ਬਾਕੂ : ਕਜ਼ਾਕਿਸਤਾਨ ਵਿੱਚ ਬੁੱਧਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ। ਇੱਥੇ ਅਜ਼ਰਬਾਈਜਾਨ ਏਅਰਲਾਈਨਜ਼ ਦਾ ਯਾਤਰੀ ਜਹਾਜ਼ ਲੈਂਡਿੰਗ ਦੌਰਾਨ ਕਰੈਸ਼ ਹੋ ਗਿਆ। ਅਜ਼ਰਬਾਈਜਾਨ ਏਅਰਲਾਈਨਜ਼ ਦਾ Embraer E190AR ਜਹਾਜ਼ ਬਾਕੂ ਤੋਂ ਚੇਚਨੀਆ, ਰੂਸ ਜਾ ਰਿਹਾ ਸੀ। ਜਹਾਜ਼ 'ਚ 67 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 42 ਦੀ ਮੌਤ ਹੋ ਗਈ। ਇਸ ਘਟਨਾ 'ਚ 25 ਲੋਕ ਵਾਲ-ਵਾਲ ਬਚਣ 'ਚ ਕਾਮਯਾਬ ਰਹੇ। ਹਲਾਂਕਿ ਪਹਿਲਾਂ ਕੁਝ ਖ਼ਬਰਾਂ ਵਿੱਚ ਜਹਾਜ਼ ਸਵਾਰ ਯਾਤਰੀਆਂ ਦੀ ਗਿਣਤੀ 105 ਹੋਣ ਦਾ ਵੀ ਦਾਅਵਾ ਕੀਤਾ ਗਿਆ ਸੀ।
ਸਥਾਨਕ ਅਧਿਕਾਰੀਆਂ ਅਤੇ ਘਟਨਾ ਸਥਾਨ ਤੋਂ ਪ੍ਰਾਪਤ ਵੀਡੀਓ ਦੇ ਅਨੁਸਾਰ, ਕੈਸਪੀਅਨ ਸਾਗਰ ਦੇ ਤੱਟ 'ਤੇ ਕਜ਼ਾਕਿਸਤਾਨ ਦੇ ਅਕਤਾਉ ਸ਼ਹਿਰ ਦੇ ਨੇੜੇ ਹੋਏ ਜਹਾਜ਼ ਹਾਦਸੇ ਵਿੱਚ ਮੁਸਤੈਦੀ ਨਾਲ ਬਚਾਓ ਕਰਮਚਾਰੀਆਂ ਵਲੋਂ ਕੀਤੇ ਗਏ ਕੰਮ ਕਾਰਨ ਬਹੁਤ ਸਾਰੇ ਲੋਕਾਂ ਨੂੰ ਬਚਾ ਲਿਆ ਗਿਆ। ਸਥਾਨਕ ਮੀਡੀਆ ਨੇ ਘਟਨਾ ਸਥਾਨ ਦੀ ਫੁਟੇਜ ਜਾਰੀ ਕੀਤੀ ਹੈ, ਜਿਸ ਵਿੱਚ ਕੁਝ ਲੋਕ ਘਟਨਾ ਸਥਾਨ ਤੋਂ ਜਿੰਦਾ ਦਿਖਾਈ ਦਿੱਤੇ ਹਨ। ਇੱਕ ਔਰਤ ਸਦਮੇ ਦੇ ਹਾਲਤ ਵਿੱਚ ਜਾਪਦੀ ਹੈ ਅਤੇ ਉਸ ਨੂੰ ਕੋਈ ਵੱਡੀ ਸੱਟ ਨਹੀਂ ਲੱਗੀ। ਉਸ ਨੂੰ ਜਹਾਜ਼ 'ਚੋਂ ਬਾਹਰ ਕੱਢਿਆ ਗਿਆ ਅਤੇ ਉਹ ਦਰਦ ਨਾਲ ਚੀਕਦੀ ਨਜ਼ਰ ਆ ਰਹੀ ਸੀ।
ਕਲਿੱਪ ਵਿੱਚ ਇੱਕ ਆਦਮੀ ਨੂੰ ਵੀ ਦਿਖਾਇਆ ਗਿਆ ਹੈ ਜੋ ਤੁਰਦੇ ਸਮੇਂ ਲੰਗੜਾ ਰਿਹਾ ਸੀ, ਪਰ ਉਸਨੂੰ ਕੋਈ ਹੋਰ ਸੱਟਾਂ ਨਹੀਂ ਲੱਗੀਆਂ। ਘਟਨਾ ਵਾਲੀ ਥਾਂ ਤੋਂ ਇੱਕ ਹੋਰ ਧੁੰਦਲੀ ਵੀਡੀਓ ਵਿੱਚ ਹਾਦਸੇ ਵਿੱਚ ਮਾਰੇ ਗਏ ਯਾਤਰੀਆਂ ਦੀਆਂ ਲਾਸ਼ਾਂ ਦਿਖਾਈਆਂ ਗਈਆਂ ਹਨ।
ਪੰਛੀ ਟਕਰਾਉਣ ਕਾਰਨ ਹੋਇਆ ਹਾਦਸਾ?
ਹਾਦਸੇ ਦੇ ਤੁਰੰਤ ਬਾਅਦ ਕੁਝ ਲੋਕ ਜਖਮੀ ਹਾਲਤ 'ਚ ਦੋ ਟੁਕੜਿਆਂ 'ਚ ਵੰਡੇ ਹੋਏ ਜਹਾਜ਼ 'ਚੋਂ ਬਾਹਰ ਨਿਕਲਦੇ ਦੇਖੇ ਗਏ। ਉਨ੍ਹਾਂ ਦੇ ਚਿਹਰੇ 'ਤੇ ਹਾਦਸੇ ਦੀ ਦਹਿਸ਼ਤ ਸਾਫ਼ ਦਿਖਾਈ ਦੇ ਰਹੀ ਸੀ। ਫਾਇਰ ਅਤੇ ਬਚਾਅ ਟੀਮ ਨੇ ਕੰਮ ਸੰਭਾਲ ਲਿਆ ਅਤੇ ਜਹਾਜ਼ ਵਿੱਚ ਲੱਗੀ ਅੱਗ ਨੂੰ ਬੁਝਾਇਆ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਮੁੱਢਲੀ ਜਾਂਚ ਦਾ ਹਵਾਲਾ ਦਿੰਦੇ ਹੋਏ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਇਹ ਹਾਦਸਾ ਪੰਛੀਆਂ ਦੇ ਟਕਰਾਉਣ ਕਾਰਨ ਵਾਪਰਿਆ ਹੈ। ਨਿਊਜ਼ ਆਊਟਲੈੱਟ ਓਰਡਾ ਨੇ ਗਵਾਹਾਂ ਦੇ ਹਵਾਲੇ ਨਾਲ ਕਿਹਾ ਕਿ ਪੰਛੀ ਜਹਾਜ਼ ਦੇ ਇਕ ਇੰਜਣ 'ਚ ਵੱਜੇ, ਜਿਸ ਕਾਰਨ ਆਕਸੀਜਨ ਸਿਲੰਡਰ ਫਟ ਗਿਆ। ਜਹਾਜ਼ ਕਰੈਸ਼ ਹੋਣ ਤੋਂ ਪਹਿਲਾਂ ਹੀ ਕਈ ਯਾਤਰੀ ਬੇਹੋਸ਼ ਹੋ ਗਏ ਸਨ।
ਜਹਾਜ਼ ਹਾਦਸੇ ਦੇ ਕਈ ਵੀਡੀਓ ਆਏ ਸਾਹਮਣੇ
ਜਹਾਜ਼ ਕਰੈਸ਼ ਦੇ ਕਈ ਵੀਡੀਓ ਸਾਹਮਣੇ ਆਏ ਹਨ। ਇੱਕ ਵੀਡੀਓ ਵਿੱਚ ਇਹ ਜਹਾਜ਼ ਹਵਾ ਵਿੱਚ ਲਹਿਰਾਉਂਦਾ ਨਜ਼ਰ ਆ ਰਿਹਾ ਹੈ। ਇਸ ਦੀ ਉਚਾਈ ਤੇਜ਼ੀ ਨਾਲ ਘਟਦੀ ਹੈ। ਕੁਝ ਹੀ ਸਕਿੰਟਾਂ ਵਿੱਚ ਇਹ ਜ਼ਮੀਨ ਨਾਲ ਟਕਰਾ ਜਾਂਦਾ ਹੈ ਅਤੇ ਇਸਨੂੰ ਭਿਆਨਕ ਅੱਗ ਲੱਗ ਜਾਂਦੀ ਹੈ। ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਵਿਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਜਿੱਥੇ ਕੁਝ ਯਾਤਰੀ ਜਹਾਜ਼ 'ਚੋਂ ਬਾਹਰ ਆਉਂਦੇ ਨਜ਼ਰ ਆ ਰਹੇ ਹਨ, ਉੱਥੇ ਹੀ ਬਚਾਅ ਟੀਮ ਜਹਾਜ਼ 'ਚ ਫਸੇ ਹੋਰ ਯਾਤਰੀਆਂ ਨੂੰ ਬਚਾਉਂਦੀ ਨਜ਼ਰ ਆ ਰਹੀ ਹੈ। ਇਹ ਯਾਤਰੀ ਦਹਿਸ਼ਤ ਵਿੱਚ ਹਨ ਅਤੇ ਜੋ ਜ਼ਖ਼ਮੀ ਹੋਏ ਹਨ, ਉਹ ਦਰਦ ਵਿੱਚ ਨਜ਼ਰ ਆਉਂਦੇ ਹਨ।
ਤੀਜੇ ਵੀਡੀਓ 'ਚ ਜਹਾਜ਼ ਕਰੈਸ਼ ਹੋਣ ਤੋਂ ਪਹਿਲਾਂ ਇਕ ਵਾਰ ਉਚਾਈ 'ਤੇ ਪਹੁੰਚਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਪਰ ਉਸਦੀ ਕੋਸ਼ਿਸ਼ ਅਸਫਲ ਹੋ ਜਾਂਦੀ ਹੈ ਅਤੇ ਉਸਦਾ ਰੁਖ ਹੇਠਾਂ ਵੱਲ ਹੋ ਜਾਂਦਾ ਹੈ ਅਤੇ ਫਿਰ ਇੱਥੋਂ ਇਹ ਜ਼ਮੀਨ ਵੱਲ ਆਉਂਦਾ ਹੈ, ਜਿੱਥੇ ਟਕਰਾਉਣ ਤੋਂ ਬਾਅਦ ਅੱਗ ਲੱਗ ਜਾਂਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਹਾਜ਼ ਨੂੰ ਜੀਪੀਐਸ ਜੈਮਿੰਗ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪਿਆ।
ਚੋਣਾਂ 'ਤੇ ਅਦਾਲਤ ਦੇ ਫੈਸਲੇ ਤੋਂ ਬਾਅਦ ਭੜਕੀ ਹਿੰਸਾ, 21 ਲੋਕਾਂ ਦੀ ਮੌਤ
NEXT STORY