ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਬੀਤੇ ਦਿਨੀਂ ਮੋਰਟਨ ਫੈਡਰਲ ਹਲਕੇ ਵਿਚ ਹੋਏ ਗ੍ਰੀਨ ਪਾਰਟੀ ਦੇ ਬਾਰਬੀਕਿਊ ਵਿਚ ਵੱਖ-ਵੱਖ ਭਾਈਚਾਰੇ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ । ਇੱਥੇ ਬੋਲਦਿਆਂ ਮੋਰਟਨ ਹਲਕੇ ਦੇ ਉਮੀਦਵਾਰ ਬੀਬੀ ਪੈਟਸੀ ਓ' ਬਰਾਇਨ ਨੇ ਕਿਹਾ ਕਿ ਸਰਕਾਰ ਮਾਪਿਆਂ ਦੇ ਮੁੱਦੇ ਨੂੰ ਪੈਸੇ ਕਮਾਉਣ ਦਾ ਜ਼ਰੀਆ ਬਣਾ ਰਹੀ ਹੈ। ਉਹ ਸਮੇਂ-ਸਮੇਂ 'ਤੇ ਵੱਖੋਂ-ਵੱਖ ਭਾਈਚਾਰਿਆਂ ਨੂੰ ਆਨੇ-ਬਹਾਨੇ ਨਿਸ਼ਾਨਾ ਬਣਾ ਕੇ ਭਾਈਚਾਰਕ ਤੰਦਾਂ ਨੂੰ ਕਮਜ਼ੋਰ ਕਰ ਰਹੀ ਹੈ। ਉਨ੍ਹਾਂ ਸਰਕਾਰ ਦੇ ਵਾਧੇ ਵਾਲੇ ਪੇਸ਼ ਕੀਤੇ ਬਜਟ ਨੂੰ ਛਲਾਵਾ ਦੱਸਦਿਆਂ ਕਿਹਾ ਕਿ ਇਸ ਵੇਲੇ ਬਹੁਤੇ ਕਾਰੋਬਾਰ ਆਰਥਿਕ ਮੰਦਵਾੜੇ ਦੀ ਮਾਰ ਝੱਲ ਰਹੇ ਹਨ ਅਤੇ ਆਸਟਰੇਲੀਆ ਵਿਚ ਘਰੇਲੂ ਕਰਜ਼ੇ ਸਾਰੀ ਦੁਨੀਆ ਤੋਂ ਵੱਧ ਹਨ।
ਗ੍ਰੀਨ ਪਾਰਟੀ ਦੇ ਸੈਨੇਟ ਦੇ ਉਮੀਦਵਾਰ ਨਵਦੀਪ ਸਿੰਘ ਨੇ ਕਿਹਾ ਕਿ ਗ੍ਰੀਨ ਪਾਰਟੀ ਕਾਰੋਬਾਰੀ ਅਦਾਰਿਆਂ ਤੋਂ ਚੋਣ ਫੰਡ ਨਹੀਂ ਲੈਂਦੀ ਸਗੋਂ ਲੋਕਾਂ ਦੇ ਫੰਡਾਂ ਨਾਲ ਚੋਣ ਲੜ ਕੇ ਲੋਕਾਂ ਦੀ ਸਹੀ ਨੁਮਾਇੰਦਗੀ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਸੈਨੇਟ ਵਿਚ ਗ੍ਰੀਨ ਪਾਰਟੀ ਨੇ ਸਿਟੀਜ਼ਨਸ਼ਿਪ ਲਈ ਸਖ਼ਤ ਅੰਗਰੇਜ਼ੀ ਦੀ ਸ਼ਰਤ ਨੂੰ ਲਾਗੂ ਹੋਣੋਂ ਰੋਕਣ, ਮਾਪਿਆਂ ਨੂੰ ਬੁਲਾਉਣ ਲਈ ਆਮਦਨ ਦੀ ਘੱਟੋ-ਘੱਟ ਹੱਦ ਵਧਣ ਤੋਂ ਰੋਕਣ ਅਤੇ ਕਿਸੇ ਨੂੰ ਵੀ ਧਰਮ ਜਾਂ ਨਸਲ ਦੇ ਆਧਾਰ ਤੇ ਬੇਇੱਜਤ ਕਰਨ ਤੋਂ ਰੋਕਣ ਵਾਲੇ ਕਾਨੂੰਨ ਨੂੰ ਖਤਮ ਹੋਣ ਤੋਂ ਰੋਕਣ ਆਦਿ ਵਿਚ ਮੋਹਰੀ ਭੂਮਿਕਾ ਨਿਭਾਈ ਹੈ।
ਗਰੀਨ ਪਾਰਟੀ ਨੇ ਆਸਟਰੇਲੀਆ ਦੇ ਵਿਚ ਘੱਟ ਗਿਣਤੀਆਂ ਅਤੇ ਪ੍ਰਵਾਸੀਆਂ ਦੇ ਹੱਕਾਂ ਦੀ ਡਟ ਕੇ ਰਾਖੀ ਕੀਤੀ ਹੈ। ਲੇਬਰ ਅਤੇ ਲਿਬਰਲ ਪਾਰਟੀ ਨੇ ਕੱਚੇ ਤੌਰ 'ਤੇ ਰਹਿਣ ਵਾਲੇ ਮਾਪਿਆਂ ਦਾ ਬੀਮਾ ਕਰਨ ਵਾਲੀ ਕੰਪਨੀ ਤੋਂ ਛੇ ਲੱਖ ਦੇ ਕਰੀਬ ਚੋਣ ਫੰਡ ਵਿਚ ਲਏ ਹਨ ਅਤੇ ਇਸੇ ਲਈ ਇਹ ਪਾਰਟੀਆਂ ਮਾਪਿਆਂ ਨੂੰ ਪੱਕੇ ਤੌਰ ਤੇ ਵਸਣ ਤੋਂ ਰੋਕਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀਆਂ ਹਨ।ਇਸ ਮੌਕੇ ਹੋਰ ਭਾਈਚਾਰਿਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਇਸ ਸਮਾਗਮ ਵਿਚ ਪ੍ਰਣਾਮ ਸਿੰਘ, ਹੇਅਰ ਗੁਰਪ੍ਰੀਤ ਸਿੰਘ ਬੱਲ, ਐੱਸ.ਪੀ. ਸਿੰਘ, ਮਨਦੀਪ ਸਿੰਘ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ, ਨਵਤੇਜਿੰਦਰ ਸੰਧੂ, ਰੱਬੀ ਤੂਰ ਅਤੇ ਹੋਰ ਸ਼ਖ਼ਸ਼ੀਅਤਾਂ ਨੇ ਸ਼ਮੂਲੀਅਤ ਕੀਤੀ।
ਬ੍ਰਿਟਿਸ਼ ਅਦਾਲਤ ਨੇ ਅਸਾਂਜੇ ਨੂੰ ਜ਼ਮਾਨਤ ਸ਼ਰਤਾਂ ਦਾ ਉਲੰਘਣ ਕਰਨ ਦਾ ਦੋਸ਼ੀ ਪਾਇਆ
NEXT STORY