ਇੰਟਰਨੈਸ਼ਨਲ ਡੈਸਕ- ਮੱਧ ਪੂਰਬ ਵਿੱਚ ਜੰਗ ਦਾ ਸੇਕ ਲਗਾਤਾਰ ਵਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਇਰਾਨ ਨੇ ਖਾੜੀ ਦੇ ਅਰਬ ਦੇਸ਼ਾਂ 'ਤੇ ਦਬਾਅ ਪਾਉਣ ਲਈ ਨਵੇਂ ਹਮਲੇ ਕੀਤੇ ਹਨ, ਜਦੋਂ ਕਿ ਉੱਤਰੀ ਇਰਾਕ ਵਿੱਚ ਹੋਏ ਇੱਕ ਹਵਾਈ ਹਮਲੇ ਵਿੱਚ ਇਰਾਨ ਸਮਰਥਕ 5 ਅੱਤਵਾਦੀ ਮਾਰੇ ਗਏ ਹਨ। ਸਾਊਦੀ ਅਰਬ ਨੇ ਆਪਣੇ ਤੇਲ ਖੇਤਰਾਂ ਵੱਲ ਆ ਰਹੇ 2 ਡਰੋਨਾਂ ਨੂੰ ਨਸ਼ਟ ਕਰਨ ਦਾ ਦਾਅਵਾ ਕੀਤਾ ਹੈ। ਇਸੇ ਤਰ੍ਹਾਂ ਕੁਵੈਤ ਦੇ ਨੈਸ਼ਨਲ ਗਾਰਡ ਨੇ 6 ਡਰੋਨ ਡੇਗਣ ਦੀ ਸੂਚਨਾ ਦਿੱਤੀ ਹੈ।
ਸੰਯੁਕਤ ਅਰਬ ਅਮੀਰਾਤ (ਦੁਬਈ) ਅਤੇ ਬਹਿਰੀਨ ਵਿੱਚ ਮਿਜ਼ਾਈਲ ਹਮਲੇ ਦੀ ਚਿਤਾਵਨੀ ਦੇਣ ਵਾਲੇ ਸਾਇਰਨ ਵੱਜਣ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਕਿਰਕੁਕ ਸ਼ਹਿਰ ਵਿੱਚ 'ਪਾਪੂਲਰ ਮੋਬਿਲਾਈਜ਼ੇਸ਼ਨ ਫੋਰਸਿਜ਼' ਦੀ 40ਵੀਂ ਬ੍ਰਿਗੇਡ 'ਤੇ ਹੋਏ ਹਵਾਈ ਹਮਲੇ ਵਿੱਚ 5 ਅੱਤਵਾਦੀ ਮਾਰੇ ਗਏ ਅਤੇ 4 ਜ਼ਖ਼ਮੀ ਹੋਏ। ਇਰਾਨ ਨੇ ਸਟ੍ਰੇਟ ਆਫ਼ ਹੋਰਮੁਜ਼ ਤੋਂ ਟੈਂਕਰਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਹੈ, ਜਿੱਥੋਂ ਦੁਨੀਆ ਦੇ 20 ਫ਼ੀਸਦੀ ਤੇਲ ਦੀ ਆਵਾਜਾਈ ਹੁੰਦੀ ਹੈ।
ਇਹ ਵੀ ਪੜ੍ਹੋ- 22 ਰੁਪਏ ਮਹਿੰਗਾ ਹੋਇਆ ਪੈਟਰੋਲ, ਜੇਬ 'ਚ 'ਛੇਕ' ਕਰਨ ਲੱਗਾ ਜੰਗ ਦਾ 'ਸੇਕ'! ਗੁਆਂਢੀ ਮੁਲਕ 'ਚ ਮਚੀ ਹਾਹਾਕਾਰ
ਇਸ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ 28 ਫਰਵਰੀ ਦੇ ਮੁਕਾਬਲੇ ਲਗਭਗ 24 ਫ਼ੀਸਦੀ ਵਧ ਕੇ 100 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਚੱਲ ਰਹੀਆਂ ਹਨ। ਅਧਿਕਾਰਤ ਅੰਕੜਿਆਂ ਅਨੁਸਾਰ, ਹੁਣ ਤੱਕ ਇਰਾਨ ਵਿੱਚ 1,230, ਲਿਬਨਾਨ ਵਿੱਚ 397 ਅਤੇ ਇਜ਼ਰਾਈਲ ਵਿੱਚ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਜੰਗ ਵਿੱਚ ਹੁਣ ਤੱਕ 7 ਅਮਰੀਕੀ ਜਵਾਨ ਵੀ ਮਾਰੇ ਗਏ ਹਨ।
ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇਰਾਨ ਨੇ ਹੋਰਮੁਜ਼ ਸਟ੍ਰੇਟ ਵਿੱਚ ਤੇਲ ਦੀ ਸਪਲਾਈ ਰੋਕਣ ਦੀ ਕੋਈ ਵੀ ਚਲਾਕੀ ਕੀਤੀ, ਤਾਂ ਅਮਰੀਕਾ ਉਸ 'ਤੇ ਪਹਿਲਾਂ ਨਾਲੋਂ 20 ਗੁਣਾ ਵੱਡਾ ਹਮਲਾ ਕਰੇਗਾ। 'ਰਿਵੋਲਿਊਸ਼ਨਰੀ ਗਾਰਡ' ਦੇ ਬੁਲਾਰੇ ਅਲੀ ਮੁਹੰਮਦ ਨਾਇਨੀ ਨੇ ਕਿਹਾ ਹੈ ਕਿ ਜੰਗ ਕਦੋਂ ਖਤਮ ਕਰਨੀ ਹੈ, ਇਹ ਇਰਾਨ ਤੈਅ ਕਰੇਗਾ। ਉੱਧਰ, ਇਰਾਨ ਦੇ ਵਿਦੇਸ਼ ਨੀਤੀ ਸਲਾਹਕਾਰ ਕਮਾਲ ਖਰਾਜ਼ੀ ਨੇ ਕਿਹਾ ਕਿ ਜਦੋਂ ਤੱਕ ਬਾਹਰੀ ਦਖਲਅੰਦਾਜ਼ੀ ਬੰਦ ਨਹੀਂ ਹੁੰਦੀ, ਕੂਟਨੀਤੀ ਦੀ ਕੋਈ ਗੁੰਜਾਇਸ਼ ਨਹੀਂ ਹੈ।
ਜ਼ਿਕਰਯੋਗ ਹੈ ਕਿ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਮੋਜਤਬਾ ਖਾਮੇਨੇਈ ਨੂੰ ਉੱਤਰਾਧਿਕਾਰੀ ਚੁਣਿਆ ਗਿਆ ਹੈ, ਜਿਸ ਤੋਂ ਬਾਅਦ ਇਰਾਨ ਦੇ ਤੇਵਰ ਹੋਰ ਸਖ਼ਤ ਹੋ ਗਏ ਹਨ ਤੇ ਇਲਾਕੇ 'ਚ ਜੰਗ ਦੇ ਹੋਰ ਭਿਆਨਕ ਹੋਣ ਦੀ ਸਥਿਤੀ ਪੈਦਾ ਹੋ ਗਈ ਹੈ।
ਇਹ ਵੀ ਪੜ੍ਹੋ- 'ਕਿੱਲਤ' ਵਿਚਾਲੇ ਗੁਆਂਢੀ ਮੁਲਕ ਨੂੰ 1,80,000 ਟਨ ਤੇਲ ਦੇਵੇਗਾ ਭਾਰਤ ! ਪਾਈਪਾਂ ਰਾਹੀਂ ਹੋਵੇਗੀ ਸਪਲਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ: ਹੰਗਰੀ ਨੇ ਬੈਨ ਕੀਤਾ Oil Export ! ਹੋਰ ਗਹਿਰਾ ਸਕਦੈ ਤੇਲ ਸੰਕਟ
NEXT STORY