ਲੰਡਨ/ਨਵੀਂ ਦਿੱਲੀ- 12 ਜੂਨ 2025 ਨੂੰ ਅਹਿਮਦਾਬਾਦ 'ਚ ਹੋਏ ਭਿਆਨਕ ਜਹਾਜ਼ ਹਾਦਸੇ 'ਚ ਨਵਾਂ ਮੋੜ ਆਇਆ ਹੈ। ਏਅਰ ਇੰਡੀਆ ਨੇ ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਵਾਧੂ ਮੁਆਵਜ਼ੇ ਦੇ ਬਦਲੇ ਅਦਾਲਤੀ ਕੇਸ ਕਰਨ ਦਾ ਅਧਿਕਾਰ ਛੱਡਣ ਦਾ ਪ੍ਰਸਤਾਵ ਦਿੱਤਾ ਹੈ। ਲੰਡਨ ਦੇ ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ, ਏਅਰਲਾਈਨ ਪੀੜਤ ਪਰਿਵਾਰਾਂ ਨੂੰ 10 ਲੱਖ ਤੋਂ 20 ਲੱਖ ਰੁਪਏ ਤੱਕ ਦੀ ਵਾਧੂ ਅੰਤਿਮ ਰਾਸ਼ੀ ਦੇ ਕੇ ਸਮਝੌਤੇ ਦੀ ਪੇਸ਼ਕਸ਼ ਕਰ ਰਹੀ ਹੈ। ਹਾਲਾਂਕਿ, ਇਸ ਲਈ ਪਰਿਵਾਰਾਂ ਨੂੰ ਇਹ ਸ਼ਰਤ ਮੰਨਣੀ ਹੋਵੇਗੀ ਕਿ ਉਹ ਭਵਿੱਖ 'ਚ ਕਿਸੇ ਵੀ ਦੇਸ਼ ਜਾਂ ਅਦਾਲਤ 'ਚ ਕੰਪਨੀ ਖਿਲਾਫ ਕੋਈ ਦਾਅਵਾ ਨਹੀਂ ਕਰਨਗੇ ਅਤੇ ਕੰਪਨੀ ਨੂੰ ਸਾਰੀਆਂ ਕਾਨੂੰਨੀ ਜ਼ਿੰਮੇਵਾਰੀਆਂ ਤੋਂ ਮੁਕਤ ਕਰਨਗੇ।
130 ਪੀੜਤ ਪਰਿਵਾਰਾਂ ਦੀ ਕਾਨੂੰਨੀ ਟੀਮ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਜਾਂਚ ਪੂਰੀ ਨਹੀਂ ਹੋਈ ਅਤੇ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਗਈ, ਅਜਿਹੇ 'ਚ ਕੇਸ ਦਾ ਅਧਿਕਾਰ ਛੱਡਣ ਲਈ ਕਹਿਣਾ ਗਲਤ ਹੈ। ਦੂਜੇ ਪਾਸੇ, ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਹੈ ਕਿ ਉਹ ਹਰ ਪਰਿਵਾਰ ਦੀ ਮਦਦ ਲਈ ਵਚਨਬੱਧ ਹਨ ਅਤੇ ਮੁਆਵਜ਼ਾ ਕਾਨੂੰਨ ਦੇ ਹਿਸਾਬ ਨਾਲ ਤੈਅ ਕੀਤਾ ਜਾ ਰਿਹਾ ਹੈ।
ਸੁਪਰੀਮ ਕੋਰਟ 'ਚ ਸੁਣਵਾਈ
ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਦਖਲ ਦਿੰਦੇ ਹੋਏ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬੋਰਡ (AAIB) ਤੋਂ ਤਿੰਨ ਹਫ਼ਤਿਆਂ 'ਚ ਜਾਂਚ ਰਿਪੋਰਟ ਮੰਗੀ ਹੈ। ਚੀਫ਼ ਜਸਟਿਸ ਸੂਰਿਆਕਾਂਤ ਦੀ ਬੈਂਚ ਸਾਹਮਣੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਦਲੀਲ ਦਿੱਤੀ ਕਿ 8 ਹਜ਼ਾਰ ਤੋਂ ਵੱਧ ਪਾਇਲਟ ਬੋਇੰਗ 787 ਨੂੰ ਅਸੁਰੱਖਿਅਤ ਦੱਸ ਰਹੇ ਹਨ ਅਤੇ ਇਸ ਦੀ ਉਡਾਣ 'ਤੇ ਰੋਕ ਲਗਾਉਣੀ ਚਾਹੀਦੀ ਹੈ। ਉਨ੍ਹਾਂ ਨੇ AAIB ਦੀ ਜਾਂਚ ਟੀਮ 'ਚ ਡਾਇਰੈਕਟਰ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਦੇ ਮੈਂਬਰਾਂ ਦੀ ਮੌਜੂਦਗੀ 'ਤੇ ਵੀ ਸਵਾਲ ਚੁੱਕੇ ਹਨ।
ਕਦੋਂ ਵਾਪਰਿਆ ਸੀ ਹਾਦਸਾ
ਇਹ ਦਰਦਨਾਕ ਹਾਦਸਾ 12 ਜੂਨ ਨੂੰ ਵਾਪਰਿਆ ਸੀ ਜਦੋਂ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਫਲਾਈਟ AI 171 ਟੇਕਆਫ ਦੇ ਕੁਝ ਹੀ ਦੇਰ ਬਾਅਦ ਇਕ ਮੈਡੀਕਲ ਹੋਸਟਲ ਦੀ ਇਮਾਰਤ ਨਾਲ ਟਕਰਾ ਗਈ ਸੀ। ਇਸ ਹਾਦਸੇ 'ਚ 270 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ 'ਚ 241 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਹਾਦਸੇ 'ਚ ਸਿਰਫ਼ ਇਕ ਯਾਤਰੀ ਹੀ ਜ਼ਿੰਦਾ ਬਚਿਆ ਸੀ। ਜਾਂਚ ਮੁਤਾਬਕ ਜਹਾਜ਼ ਨੇ ਦੁਪਹਿਰ 1:39 ਵਜੇ ਉਡਾਣ ਭਰੀ ਸੀ ਅਤੇ ਪਾਇਲਟ ਨੇ 'ਮੇਡੇ' (ਐਮਰਜੈਂਸੀ) ਕਾਲ ਵੀ ਭੇਜੀ ਸੀ, ਪਰ 190 ਮੀਟਰ ਦੀ ਉਚਾਈ ਤੋਂ ਬਾਅਦ ਸੰਪਰਕ ਟੁੱਟ ਗਿਆ। ਜਹਾਜ਼ ਦੇ ਪਾਇਲਟਾਂ ਕੋਲ ਹਜ਼ਾਰਾਂ ਘੰਟਿਆਂ ਦੀ ਉਡਾਣ ਦਾ ਤਜਰਬਾ ਸੀ, ਫਿਰ ਵੀ ਇਹ ਵੱਡਾ ਹਾਦਸਾ ਵਾਪਰ ਗਿਆ। ਅਦਾਲਤ ਹੁਣ ਤਿੰਨ ਹਫ਼ਤਿਆਂ ਬਾਅਦ ਅਗਲੀ ਸੁਣਵਾਈ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨੈਸ਼ਨਲ ਹਾਈਵੇਅ 'ਤੇ ਕੰਟੇਨਰ ਟਰੱਕ ਦੀ ਕਾਰ ਨਾਲ ਭਿਆਨਕ ਟੱਕਰ, ਦੋ ਲੋਕਾਂ ਦੀ ਮੌਤ
NEXT STORY