ਇੰਟਰਨੈਸ਼ਨਲ ਡੈਸਕ : ਕੋਰੋਨਾ ਵਾਇਰਸ ਨੂੰ ਹਾਲ ਹੀ ਦੇ ਇਤਿਹਾਸ ਦੀ ਸਭ ਤੋਂ ਗੰਭੀਰ ਚੁਣੌਤੀ ਕਰਾਰ ਦਿੰਦਿਆਂ ਮੰਗਲਵਾਰ ਨੂੰ 5 ਦੇਸ਼ਾਂ ਦੇ ਸੰਗਠਨ ਬ੍ਰਿਕਸ (ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ) ਨੇ ਇਸ ਨਾਲ ਨਜਿੱਠਣ ਦੇ ਤਰੀਕਿਆਂ ’ਤੇ ਵਰਚੁਅਲ ਬੈਠਕ ’ਚ ਵਿਚਾਰ-ਵਟਾਂਦਰਾ ਕੀਤਾ ਤੇ ਇਕ ਅਹਿਮ ਕਦਮ ਅਧੀਨ ਕੋਰੋਨਾ ਵੈਕਸੀਨ ’ਤੇ ਅਸਥਾਈ ਤੌਰ ’ਤੇ ਪੇਟੈਂਟ ਹਟਾਉਣ ਦੇ ਭਾਰਤ ਤੇ ਦੱਖਣੀ ਅਫਰੀਕਾ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਆਪਣੇ ਉਦਘਾਟਨੀ ਭਾਸ਼ਣ ’ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਬ੍ਰਿਕਸ (ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕੀ ਦੇਸ਼) ਇਕ ਨਿਰਪੱਖ, ਸੰਮਲਿਤ ਅਤੇ ਬਹੁਪੱਖੀ ਅੰਤਰਰਾਸ਼ਟਰੀ ਵਿਵਸਥਾ ਲਈ ਯਤਨਸ਼ੀਲ ਹੈ, ਜੋ ਸਾਰੇ ਦੇਸ਼ਾਂ ਦੀ ਬਰਾਬਰ ਪ੍ਰਭੂਸੱਤਾ ਅਤੇ ਉਨ੍ਹਾਂ ਦੀ ਖੇਤਰੀ ਅਖੰਡਤਾ ਦਾ ਸਤਿਕਾਰ ਕਰਦਾ ਹੋਵੇ।
ਸਾਲ 2021 ਲਈ ਬ੍ਰਿਕਸ ਦੇ ਪ੍ਰਧਾਨ ਹੋਣ ਦੇ ਨਾਤੇ ਭਾਰਤ ਨੇ ਇਸ ਬੈਠਕ ਦੀ ਮੇਜ਼ਬਾਨੀ ਕੀਤੀ, ਜਿਸ ’ਚ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਦੱਖਣੀ ਅਫਰੀਕਾ ਦੇ ਅੰਤਰਰਾਸ਼ਟਰੀ ਸੰਬੰਧਾਂ ਬਾਰੇ ਮੰਤਰੀ ਗ੍ਰੇਸ ਨਾਲੇਡੀ ਮੰਡੀਸਾ ਪਾਂਡੋਰ ਅਤੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਕਾਰਲੋਸ ਅਲਬਰਟੋ ਫਰੈਂਕੋ ਸ਼ਾਮਲ ਹੋਏ। ਇਸ ਵਰਚੁਅਲ ਬੈਠਕ ਦੀ ਪ੍ਰਧਾਨਗੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕੀਤੀ। ਖੇਤਰੀ ਅਖੰਡਤਾ ਦਾ ਸਨਮਾਨ ਕਰਨ ਦੀ ਜ਼ਰੂਰਤ ’ਤੇ ਜੈਸ਼ੰਕਰ ਦਾ ਬਿਆਨ ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਰੁਕਾਵਟ ਦੇ ਪਿਛੋਕੜ ’ਚ ਆਇਆ। ਲਾਵਰੋਵ ਨੇ ਵੀ ਬਾਅਦ ’ਚ ਮਾਸਕੋ ’ਚ ਇੱਕ ਪ੍ਰੈੱਸ ਕਾਨਫਰੰਸ ’ਚ ਇਹੋ ਟਿੱਪਣੀਆਂ ਕੀਤੀਆਂ। ਇੱਕ ਸਾਂਝੇ ਬਿਆਨ ਅਨੁਸਾਰ ਸੰਗਠਨ ਦੇ ਵਿਦੇਸ਼ ਮੰਤਰੀਆਂ ਨੇ ਸਰਹੱਦ ਪਾਰ ਅੱਤਵਾਦ ਸਮੇਤ ਹਰ ਕਿਸਮ ਦੇ ਅੱਤਵਾਦ ਦਾ ਮੁਕਾਬਲਾ ਕਰਨ ਦਾ ਸੰਕਲਪ ਲਿਆ ਅਤੇ ਅੰਤਰਰਾਸ਼ਟਰੀ ਅੱਤਵਾਦ ਰੋਕਣ ਵਾਸਤੇ ਸਾਂਝੇ ਯਤਨਾਂ ਨੂੰ ਤੇਜ਼ ਕਰਨ ਦਾ ਫੈਸਲਾ ਲਿਆ। ਵਿਦੇਸ਼ ਮੰਤਰੀਆਂ ਨੇ 2021 ’ਚ ਸੰਗਠਨ ਦੀ ਅੱਤਵਾਦ ਰੋਕੂ ਟਾਸਕ ਫੋਰਸ ਵੱਲੋਂ ‘ਨਤੀਜਾ ਮੁਖੀ ਕਾਰਜ ਯੋਜਨਾ’ ਨੂੰ ਅੰਤਿਮ ਰੂਪ ਦੇਣ ਦਾ ਫੈਸਲਾ ਵੀ ਕੀਤਾ।
ਸੂਤਰਾਂ ਨੇ ਕਿਹਾ ਕਿ ਭਾਰਤ ਅੱਤਵਾਦੀਆਂ ਦੀ ਸਰਹੱਦ ਪਾਰ ਘੁਸਪੈਠ, ਅੱਤਵਾਦ ਦੇ ਵਿੱਤ ਪੋਸ਼ਣ ਨੈੱਟਵਰਕ ਤੇ ਪਨਾਹਗਾਹ ਸਮੇਤ ਅੱਤਵਾਦ ਵਿਰੁੱਧ ਸਖ਼ਤ ਭਾਸ਼ਾ ਦੀ ਵਰਤੋਂ ’ਤੇ ਵਿਦੇਸ਼ ਮੰਤਰੀਆਂ ਨੂੰ ਪ੍ਰੇਰਿਤ ਕਰਨ ’ਚ ਸਫਲ ਰਿਹਾ। ਇਕ ਹੋਰ ਮਹੱਤਵਪੂਰਨ ਕਦਮ ਵਿਚ ਬ੍ਰਿਕਸ ਦੇ ਵਿਦੇਸ਼ ਮੰਤਰੀਆਂ ਨੇ ਬਹੁਪੱਖੀ ਸੰਗਠਨਾਂ, ਖਾਸ ਕਰਕੇ ਸੰਯੁਕਤ ਰਾਸ਼ਟਰ ਅਤੇ ਮਹੱਤਵਪੂਰਨ ਅੰਗਾਂ, ਜਿਵੇਂ ਕਿ ਸੁਰੱਖਿਆ ਪ੍ਰੀਸ਼ਦ, ਜਨਰਲ ਅਸੈਂਬਲੀ, ਅੰਤਰਰਾਸ਼ਟਰੀ ਮੁਦਰਾ ਫੰਡ, ਵਿਸ਼ਵ ਬੈਂਕ, ਵਿਸ਼ਵ ਵਪਾਰ ਸੰਗਠਨ ਦੀ ਮਜ਼ਬੂਤੀ ਅਤੇ ਉਨ੍ਹਾਂ ’ਚ ਸੁਧਾਰ ਦੀ ਵਕਾਲਤ ਕੀਤੀ।
ਸੂਤਰਾਂ ਨੇ ਦੱਸਿਆ ਕਿ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਰਮਿਆਨ ਪਹਿਲੀ ਵਾਰ ਬਹੁਪੱਖੀ ਪ੍ਰਣਾਲੀ ’ਚ ਸੁਧਾਰਾਂ ਬਾਰੇ ਸਾਂਝੇ ਸੁਤੰਤਰ ਬਿਆਨ ਜਾਰੀ ਕਰਨ ’ਤੇ ਸਹਿਮਤੀ ਹੋਈ। ਟੀਕੇ ਦੇ ਉਤਪਾਦਨ ਨੂੰ ਵਧਾਉਣ ਲਈ ਤਕਨਾਲੌਜੀ ਦੀ ਭਾਈਵਾਲੀ ਤੇ ਮੈਡੀਕਲ ਉਤਪਾਦਾਂ ਦੀ ਸਪਲਾਈ ਦੀ ਲੜੀ ’ਚ ਸੁਧਾਰ ਸਮੇਤ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਤੌਰ-ਤਰੀਕੇ ਬ੍ਰਿਕਸ ਦੇ ਵਿਦੇਸ਼ ਮੰਤਰੀਆਂ ਦੀ ਵਰਚੁਅਲ ਬੈਠਕ ’ਚ ਛਾਏ ਰਹੇ। ਸੰਸਥਾ ਨੇ ਕੋਰੋਨਾ ਟੀਕਿਆਂ ਦੇ ਤੇਜ਼ੀ ਨਾਲ ਵਿਕਾਸ ਅਤੇ ਉਨ੍ਹਾਂ ਦੀ ਵੰਡ ’ਤੇ ਜ਼ੋਰ ਦਿੱਤਾ, ਖ਼ਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਵਿੱਚ ਅਤੇ ਵੱਖ-ਵੱਖ ਟੀਕਿਆਂ ਲਈ ਹਿੱਸੇਦਾਰਾਂ ’ਚ ਸਹਿਯੋਗ ਵਧਾਉਣ ਦੀ ਮੰਗ ਕੀਤੀ।
ਇੰਗਲੈਂਡ 'ਚ ਐਂਬੂਲੈਂਸ ਕਰਮਚਾਰੀ ਹਮਲਿਆਂ ਦੇ ਮੱਦੇਨਜ਼ਰ ਲਗਾਉਣਗੇ ਬਾਡੀ ਕੈਮਰੇ
NEXT STORY