ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਆਸਟ੍ਰੇਲੀਆਈ ਸੰਘੀ ਅਤੇ ਸੂਬਾਈ ਸਰਕਾਰਾਂ ਵਲੋਂ ਕੋਵਿਡ-19 ‘ਚ ਹੋਏ ਸੁਧਾਰ ਅਤੇ ਨਵੇਂ ਕੇਸਾਂ ਵਿੱਚ ਆਈ ਕਮੀ ਦੇ ਚੱਲਦਿਆਂ ਸਮੁੱਚੇ ਦੇਸ਼ ਵਿੱਚ ਕੁੱਝ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ ਅਤੇ ਵੱਖ-ਵੱਖ ਸੂਬਿਆਂ 'ਚ ਤਾਲਾਬੰਦੀ ਤੋਂ ਕੁਝ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਲਾਨ ਕਰਦਿਆਂ ਕਿਹਾ ਕਿ ਆਸਟ੍ਰੇਲੀਆਈ ਲੋਕਾਂ ਨੇ ਕੋਰੋਨਾਵਾਇਰਸ ਵਿਰੁੱਧ ਬਹੁਤ ਹੀ ਸੰਜਮ ਤੇ ਅਹਿਤੀਆਦ ਵਰਤਦਿਆਂ ਇਕਜੁੱਟਤਾ ਨਾਲ ਲੜਾਈ ਲੜੀ ਹੈ, ਜਿਸ ਨਾਲ ਬਿਹਤਰ ਨਤੀਜੇ ਆਏ ਹਨ। ਜਿਸਦੇ ਫਲਸਰੂਪ ਤਾਲਾਬੰਦੀ ਅਤੇ ਕਾਰੋਬਾਰਾਂ ਨੂੰ ਦੇਸ਼ ਵਿਆਪੀ ਪਾਬੰਦੀਆਂ ਤੋਂ ਕੁਝ ਨਿਜਾਤ ਦਿੱਤੀ ਗਈ ਹੈ।ਉਹਨਾਂ ਦੇਸ਼ ਵਾਸੀਆਂ ਨੂੰ “ਕੋਵਿਡਸੇਫ” ਸੰਪਰਕ ਟਰੇਸਿੰਗ ਐਪ ਨੂੰ ਫੋਨ 'ਚ ਡਾਊਨਲੋਡ ਕਰਨ ਦੀ ਵੀ ਅਪੀਲ ਵੀ ਕੀਤੀ ਹੈ ਤਾਂ ਜੋ ਆਵਾਮ ਦੀ ਸਿਹਤ ‘ਤੇ ਨਿਗਰਾਨੀ ਰੱਖੀ ਜਾ ਸਕੇ।
ਸੂਬਾ ਨਿਊ ਸਾਊਥ ਵੇਲਜ਼ ਅਤੇ ਆਸਟ੍ਰੇਲੀਅਨ ਕੈਪੀਟਲ ਟੈਰੇਟਰੀ
ਸੂਬਾ ਨਿਊ ਸਾਊਥ ਵੇਲਜ਼ ਅਤੇ ਐਕਟ ਦੋ ਮਹੀਨਿਆਂ ਦੀ ਤਾਲਾਬੰਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਦੋ ਬਾਲਗ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਦੇ ਘਰ ਜਾਣ ਦੀ ਆਗਿਆ ਹੋਵੇਗੀ। ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ਦੇ ਵਸਨੀਕ ਵੀ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਲਈ ਕੈਨਬਰਾ ਖੇਤਰ ਤੋਂ ਬਾਹਰ ਵੀ ਜਾ ਸਕਣਗੇ।
ਸੂਬਾ ਵਿਕਟੋਰੀਆ
ਵਿਕਟੋਰੀਆ ਸੂਬਾ ਵਿੱਚ ਸਖਤ ਤਾਲਾਬੰਦੀ ਦੇ ਚੱਲਦਿਆਂ ਘਰ ਦੇ ਅੰਦਰ ਅਤੇ ਬਾਹਰ ਦੋ ਵਿਅਕਤੀ ਨਿਯਮ ਹੀ ਲਾਗੂ ਹੈ। ਦੋ ਵਿਅਕਤੀ ਤੋਂ ਜਿਆਦਾ ਲੋਕਾਂ ਨੂੰ ਆਪਣੇ ਘਰ ਦੇ ਅੰਦਰ ਜਾ ਬਾਹਰ ਮਹਿਮਾਨ ਨਿਵਾਜੀ ਨਹੀਂ ਕਰ ਸਕਦੇ। ਰਾਜ ਵਲੋਂ ਕੋਰੋਨਵਾਇਰਸ ਦੇ ਕਾਰਨ ਵਿਆਪਕ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਜੁਲਾਈ ਵਿੱਚ ਪੱਬਾਂ, ਕਲੱਬਾਂ ਤੇ ਕ੍ਰਾਸ ਕੈਸੀਨ ਨੂੰ ਦੁਬਾਰਾ ਖੋਲ੍ਹਣ ਲਈ ਇੱਕ ਟਾਸਕ ਫੋਰਸ ਬਣਾਈ ਜਾ ਰਹੀ ਹੈ, ਜੋ ਸਰਕਾਰ ਨੂੰ ਸੁਝਾਅ ਦੇਵੇਗੀ।
ਸੂਬਾ ਕੁਈਨਜ਼ਲੈਂਡ
ਕੁਈਨਜਲੈਂਡ ਸੂਬੇ ਵਿਚ ਬੀਤੇ ਹਫ਼ਤੇ ਸਿਰਫ ਅੱਠ ਨਵੇ ਕੇਸ ਆਏ ਸਨ। ਜਿਸ ਦੇ ਚੱਲਦਿਆਂ ਰਾਜ ਸਰਕਾਰ ਵਲੋ ਤਾਲਾਬੰਦੀ ਵਿੱਚ ਕਾਫੀ ਹੱਦ ਤੱਕ ਢਿੱਲ ਦਿੱਤੀ ਗਈ ਹੈ। ਕੁਈਨਜ਼ਲੈਂਡਰ ਆਪਣੇ ਘਰ ਦੇ 50 ਕਿਲੋਮੀਟਰ ਦੇ ਘੇਰੇ ਵਿਚ ਯਾਤਰਾ ਕਰ ਸਕਣਗੇ, ਗੈਰ ਜ਼ਰੂਰੀ ਕਾਰਨਾਂ ਕਰਕੇ ਯਾਤਰਾ 'ਤੇ ਜਾ ਸਕਣਗੇ। ਮੋਟਰਸਾਈਕਲ, ਜੇਟ ਸਕੀ ਜਾਂ ਕਿਸ਼ਤੀ ਨਾਲ ਸਮੁੰਦਰ ਵਿਚ ਤਾਰੀਆਂ ਵੀ ਲਗਾ ਸਕਣਗੇ। ਲੋਕਾਂ ਨੂੰ ਪਿਕਨਿਕ, ਪਾਰਕਾਂ, ਰਾਸ਼ਟਰੀ ਪਾਰਕਾਂ ਅਤੇ ਗੈਰ ਜ਼ਰੂਰੀ ਚੀਜ਼ਾਂ ਦੀ ਦੁਕਾਨਾਂ 'ਤੇ ਖਰੀਦਦਾਰੀ ਕਰਨ ਦੀ ਇਜਾਜ਼ਤ ਹੋਵੇਗੀ। ਸਮਾਜਿਕ ਦੂਰੀ ਦੇ ਨਿਯਮ ਸਖਤੀ ਨਾਲ ਲਾਗੂ ਹਨ। ਪ੍ਰੀਮੀਅਰ ਨੇ ਕਿਹਾ ਹੈ ਕਿ ਜੇ ਆਉਣ ਵਾਲੇ ਦਿਨਾਂ ਵਿਚ ਕੋਵਿਡ-19 ਦੇ ਨਵੇਂ ਕੇਸਾਂ 'ਚ ਤੇਜ਼ੀ ਆਉਂਦੀ ਹੈ ਤਾਂ ਸਰਕਾਰ ਤਾਲਾਬੰਦੀ ਦੇ ਨਿਯਮਾਂ ਵਿਚ ਸਖਤੀ ਵੀ ਕਰ ਸਕਦੀ ਹੈ।
ਸੂਬਾ ਦੱਖਣੀ ਅਤੇ ਪੱਛਮੀ ਆਸਟ੍ਰੇਲੀਆ
ਸੂਬਾ ਦੱਖਣੀ ਆਸਟ੍ਰੇਲੀਆ ਅਤੇ ਪੱਛਮੀ ਆਸਟ੍ਰੇਲੀਆ ਵਿੱਚ ਘਰ ਦੇ ਅੰਦਰ ਜਾ ਬਾਹਰ 10 ਲੋਕਾਂ ਦੇ ਇਕੱਠ ਦੀ ਆਗਿਆ ਹੈ, ਬਸ਼ਰਤੇ ਲੋਕ 1.5 ਮੀਟਰ ਦੀ ਦੂਰੀ ਬਣਾਈ ਰੱਖਣ ਦੇ ਨਿਯਮ ਘਰ ਦੇ ਅੰਦਰ ਅਤੇ ਬਾਹਰ ਦੋਵਾਂ ਇਕੱਠ ਲਈ ਲਾਗੂ ਹੁੰਦੇ ਹਨ।
ਨਾਰਦਨ ਟੈਰੇਟਰੀ
ਨਾਰਦਨ ਟੈਰੀਟਰੀ ਵਿੱਚ ਸਰਕਾਰ ਵਲੋਂ ਤਾਲਾਬੰਦੀ ਵਿੱਚ ਕੁਝ ਵੱਡੀਆਂ ਤਬਦੀਲੀਆਂ ਦਾ ਐਲਾਨ ਕੀਤਾ ਹੈ। ਲੋਕਾਂ ਨੂੰ ਹੁਣ 10 ਵਿਅਕਤੀਆਂ ਦੀ ਸੀਮਾ ਦੇ ਅਧੀਨ ਨਹੀਂ ਰੱਖਿਆ ਗਿਆ। ਪ੍ਰਦੇਸ਼ ਦੇ ਲੋਕਾਂ ਨੂੰ ਬਿਨਾਂ ਸੰਪਰਕ ਵਾਲੀਆਂ ਖੇਡਾਂ, ਮੱਛੀ ਫੜਨ, ਕੈਂਪਿੰਗ ਅਤੇ ਤੈਰਾਕੀ ਦੀਆਂ ਬਹੁਤ ਸਾਰੀਆਂ ਬਾਹਰੀ ਗਤੀਵਿਧੀਆਂ ਵਿਚ ਜਾਣ ਦੀ ਆਗਿਆ ਹੈ। ਵਿਆਹ ਅਤੇ ਸੰਸਕਾਰ ਵਿਚ ਸ਼ਾਮਲ ਹੋਣ ਦੀਆਂ ਵੀ ਕੋਈ ਸੀਮਾਵਾਂ ਨਹੀਂ ਹਨ ਬਸ਼ਰਤੇ ਲੋਕ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਬਣਾਈ ਰੱਖਣ।
ਸੂਬਾ ਤਸਮਾਨੀਆ
ਤਸਮਾਨੀਆ ਅਗਲੇ ਹਫਤੇ ਤੱਕ ਤਾਲਾਬੰਦੀ ਵਿੱਚ ਕੋਈ ਵੀ ਢਿੱਲ ਦੇਣ ਦੇ ਰੌਂਅ ਵਿੱਚ ਨਹੀਂ ਹੈ। ਰਾਜ ਸਰਕਾਰ ਨੇ ਸੰਕੇਤ ਦਿੱਤੇ ਹਨ ਕਿ ਸੂਬਾ ਵਾਇਰਸ ਤੋ ਸੁਰੱਖਿਅਤ ਹੋ ਗਿਆ ਤਾਂ ਬਾਹਰੀ ਪਾਰਕਾਂ ਅਤੇ ਮਨੋਰੰਜਨ ਦੇ ਖੇਤਰਾਂ ਵਿਚ ਜਲਦੀ ਹੀ ਪਾਬੰਦੀਆਂ ਘਟਾ ਦਿਤੀਆਂ ਜਾਣਗੀਆਂ। ਆਸਟ੍ਰੇਲੀਆ 'ਚ ਕੋਰੋਨਾਵਾਇਰਸ ਦੇ ਕੁੱਲ ਕੇਸ 6,767, ਠੀਕ ਹੋਏ 5,745 ਅਤੇ ਮੌਤਾਂ ਦੀ ਗਿਣਤੀ 93 ਹੈ।
ਪਾਕਿ 'ਚ 408 ਲੋਕਾਂ ਦੀ ਮੌਤ, ਬ੍ਰਿਟੇਨ ਨੇ 1 ਲੱਖ ਪਰੀਖਣਾਂ ਦਾ ਟੀਚਾ ਕੀਤਾ ਪੂਰਾ
NEXT STORY