ਬ੍ਰਿਸਬੇਨ, (ਸਤਵਿੰਦਰ ਟੀਨੂੰ)— ਅੱਜ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਉ ਅੰਬੇਦਕਰ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਦਾ 128ਵਾਂ ਜਨਮ ਦਿਹਾੜਾ ਮਨਾਇਆ ਗਿਆ । ਪ੍ਰੋਗਰਾਮ ਦਾ ਆਯੋਜਨ ਡਾ. ਬੀ ਆਰ ਅੰਬੇਦਕਰ ਮਿਸ਼ਨ ਸੁਸਾਇਟੀ ਵੱਲੋਂ, ਅਮੈਰੀਕਨ ਕਾਲਜ ਦੇ ਸਹਿਯੋਗ ਨਾਲ ਕੀਤਾ ਗਿਆ । ਇਸ ਮੌਕੇ ਰਾਜਧਾਨੀ ਕੈਨਬਰਾ ਤੋਂ ਭਾਰਤੀ ਦੂਤਾਵਾਸ ਅਤੇ ਸਫਾਰਤਖਾਨੇ ਦੇ ਹਾਈ ਕਮਿਸ਼ਨਰ ਡਾ. ਅਜੇ ਗੌਡਾਂਨੇ ਅਤੇ ਉਨ੍ਹਾਂ ਦੀ ਧਰਮ ਪਤਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਚਾਰੂ ਲਤਾ ਜੀ ਦੁਆਰਾ ਮਹਾਤਮਾ ਬੁੱਧ ਦੀ ਆਰਤੀ ਦਾ ਗਾਇਨ ਕਰਕੇ ਕੀਤੀ ਗਈ । ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਗਰੂਕ ਕਰਨ ਤੇ ਬਾਬਾ ਸਾਹਿਬ ਦੇ ਵਿਚਾਰਾਂ ਨਾਲ ਜੋੜਨ ਲਈ ਸੁਸਾਇਟੀ ਵੱਲੋਂ ਸੂਝਵਾਨ ਬੁਲਾਰਿਆਂ ਨੂੰ ਖਾਸ ਤੌਰ 'ਤੇ ਬੁਲਾਇਆ ਗਿਆ ।
ਸੁਸਾਇਟੀ ਦੇ ਪ੍ਰਧਾਨ ਅੰਕੁਸ਼ ਕਟਾਰੀਆ ਜੀ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਬਾਬਾ ਸਾਹਿਬ ਦੀ ਜੀਵਣੀ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਸਾਂਝਾ ਕੀਤਾ । ਅਮੈਰੀਕਨ ਕਾਲਜ ਦੇ ਡਾਇਰੈਕਟਰ ਡਾ. ਬਰਨਾਡ ਮਲਿਕ ਨੇ ਆਪਣੇ ਭਾਸ਼ਣ ਦੌਰਾਨ ਸਮਾਜ ਵਿੱਚ ਜਾਤੀਵਾਦ ਦੇ ਆਧਾਰ 'ਤੇ ਹੋ ਰਹੇ ਵਿਤਕਰੇ ਤੇ ਚਿੰਤਾ ਜਤਾਈ ਅਤੇ ਬੱਚਿਆਂ ਤੇ ਯੁਵਾ ਪੀੜ੍ਹੀ ਨੂੰ ਬਾਬਾ ਸਾਹਿਬ ਦੇ ਵਿਚਾਰਾਂ ਦੀ ਸਿੱਖਿਆ ਦੇਣ ਦੀ ਅਪੀਲ ਕੀਤੀ ।

ਬ੍ਰਿਸਬੇਨ ਦੇ ਪ੍ਰਸਿੱਧ ਕਵੀ ਸਰਬਜੀਤ ਸੋਹੀ ਨੇ ਸਮਾਜ ਵਿੱਚ ਧਰਮ ਅਤੇ ਜਾਤਾਂ ਦੇ ਅਧਿਕਾਰ 'ਤੇ ਹੋ ਰਹੇ ਵਿਤਕਰੇ ਪ੍ਰਤੀ ਚਿੰਤਾ ਪ੍ਰਗਟ ਕੀਤੀ ਲ਼ੋਕਾਂ ਨੂੰ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਸਰਕਾਰਾਂ ਅਤੇ ਸਮਾਜਿਕ ਢਾਂਚੇ ਨੂੰ ਅਜਿਹੇ ਹਾਲਾਤਾਂ ਲਈ ਜ਼ਿੰਮੇਵਾਰ ਠਹਿਰਾਇਆ । ਬੁਲਾਰਿਆਂ ਵਿੱਚ ਸ਼ਾਮਿਲ ਡਾ. ਪਰਮਜੀਤ ਸਿੰਘ, ਜਗਦੀਪ ਸਿੰਘ, ਸਤਵਿੰਦਰ ਟੀਨੂੰ, ਪਰਦੀਪ, ਸ਼੍ਰੀ ਕਲਾ, ਬਲਵਿੰਦਰ ਮੌਰੋ ਤੇ ਇਕਬਾਲ ਧਾਮੀ ਨੇ ਆਪਣੇ ਭਾਸ਼ਣਾਂ ਰਾਹੀਂ ਹਾਜ਼ਰੀਨ ਨੂੰ ਸੰਬੋਧਨ ਕੀਤਾ। ਹਾਜ਼ਰੀਨ ਵਿੱਚ ਮੌਜੂਦ ਛੋਟੀ ਬੱਚੀ ਡੋਲੀ ਸ਼ਿਮਰ ਨੇ ਅੰਬੇਦਕਰ ਸਾਹਿਬ ਦੀ ਜੀਵਣੀ ਤੇ ਉਨ੍ਹਾਂ ਦੇ ਵਿਚਾਰਾਂ ਤੇ ਸਿਧਾਂਤਾ ਨੂੰ ਖੂਬਸੂਰਤ ਲੇਖ ਰਾਹੀਂ ਪੇਸ਼ ਕੀਤਾ । ਭਾਰਤੀ ਹਾਈ ਕਮਿਸ਼ਨਰ ਡਾ. ਅਜੇ ਗੌਡਾਂਨੇ ਨੇ ਊਰਜਾ ਭਰਪੁਰ ਭਾਸ਼ਣ ਰਾਹੀਂ ਲੋਕਾਈ ਨੂੰ ਆਪਣੇ ਮਨੋਬਲ, ਸਿੱਖਿਆ ਅਤੇ ਯੋਗਤਾ ਰਾਹੀ ਅੱਗੇ ਵਧਣ ਲਈ ਪ੍ਰੇਰਿਆ ।
ਡਾ. ਗੌਡਾਨੀ ਨੇ ਵੱਖ-ਵੱਖ ਉਦਾਹਰਣਾਂ ਰਾਹੀਂ ਸਮਾਜਿਕ ਵਿਤਕਰਿਆਂ ਦੇ ਜਾਲ ਨੂੰ ਤੋੜਨ ਲਈ ਅਤੇ ਬਰਾਬਰਤਾ ਦੇ ਅਧਿਕਾਰਾ ਦਾ ਹੱਕ ਲੈਣ ਲਈ ਪ੍ਰੇਰਿਆ । ਇਸ ਮੌਕੇ ਸੁਸਾਇਟੀ ਵੱਲੋਂ ਦੂਸਰਾ ਡਾ. ਬੀ ਆਰ ਅੰਬੇਦਕਰ ਅਵਾਰਡ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਦੇ ਨੁਮਾਇਦੇ 'ਤੇ ਪ੍ਰਸਿੱਧ ਸਮਾਜਸੇਵੀ ਡਾ. ਪਰਮਜੀਤ ਸਿੰਘ ਨੂੰ ਦਿੱਤਾ ਗਿਆ । ਸੁਸਾਇਟੀ ਵੱਲੋਂ ਬਾਬਾ ਸਾਹਿਬ ਵੱਲੋ ਲਿਖੀਆਂ ਗਈਆਂ ਕਿਤਾਬਾ ਦੀ ਪ੍ਰਦਰਸ਼ਨੀ ਵੀ ਲਗਾਈ ਗਈ । ਪ੍ਰੋਗਰਾਮ ਦੇ ਅੰਤ ਵਿੱਚ ਡਾ. ਬੀ ਆਰ ਅੰਬੇਦਕਰ ਮਿਸ਼ਨ ਸੁਸਾਇਟੀ ਅਤੇ ਪੰਜਾਬੀ ਪ੍ਰੈੱਸ ਕਲੱਬ ਆਫ ਕੂਈਨਜ਼ਲੈਂਡ ਜਿੰਨ੍ਹਾਂ ਵਿੱਚ ਸਤਵਿੰਦਰ ਟੀਨੂੰ , ਸੁਰਜੀਤ ਸੰਧੂ ,ਹਰਜੀਤ ਸੰਧੂ ਅਤੇ ਵਰਿੰਦਰ ਅਲੀਸ਼ੇਰ ਨੇ ਡਾ. ਅਜੇ ਗੌਡਾਂਨੀ ਨੂੰ ਦੂਤਾਵਾਸ ਸੇਵਾਵਾਂ ਲਈ ਸਨਮਾਨਤ ਕੀਤਾ ਗਿਆ । ਸਟੇਜ ਦਾ ਸੰਚਾਲਨ ਰੀਤੀਕਾ ਆਹੀਰ ਤੇ ਦਲਜੀਤ ਸਿੰਘ ਵੱਲੋਂ ਬਾਖ਼ੂਬੀ ਕੀਤਾ ਗਿਆ।
ਇਥੋਪੀਆ ਪਹੁੰਚੀ ਇਵਾਂਕਾ ਟਰੰਪ, ਕੀਤਾ ਮਹਿਲਾ ਮਜ਼ਬੂਤੀਕਰਨ ਦਾ ਪ੍ਰਚਾਰ
NEXT STORY