ਇੰਟਰਨੈਸ਼ਨਲ ਡੈਸਕ - ਬਰਮਿੰਘਮ ਵਿੱਚ ਹੋਏ ਇੱਕ ਘਾਤਕ ਹਿੱਟ ਐਂਡ ਰਨ ਹਾਦਸੇ ਦੇ ਮਾਮਲੇ ਵਿੱਚ ਪੁਲਸ ਨੇ ਇੱਕ ਵਿਅਕਤੀ ਖ਼ਿਲਾਫ਼ ਚਾਰਜ ਤੈਅ ਕਰ ਦਿੱਤੇ ਹਨ। ਪੁਲਸ ਅਨੁਸਾਰ ਮੰਗਲਵਾਰ (16 ਦਸੰਬਰ) ਨੂੰ ਸੋਹੋ ਰੋਡ ‘ਤੇ ਕਾਰ ਦੀ ਟੱਕਰ ਨਾਲ ਇੱਕ 54 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦਕਿ 47 ਸਾਲਾ ਮਹਿਲਾ ਦੀ ਲੱਤ ‘ਚ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ।
ਪੁਲਸ ਨੇ ਅਗਲੇ ਦਿਨ 41 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਓਲਡਬਰੀ ਨਿਵਾਸੀ ਹਰਿੰਦਰਪਾਲ ਅਠਵਾਲ ‘ਤੇ ਖ਼ਤਰਨਾਕ ਡ੍ਰਾਈਵਿੰਗ ਨਾਲ ਮੌਤ ਦਾ ਕਾਰਨ ਬਣਨ, ਹਾਦਸੇ ਮਗਰੋਂ ਨਾ ਰੁਕਣਾ, ਲਾਇਸੈਂਸ ਤੋਂ ਬਿਨਾਂ ਅਤੇ ਬੀਮਾ ਰਹਿਤ ਗੱਡੀ ਚਲਾਉਂਦਿਆਂ ਮੌਤ ਦਾ ਕਾਰਨ ਬਣਨ, ਖ਼ਤਰਨਾਕ ਡ੍ਰਾਈਵਿੰਗ ਨਾਲ ਗੰਭੀਰ ਸੱਟਾਂ ਪਹੁੰਚਾਉਣ ਅਤੇ ਸੜਕ ਹਾਦਸੇ ਦੀ ਰਿਪੋਰਟ ਨਾ ਕਰਨ ਦੇ ਦੋਸ਼ ਲਗਾਏ ਗਏ ਹਨ।
ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ੀ ਲਈ ਰਿਮਾਂਡ ‘ਤੇ ਭੇਜਿਆ ਗਿਆ ਹੈ। ਪੁਲਸ ਮੁਤਾਬਕ, ਮੌਕੇ ‘ਤੇ ਹੀ ਪੁਰਸ਼ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ ਸੀ, ਜਦਕਿ ਜ਼ਖ਼ਮੀ ਮਹਿਲਾ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ ਅਤੇ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵ੍ਹਾਈਟਹਾਲ ਰੋਡ ਦੇ ਜੰਕਸ਼ਨ ਨੇੜੇ, ਸਵੇਰੇ 11.20 ਵਜੇ ਤੋਂ ਥੋੜ੍ਹਾ ਪਹਿਲਾਂ ਵਾਪਰੇ ਹਾਦਸੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਅੱਗੇ ਆ ਕੇ ਸਹਿਯੋਗ ਕਰਨ।
ਜਾਪਾਨ ’ਚ ਕ੍ਰਾਸਿੰਗ ’ਤੇ ਟਰੇਨ ਦੀ ਕਾਰ ਨਾਲ ਟੱਕਰ, ਲੱਗੀ ਅੱਗ
NEXT STORY