ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਦੇਸ਼ ਵਿਦੇਸ਼ ਵਿਚ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਜਿਲਮੇਅਰ ਇਲਾਕੇ ਵਿਖੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਸੰਗਤਾਂ ਇਕੱਤਰ ਹੋਈਆਂ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਇਸ ਸਮੇਂ ਸਿੱਖ ਕੌਮ ਦੀ ਸਭ ਤੋਂ ਵੱਡੀ ਮੰਗ ਹੈ ਪਰ ਕੁਝ ਰਾਜਨੀਤਕ ਪਾਰਟੀਆਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਬਹੁਗਿਣਤੀ ਲੋਕਾਂ ਦੀਆਂ ਵੋਟਾਂ ਰਾਹੀਂ ਸਿਆਸੀ ਲਾਹਾਂ ਲੈਣ ਲਈ ਕਾਨੂੰਨ ਅਨੁਸਾਰ ਸਜ਼ਾਵਾਂ ਤੋਂ ਵੱਧ ਸਮਾਂ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਵਿਚ ਅੜਿੱਕੇ ਡਾਹ ਕੇ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਦਿਆਂ ਘੱਟ ਗਿਣਤੀਆਂ 'ਤੇ ਅੱਤਿਆਚਾਰ ਕਰ ਰਹੀਆਂ ਹਨ।
ਪੰਥਕ ਵਿਚਾਰਧਾਰਾ ਤੋਂ ਅਣਜਾਣ ਅਜਿਹੀਆਂ ਪਾਰਟੀਆਂ ਤੇ ਫਿਰਕੂ ਆਗੂਆਂ ਨੂੰ ਸਿੱਖ ਕੌਮ ਕਦੇ ਵੀ ਮਾਫ਼ ਨਹੀਂ ਕਰੇਗੀ। ਉਨ੍ਹਾਂ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਸਮੇਤ ਹੋਰ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਕੇਂਦਰ ਸਰਕਾਰ ਤੋ ਮੰਗ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪ੍ਰੋ. ਭੁੱਲਰ ਦੀ ਰਿਹਾਈ ਲਈ ਵਿਖਾਏ ਜਾ ਰਹੇ ਦੋਹਰੇ ਮਾਪਦੰਡਾਂ ਪ੍ਰਤੀ ਆਸਟ੍ਰੇਲੀਆਈ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਦਾ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪ੍ਰਤੀ ਨਜ਼ਰੀਆ ਬੇਹੱਦ ਨਿੰਦਣਯੋਗ ਹੈ। ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਕੇਂਦਰ ਸਰਕਾਰ ਵੀ ਹਰੀ ਝੰਡੀ ਦੇ ਚੁੱਕੀ ਹੈ ਤੇ ਪੰਜਾਬ ਸਰਕਾਰ ਨੂੰ ਵੀ ਕੋਈ ਇਤਰਾਜ਼ ਨਹੀਂ, ਫਿਰ ਕੇਜਰੀਵਾਲ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਇਹੋ ਜਿਹਾ ਵਤੀਰਾ ਕਿਉਂ ਅਪਣਾ ਰਿਹਾ ਹੈ? ਪ੍ਰੋ. ਭੁੱਲਰ ਦੀ ਰਿਹਾਈ ਸਿਰਫ਼ ਕੇਜਰੀਵਾਲ ਦੇ ਦਸਤਖ਼ਤ ਕਰਕੇ ਹੀ ਰੁਕੀ ਹੋਈ ਹੈ ਤੇ ਇਸ ਰਵੱਈਏ ਤੋਂ ਕੇਜਰੀਵਾਲ ਦੀ ਸਿੱਖ ਮਾਮਲਿਆਂ ਪ੍ਰਤੀ ਨਿੱਜੀ ਮਾਨਸਿਕਤਾ ਅਤੇ ਨਫ਼ਰਤੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦੇ WeChat ਖਾਤੇ 'ਚ ਚੀਨ ਵੱਲੋਂ ਦਖਲ ਅੰਦਾਜ਼ੀ
ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਲੁਭਾਉਣ ਲਈ ਉਹ ਪੰਜਾਬ ਮਾਡਲ ਪੇਸ਼ ਕਰ ਰਹੇ ਹਨ, ਕੀ ਸਿੱਖ ਮਾਮਲਿਆਂ ਦਾ ਸਬੰਧ ਪੰਜਾਬ ਨਾਲ ਨਹੀਂ? ਜਿਸ ਨਾਲ ਕੇਜਰੀਵਾਲ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਪ੍ਰਵਾਸੀ ਬਾਹਰਲੇ ਮੁਲਕਾਂ ਵਿੱਚ ਰਹਿ ਕੇ ਪੰਜਾਬ ਪੰਜਾਬੀਅਤ ਪ੍ਰਤੀ ਫਿਕਰਮੰਦ ਹਨ ਤੇ ਕੌਮ ਦੇ ਹੀਰਿਆਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਸਿਜਦਾ ਕਰਦੇ ਹਨ। ਇਸ ਮੌਕੇ ਹਾਜ਼ਰ ਸੰਗਤਾਂ ਨੇ ਸਿੰਘਾਂ ਦੀ ਰਿਹਾਈ ਦੀ ਮੰਗ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ।ਇਸ ਮਾਮਲੇ ਤੇ ਆਸਟ੍ਰੇਲੀਆਈ ਸਿੱਖ ਸੰਗਤਾਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਦਖ਼ਲ ਦੇ ਕੇ ਇਸ ਮਾਮਲੇ ਨੂੰ ਹੱਲ ਕੀਤਾ ਜਾਵੇ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾਵੇ।
ਸਮੱਗਲਿੰਗ ਕਾਰਨ ਪਾਕਿ ’ਚ 7 ਹਜ਼ਾਰ ਰੁਪਏ ਕਵਿੰਟਲ ਵਿਕ ਰਹੀ ਕਣਕ
NEXT STORY