ਗਲਾਸਗੋ/ਬਰਮਿੰਘਮ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਦੇ ਸ਼ਹਿਰ ਬਰਮਿੰਘਮ ਵਿਚ ਇਕ 15 ਸਾਲਾ ਮੁੰਡੇ ਦੀ ਛੁਰੇ ਮਾਰ ਕੇ ਹੱਤਿਆ ਕਰਨ ਦੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਚਾਕੂਆਂ ਨਾਲ ਲੈਸ ਨੌਜਵਾਨਾਂ ਦੇ ਇਕ ਸਮੂਹ ਨੇ ਰਿਹਾਇਸ਼ੀ ਗਲੀ ਵਿਚ ਹਮਲਾ ਕੀਤਾ ਜਿਸ ਦੇ ਬਾਅਦ ਇਸ 15 ਸਾਲਾ ਲੜਕੇ ਦੀ ਮੌਤ ਹੋ ਗਈ।
ਇਸ ਕਤਲ ਦੇ ਮਾਮਲੇ ਵਿਚ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੀਓਨ ਲਿੰਕਨ ਨਾਮ ਦੇ ਇਸ ਲੜਕੇ ਨੂੰ ਬਰਮਿੰਘਮ ਦੇ ਹੈਂਡਸਵਰਥ ਵਿਚ ਲਿਨਵੁੱਡ ਰੋਡ 'ਤੇ ਵੀਰਵਾਰ ਨੂੰ ਤਕਰੀਬਨ 3:30 ਵਜੇ ਜ਼ਖ਼ਮੀ ਕੀਤਾ ਗਿਆ, ਜਿੱਥੇ ਬਾਅਦ ਵਿਚ ਹਸਪਤਾਲ ਪਹੁੰਚਣ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਵਾਰਦਾਤ ਦੇ ਹਮਲਾਵਰ ਇਕ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਏ, ਜਿਨ੍ਹਾਂ ਨੂੰ ਥੋੜ੍ਹੀ ਦੇਰ ਮਗਰੋਂ ਪੁਲਸ ਨੇ ਫੜ ਲਿਆ। ਲਿੰਕਨ ਦੇ ਕਤਲ ਦੇ ਸੰਬੰਧ ਵਿਚ ਪੁਲਸ ਵਲੋਂ ਇਕ 14 ਸਾਲਾ ਲੜਕੇ ਨੂੰ ਕਤਲ ਦੇ ਸ਼ੱਕ ਵਿਚ ਸ਼ੁੱਕਰਵਾਰ ਸਵੇਰੇ ਹਿਰਾਸਤ ਵਿਚ ਲਿਆ ਗਿਆ। ਜਦਕਿ ਇਸ ਹਮਲੇ ਵਿਚ ਤਕਰੀਬਨ 5 ਹੋਰ ਹਮਲਾਵਰਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਸੁਪਰਡੈਂਟ ਸਟੀਵ ਗ੍ਰਾਹਮ ਅਨੁਸਾਰ ਲਿੰਕਨ ਦੀ ਹੱਤਿਆ ਬਹੁਤ ਹੀ ਹਿੰਸਕ ਹਾਲਤਾਂ ਵਿਚ ਹੋਈ ਹੈ, ਜਿਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਸ ਨੇ ਹਮਲਾਵਰਾਂ ਦੀ ਪਛਾਣ ਕਰਨ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਹੈ। ਪੁਲਸ ਘਟਨਾ ਸਥਾਨ ਕੋਲ ਹਾਦਸਾਗ੍ਰਸਤ ਹੋਈ ਚਿੱਟੇ ਰੰਗ ਦੀ ਕਾਰ ਦੀ ਜਾਂਚ ਕਰਨ ਲਈ ਸੀ. ਸੀ. ਟੀ. ਵੀ. ਫੁਟੇਜ ਦੀ ਵੀ ਪੜਤਾਲ ਕਰ ਰਹੀ ਹੈ।
ਕੋਰੋਨਾ ਇਲਾਜ ਤੋਂ ਬਾਅਦ 10,000 ਤੋਂ ਵੱਧ ਸਕਾਟਿਸ਼ ਲੋਕਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ
NEXT STORY