ਬ੍ਰਿਟੇਨ (ਬਿਊਰੋ): ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ ਤੋਂ ਵੱਖਰੇ ਹੋਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕੀਤਾ ਹੈ। ਹੁਣ ਪੂਰੀ ਦੁਨੀਆ ਦੀ ਨਜ਼ਰ ਉਹਨਾਂ ਦੇ ਅਗਲੇ ਕਦਮ 'ਤੇ ਹੈ। ਇਸ ਵਿਚ ਮੇਗਨ ਅਤੇ ਉਸ ਤੋਂ ਵੱਖ ਹੋ ਚੁੱਕੇ ਉਹਨਾਂ ਦੇ ਪਿਤਾ ਥਾਮਸ ਮਰਕੇਲ ਬ੍ਰਿਟੇਨ ਦੀ ਇਕ ਅਦਾਲਤ ਵਿਚ ਆਹਮੋ-ਸਾਹਮਣੇ ਹੋ ਸਕਦੇ ਹਨ। ਪ੍ਰਿੰਸ ਹੈਰੀ ਨਾਲ ਵਿਆਹ ਕਰਨ ਦੇ 3 ਮਹੀਨੇ ਬਾਅਦ ਪਿਤਾ ਥਾਮਸ ਨੂੰ ਲਿਖੇ ਪੱਤਰ ਮੀਡੀਆ ਵਿਚ ਲੀਕ ਹੋਣ ਦੇ ਮਾਮਲੇ ਵਿਚ ਮੇਗਨ ਨੇ ਇਕ ਅਖਬਾਰ ਦੇ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਮੇਗਨ ਦੇ ਪਿਤਾ ਥਾਮਸ ਨੇ ਡੇਲੀ ਮੇਲ ਗਰੁੱਪ ਦੇ ਹਫਤਾਵਰੀ ਅਖਬਾਰ 'ਦੀ ਮੇਲ ਆਨ ਸੰਡੇ' ਵੱਲੋਂ ਬਤੌਰ ਗਵਾਹ ਅਦਾਲਤ ਵਿਚ ਪੇਸ਼ ਹੋਣ ਦੀ ਸਹਿਮਤੀ ਦਿੱਤੀ ਹੈ। ਇੰਨਾ ਹੀ ਨਹੀਂ ਉਹ ਆਪਣੀ ਬੇਟੀ ਵਿਰੁੱਧ ਸਬੂਤ ਵੀ ਪੇਸ਼ ਕਰ ਸਕਦੇ ਹਨ। ਡੇਲੀ ਮੇਲ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ 75 ਸਾਲਾ ਥਾਮਸ ਨੇ ਅਖਬਾਰ ਦੀ ਕਾਨੂੰਨੀ ਟੀਮ ਨੂੰ ਕੁਝ ਅਜਿਹੇ ਦਸਤਾਵੇਜ਼ ਅਤੇ ਪੱਤਰ ਸੌਂਪੇ ਹਨ, ਜਿਹਨਾਂ 'ਤੇ ਹੁਣ ਤੱਕ ਕਿਸੇ ਦੀ ਨਜ਼ਰ ਨਹੀਂ ਸੀ।
ਮੇਗਨ ਨੇ ਵਿਆਹ ਦੇ 3 ਮਹੀਨੇ ਬਾਅਦ ਅਗਸਤ 2018 ਵਿਚ ਪਿਤਾ ਨੂੰ ਜਿਹੜੇ ਪੱਤਰ ਲਿਖੇ, ਉਸ ਨੂੰ ਦੀ ਮੇਲ ਆਨ ਸੰਡੇ ਨੇ ਫਰਵਰੀ 2019 ਵਿਚ ਛਾਪ ਦਿੱਤਾ ਸੀ। ਮੇਗਨ ਦਾ ਦੋਸ਼ ਹੈ ਕਿ ਉਹਨਾਂ ਨੇ ਆਪਣੇ ਪਿਤਾ ਨੂੰ ਜਿਹੜੇ ਪੱਤਰ ਲਿਖੇ ਸਨ ਉਹਨਾਂ ਨੂੰ ਤੋੜ ਮਰੋੜ ਕੇ ਅਤੇ ਗਲਤ ਤਰੀਕੇ ਨਾਲ ਛਾਪਿਆ ਗਿਆ। ਇਹ ਸਿੱਧੇ ਤੌਰ 'ਤੇ ਡਾਟਾ ਸੁਰੱਖਿਆ ਐਕਟ 2018 ਅਤੇ ਕਾਪੀ ਰਾਈਟ ਦੀ ਉਲੰਘਣਾ ਹੈ। ਇਸ ਦੇ ਜ਼ਰੀਏ ਜਾਣਬੁੱਝ ਕੇ ਸ਼ਾਹੀ ਪਰਿਵਾਰ ਵਿਚ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੂਜੇ ਪਾਸੇ ਅਖਬਾਰ ਨੇ ਮੇਗਨ ਦੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਅਖਬਾਰ ਦਾ ਕਹਿਣਾ ਹੈ ਕਿ ਉਸ ਨੇ ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਇਹ ਪੱਤਰ ਛਾਪੇ ਸਨ। ਅਖਬਾਰ ਨੇ ਆਪਣੀ ਦਲੀਲ ਵਿਚ ਕਿਹਾ ਹੈ ਕਿ ਸ਼ਾਹੀ ਪਰਿਵਾਰ ਦੇ ਮੈਂਬਰਾਂ ਦੇ ਨਿੱਜੀ ਸੰਬੰਧਾਂ ਵਿਚ ਵਿਸ਼ਾਲ ਅਤੇ ਵੈਧ ਜਨਤਕ ਹਿੱਤ ਜੁੜੇ ਹਨ।
ਯੂਰਪੀ ਦੇਸ਼ਾਂ ਦਾ ਈਰਾਨ 'ਤੇ ਪ੍ਰਮਾਣੂੰ ਸਮਝੌਤਾ ਤੋੜਣ ਦਾ ਦੋਸ਼
NEXT STORY