ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਗ੍ਰੀਸ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕ੍ਰੀਟ ਦੇ ਦੱਖਣੀ ਤੱਟ 'ਤੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ, ਜਿਸ ਕਾਰਨ ਘੱਟੋ-ਘੱਟ 18 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ, ਜਦਕਿ ਬਾਕੀਆਂ ਦੀ ਭਾਲ ਤੇ ਰੈਸਕਿਊ ਆਪਰੇਸ਼ਨ ਜਾਰੀ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਟਾਪੂ ਦੇ ਦੱਖਣੀ ਤੱਟ 'ਤੇ ਇਰਾਪੇਟਰਾ ਸ਼ਹਿਰ ਤੋਂ ਲਗਭਗ 26 ਸਮੁੰਦਰੀ ਮੀਲ (48.2 ਕਿਲੋਮੀਟਰ) ਦੱਖਣ ਵਿੱਚ ਵਾਪਰਿਆ, ਜਿੱਥੇ ਇਹ ਕਿਸ਼ਤੀ ਸਮੁੰਦਰ ਵਿਚਾਲੇ ਡੁੱਬ ਗਈ। ਹੇਲੇਨਿਕ ਕੋਸਟ ਗਾਰਡ ਦੇ ਅਨੁਸਾਰ, ਇਸ ਕਿਸ਼ਤੀ 'ਚ ਸਵਾਰ 2 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਹੈ, ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਹਾਲਾਂਕਿ ਹਾਲੇ ਇਕ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਕਿ ਇਹ ਲੋਕ ਆਖ਼ਿਰ ਕਿੱਥੋਂ ਆਏ ਸਨ। ਪਰ ਅਫਰੀਕਾ ਤੇ ਏਸ਼ੀਆ ਤੋਂ ਲੋਕ ਚੰਗੇ ਭਵਿੱਖ ਲਈ ਆਪਣੀ ਜਾਨ ਖ਼ਤਰੇ 'ਚ ਪਾ ਕੇ ਯੂਰਪ 'ਚ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਇਹ ਹਾਦਸਾ ਇਸੇ ਸਿਲਸਿਲੇ 'ਚ ਵਾਪਰਿਆ ਜਾਪਦਾ ਹੈ। ਫਿਲਹਾਲ ਬਚਾਅ ਟੀਮਾਂ ਖੇਤਰ ਵਿੱਚ ਕਾਰਵਾਈ ਕਰ ਰਹੀਆਂ ਹਨ ਅਤੇ ਗਸ਼ਤੀ ਕਿਸ਼ਤੀਆਂ ਸਮੁੰਦਰ ਵਿੱਚੋਂ ਲਾਸ਼ਾਂ ਕੱਢ ਰਹੀਆਂ ਹਨ। ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਕੋਸਟ ਗਾਰਡ ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨਗੇ ਭਾਰਤ ਤੇ ਕੈਨੇਡਾ
NEXT STORY