ਮੈਲਬੋਰਨ, (ਮਨਦੀਪ ਸਿੰਘ ਸੈਣੀ)- ਬੀਤੇ ਦਿਨੀਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਵੱਲੋਂ ਜਾਰੀ ਬਿਆਨ ਕਾਰਨ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਮਾਯੂਸੀ ਪਾਈ ਜਾ ਰਹੀ ਹੈ, ਉੱਥੇ ਆਸਟ੍ਰੇਲ਼ੀਆਈ ਗੁਰੂ ਘਰਾਂ, ਸਿੱਖ ਜਥੇਬੰਦੀਆਂ ਅਤੇ ਕੁਝ ਸੰਸਥਾਵਾਂ ਨੇ ਵਿਦਿਆਰਥੀਆਂ ਦੀ ਮਦਦ ਲਈ ਬੂਹੇ ਖੋਲ੍ਹ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕੌਮਾਂਤਰੀ ਵਿਦਿਆਰਥੀਆਂ ਅਤੇ ਹੋਰ ਅਰਜ਼ੀ ਵੀਜ਼ਾ ਧਾਰਕਾਂ ਬਾਰੇ ਕਿਹਾ ਸੀ ਜੇਕਰ ਉਹ ਇੱਥੇ ਰਹਿ ਕੇ ਆਪਣਾ ਖਰਚਾ ਨਹੀ ਚੁੱਕ ਸਕਦੇ ਤਾਂ ਵਾਪਸ ਆਪਣੇ ਦੇਸ਼ ਚਲੇ ਜਾਣ।
ਪਿਛਲੇ ਕੁਝ ਦਿਨਾਂ ਤੋਂ ਮੈਲਬੋਰਨ ਸਥਿਤ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਜੀ ਪਲੰਪਟਨ ਅਤੇ ਖਾਲਸਾ ਦਰਬਾਰ ਮਿਕਲਮ ਵੱਲੋਂ ਲੰਗਰ ਅਤੇ ਜ਼ਰੂਰੀ ਵਸਤਾਂ ਲੋੜਵੰਦਾਂ ਦੇ ਘਰ-ਘਰ ਜਾ ਕੇ ਪਹੁੰਚਾਈਆਂ ਜਾ ਰਹੀਆਂ ਹਨ। ਜ਼ਰੂਰਤਮੰਦਾਂ ਲਈ ਗੁਰੂ ਘਰ ਵਿਚ ਲੰਗਰ ਤਿਆਰ ਕਰਕੇ ਡੱਬਿਆਂ ਵਿਚ ਪੈਕ ਕਰਕੇ ਗੱਡੀਆਂ ਰਾਹੀਂ ਵੱਖ-ਵੱਖ ਇਲਾਕਿਆਂ ਵਿਚ ਵੰਡਿਆ ਜਾ ਰਿਹਾ ਹੈ। ਕੋਰੋਨਾ ਵਾਇਰਸ ਕਰਕੇ ਫੈਲੀ ਆਰਥਿਕ ਤੰਗੀ ਨਾਲ ਜੂਝ ਰਹੇ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਰਹਿਣ ਦਾ ਕਿਰਾਇਆ, ਦਵਾਈਆਂ ਤੇ ਹੋਰ ਜ਼ਰੂਰੀ ਖਰਚਿਆਂ ਲਈ ਵਿੱਤੀ ਸਹਾਇਤਾ ਸ਼ੁਰੂ ਕੀਤੀ ਗਈ ਹੈ।
ਗੁਰਦੁਆਰਾ ਦਲ ਬਾਬਾ ਬਿਧੀ ਚੰਦ ਜੀ ਪਲੰਪਟਨ ਦੇ ਮੁੱਖ ਸੇਵਾਦਾਰ ਭਾਈ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਮੁਸ਼ਕਿਲ ਘੜੀ ਵਿਚ ਅਸੀਂ ਵਿਦਿਆਰਥੀਆਂ ਨਾਲ ਖੜ੍ਹੇ ਹਾਂ, ਜਿਸ ਵਿਦਿਆਰਥੀ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੋਵੇ, ਉਹ ਗੁਰਦੁਆਰਾ ਸਾਹਿਬ ਨਾਲ ਸੰਪਰਕ ਕਰਕੇ ਮਦਦ ਪ੍ਰਾਪਤ ਕਰ ਸਕਦਾ ਹੈ।
ਇਸ ਔਖੀ ਘੜੀ ਵਿਚ ਜ਼ਰੂਰਤਮੰਦਾਂ ਦੀ ਬਾਂਹ ਫੜਨ ਨਾਲ ਜਿੱਥੇ ਵਿਦਿਆਰਥੀਆਂ ਦਾ ਮਨੋਬਲ ਵਿਚ ਵਾਧਾ ਹੋਇਆ ਹੈ, ਉੱਥੇ ਹੀ ਸਿੱਖ ਭਾਈਚਾਰੇ ਨੇ ਹਮੇਸ਼ਾ ਦੀ ਤਰ੍ਹਾਂ ਲੋੜਵੰਦਾਂ ਦੀ ਸੇਵਾ ਕਰਨ ਦੀ ਅਨੋਖੀ ਮਿਸਾਲ ਪੈਦਾ ਕੀਤੀ ਹੈ। ਇਸ ਤੋਂ ਇਲਾਵਾ ਆਸਟ੍ਰੇਲ਼ੀਆ ਭਰ ਵਿਚ ਮਨੁੱਖਤਾ ਦਾ ਦਰਦ ਰੱਖਣ ਵਾਲੇ ਵਿਅਕਤੀਆਂ ਵੱਲੋਂ ਵੀ ਸੋਸ਼ਲ ਮੀਡੀਆ ਰਾਹੀਂ ਵਿਦਿਆਰਥੀਆਂ ਦੀ ਮਦਦ ਲਈ ਲਗਾਤਾਰ ਅਪੀਲਾਂ ਜਾਰੀ ਹਨ।
ਕੋਰੋਨਾ ਸੰਕਟ ਵਿਚਕਾਰ ਚੀਨ ਦਾ ਦੋਸ਼- 'ਦੱਖਣੀ ਚੀਨ ਸਾਗਰ 'ਚ ਜਹਾਜ਼ ਭੇਜ ਰਿਹੈ ਅਮਰੀਕਾ'
NEXT STORY