆ ਗਿਆ ਹੈ। ਡਰਮੇਨਿਨ ਨੇ ਪੁਲਸ ਦੀ "ਪ੍ਰਭਾਵਸ਼ਾਲੀ ਅਤੇ ਦਲੇਰ ਕਾਰਵਾਈ" ਲਈ ਪ੍ਰਸ਼ੰਸਾ ਕੀਤੀ। ਗਾਰੇ ਡੂ ਨੋਰਡ ਫਰਾਂਸ ਦੀ ਰਾਜਧਾਨੀ ਵਿੱਚ ਸਭ ਤੋਂ ਵਿਅਸਤ ਯਾਤਰੀ ਸਟੇਸ਼ਨਾਂ ਵਿੱਚੋਂ ਇੱਕ ਹੈ। ਫਿਲਹਾਲ ਅਧਿਕਾਰੀਆਂ ਵੱਲੋਂ ਹਮਲੇ ਦੇ ਸੰਦਰਭ ਵਿੱਚ ਅੱਤਵਾਦ ਸਮੇਤ ਕਿਸੇ ਖਾਸ ਮਕਸਦ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।
ਕੈਲੀਫੋਰਨੀਆ 'ਚ ਹੜ੍ਹ ਕਾਰਨ ਹਾਲਾਤ ਹੋਏ ਖ਼ਰਾਬ, ਪਾਣੀ 'ਚ ਡੁੱਬਿਆ ਪੂਰਾ ਸ਼ਹਿਰ, 17 ਲੋਕਾਂ ਦੀ ਮੌਤ
NEXT STORY