ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿਚ ਇਕ 23 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨੌਜਵਾਨ 'ਤੇ ਦੋਸ਼ ਹੈ ਕਿ ਉਸ ਨੇ ਕਥਿਤ ਤੌਰ 'ਤੇ ਕੁਈਨਜ਼ਲੈਂਡ ਮਸਜਿਦ ਵਿਚ ਕਾਰ ਨਾਲ ਟੱਕਰ ਮਾਰੀ ਹੈ। ਨਿਊਜ਼ੀਲੈਂਡ ਦੀ ਕ੍ਰਾਈਸਟਚਰਚ ਵਿਚ ਦੋ ਮਸਜਿਦਾਂ 'ਤੇ ਹੋਏ ਅੱਤਵਾਦੀ ਹਮਲੇ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਸੀ ਕਿ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਕਾਰ ਸਵਾਰ ਨੌਜਵਾਨ ਨੇ ਇਕ ਮਸਜਿਦ ਦੇ ਗੇਟ ਵਿਚ ਟੱਕਰ ਮਾਰ ਦਿੱਤੀ ਅਤੇ ਮਸਜਿਦ ਅੰਦਰ ਮੌਜੂਦ ਨਮਾਜ਼ੀਆਂ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ। ਇਸ ਘਟਨਾ ਨਾਲ ਸਾਰੇ ਨਮਾਜ਼ੀ ਸਹਿਮ ਗਏ। ਪੁਲਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਕੁਈਨਜ਼ਲੈਂਡ ਪੁਲਸ ਮੁਤਾਬਕ ਮਾਮਲਾ ਸ਼ਨੀਵਾਰ ਦਾ ਹੈ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਕੁਈਨਜ਼ਲੈਂਡ ਪੁਲਸ ਨੇ ਸ਼ੁੱਕਰਵਾਰ ਨੂੰ 23 ਸਾਲਾ ਨੌਜਵਾਨ ਨੂੰ ਸੜਕ ਕਿਨਾਰੇ ਰੋਕ ਕੇ ਉਸ ਦਾ ਡਰੱਗ ਟੈਸਟ ਕੀਤਾ ਸੀ। ਨੌਜਵਾਨ ਦਾ ਟੈਸਟ ਪੌਜੀਟਿਵ ਨਿਕਲਿਆ। ਪੁਲਸ ਨੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ। ਨਾਲ ਹੀ 24 ਘੰਟੇ ਤੱਕ ਉਸ ਦੇ ਗੱਡੀ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ। ਪੁਲਸ ਨੇ ਕਾਫੀ ਦੇਰ ਤੱਕ ਨੌਜਵਾਨ ਨੂੰ ਹਿਰਾਸਤ ਵਿਚ ਰੱਖਿਆ। ਸਮਾਂ ਪੂਰਾ ਹੋਣ ਦੇ ਬਾਅਦ ਜਦੋਂ ਨੌਜਵਾਨ ਨੂੰ ਛੱਡਿਆ ਗਿਆ ਤਾਂ ਉਹ ਸਿੱਧੇ ਆਪਣੀ ਗੱਡੀ ਵਿਚ ਸਵਾਰ ਹੋ ਗਿਆ।
ਇਸ ਮਗਰੋਂ ਨੌਜਵਾਨ ਨੇ ਸਟਾਕਲੇਅ ਵਿਚ ਨੇੜੇ ਮੌਜੂਦ ਬੈਤੁਲ ਮਸਰੂਰ ਮਸਜਿਦ ਦੇ ਮੁੱਖ ਦਰਵਾਜੇ 'ਤੇ ਟੱਕਰ ਮਾਰ ਦਿੱਤੀ। ਇਸ ਟੱਕਰ ਨਾਲ ਮਸਜਿਦ ਦੀ ਜਾਇਦਾਦ ਨੂੰ ਥੋੜ੍ਹਾ ਨੁਕਸਾਨ ਵੀ ਪਹੁੰਚਿਆ। ਉਸ ਨੌਜਵਾਨ ਦੀ ਹਰਕਤ ਇੱਥੇ ਹੀ ਖਤਮ ਨਹੀਂ ਹੋਈ, ਉਸ ਨੇ ਟੱਕਰ ਮਾਰਨ ਦੇ ਬਾਅਦ ਆਪਣੀ ਕਾਰ ਦਾ ਸ਼ੀਸ਼ਾ ਉਤਾਰ ਕੇ ਮਸਜਿਦ ਵਿਚ ਮੌਜੂਦ ਨਮਾਜ਼ੀਆਂ ਨੂੰ ਚੀਕ-ਚੀਕ ਕੇ ਇਤਰਾਜ਼ਯੋਗ ਸ਼ਬਦ ਕਹੇ। ਇਸ ਘਟਨਾ ਨਾਲ ਸਾਰੇ ਨਮਾਜ਼ੀ ਡਰ ਗਏ। ਇਸ ਮਗਰੋਂ ਦੋਸ਼ੀ ਨੌਜਵਾਨ ਆਪਣੇ ਘਰ ਚਲਾ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ।
ਪੁਲਸ ਨੇ ਸੀ.ਸੀ.ਟੀ.ਵੀ. ਨਿਗਰਾਨੀ ਕੈਮਰਿਆਂ ਅਤੇ ਕਾਰ ਨੰਬਰ ਜ਼ਰੀਏ ਦੋਸ਼ੀ ਨੌਜਵਾਨ ਦੀ ਪਛਾਣ ਕੀਤੀ। ਇਸ ਮਗਰੋਂ ਪੁਲਸ ਨੇ ਨੌਜਵਾਨ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ। ਦੋਸ਼ੀ ਵਿਰੁੱਧ ਜਾਣਬੁੱਝ ਕੇ ਮਸਜਿਦ ਨੂੰ ਨੁਕਸਾਨ ਪਹੁੰਚਾਉਣ ਅਤੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਪੁਲਸ ਦੋਸ਼ੀ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ।
ਡੀ.ਆਰ. ਕਾਂਗੋ 'ਚ ਵਾਪਰਿਆ ਟਰੇਨ ਹਾਦਸਾ, 30 ਲੋਕਾਂ ਦੀ ਮੌਤ: ਪੁਲਸ
NEXT STORY