ਓਟਾਵਾ- ਕੈਨੇਡਾ ਸਰਕਾਰ ਨੇ ਹਵਾਈ ਯਾਤਰੀਆਂ ਲਈ ਨਵੀਂਆਂ ਸਖ਼ਤ ਹਿਦਾਇਤਾਂ ਲਾਗੂ ਕਰ ਦਿੱਤੀਆਂ ਹਨ। ਕੈਨੇਡਾ ਸਰਕਾਰ ਨਾਲ ਸਲਾਹ ਮਗਰੋਂ ਇੱਥੋਂ ਦੀਆਂ 4 ਏਅਰਲਾਈਨਜ਼ ਏਅਰ ਕੈਨੇਡਾ, ਵੈਸਟਜੈੱਟ, ਸਨਵਿੰਗ ਅਤੇ ਏਅਰ ਟਰਾਂਜ਼ਿਟ ਨੇ 30 ਜਨਵਰੀ ਤੋਂ 30 ਅਪ੍ਰੈਲ ਤੱਕ ਕੈਰੀਬੀਅਨ ਦੇਸ਼ ਅਤੇ ਮੈਕਸੀਕੋ ਲਈ ਆਪਣੀਆਂ ਉਡਾਣਾਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਇੱਥੇ ਵੀ ਕੋਰੋਨਾ ਦੇ ਮਾਮਲੇ ਬਹੁਤ ਜ਼ਿਆਦਾ ਹਨ ਤੇ ਕੈਨੇਡੀਅਨ ਇੱਥੇ ਘੁੰਮਣ ਲਈ ਜਾਂਦੇ ਰਹਿੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਗਏ ਕੈਨੇਡੀਅਨ ਲੋਕਾਂ ਨੂੰ ਵਾਪਸ ਲਿਆਉਣ ਲਈ ਸਰਕਾਰ ਪ੍ਰਬੰਧ ਕਰ ਰਹੀ ਹੈ। ਇਨ੍ਹਾਂ ਲੋਕਾਂ ਨੂੰ ਵੀ ਇਕਾਂਤਵਾਸ ਤੇ ਦੁਬਾਰਾ ਟੈਸਟ ਕਰਵਾਉਣ ਵਾਲੇ ਨਿਯਮਾਂ ਵਿਚੋਂ ਲੰਘਣਾ ਪਵੇਗਾ।
ਨਵੇਂ ਨਿਯਮਾਂ ਮੁਤਾਬਕ ਅਗਲੇ ਹਫ਼ਤੇ ਤੋਂ ਕੌਮਾਂਤਰੀ ਯਾਤਰੀ ਮਾਂਟਰੀਅਲ, ਟੋਰਾਂਟੋ, ਕੈਲਗਰੀ ਅਤੇ ਵੈਨਕੁਵਰ ਹਵਾਈ ਅੱਡਿਆਂ 'ਤੇ ਉਤਰਨਗੇ ਤੇ ਇੱਥੇ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਜਦ ਯਾਤਰੀ ਦਾ ਕੈਨੇਡਾ ਦੇ ਹਵਾਈ ਅੱਡੇ ਉੱਤੇ ਦੁਬਾਰਾ ਟੈਸਟ ਕੀਤਾ ਜਾਵੇਗਾ ਤਾਂ ਉਸ ਦੀ ਰਿਪੋਰਟ ਦੇ ਇੰਤਜ਼ਾਰ ਲਈ ਯਾਤਰੀ ਨੂੰ ਆਪਣੇ ਖਰਚੇ 'ਤੇ 3 ਦਿਨਾਂ ਲਈ ਹੋਟਲ ਵਿਚ ਰੁਕਣਾ ਪਵੇਗਾ। ਜੇਕਰ ਕਿਸੇ ਦਾ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਉਸ ਨੂੰ ਆਪਣੇ ਘਰ ਜਾ ਕੇ 14 ਦਿਨਾਂ ਲਈ ਇਕਾਂਤਵਾਸ ਰਹਿਣਾ ਪਵੇਗਾ। ਜੇਕਰ ਕਿਸੇ ਦੀ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਸਿਹਤ ਅਧਿਕਾਰੀ ਉਸ ਨੂੰ ਇਕਾਂਤਵਾਸ ਕਰਨਗੇ ਤੇ ਉਸ ਦਾ ਇਲਾਜ ਕੀਤਾ ਜਾਵੇਗਾ। ਇਸ ਦੇ ਇਲਾਵਾ ਕੈਨੇਡਾ ਵਿਚ ਅੰਤਰ ਸੂਬਾਈ ਯਾਤਰਾ ਵੀ ਇਕ ਤਰ੍ਹਾਂ ਬੰਦ ਹੀ ਹਨ।
ਅੰਤਰ ਸੂਬਾ ਯਾਤਰਾ ਲਈ ਹਿਦਾਇਤਾਂ-
ਕਿਊਬਿਕ, ਓਂਟਾਰੀਓ, ਸਸਕੈਚਵਨ, ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਵਿਚ ਕੋਰੋਨਾ ਦੇ ਵੱਧ ਮਾਮਲਿਆਂ ਕਾਰਨ ਇਨ੍ਹਾਂ ਸੂਬਿਆਂ ਨੇ ਅੰਤਰ ਸੂਬਾ ਯਾਤਰਾ ਤੋਂ ਲੋਕਾਂ ਨੂੰ ਬਚਣ ਦੀ ਸਲਾਹ ਦਿੱਤੀ ਹੈ। ਜੇਕਰ ਬਹੁਤ ਜ਼ਰੂਰੀ ਨਾ ਹੋਵੇ ਤਾਂ ਲੋਕਾਂ ਨੂੰ ਆਪਣੇ ਸੂਬੇ ਵਿਚ ਹੀ ਰਹਿਣ ਦੀ ਸਲਾਹ ਹੈ। ਇਸ ਦੇ ਇਲਾਵਾ ਅਟਲਾਂਟਿਕ ਸੂਬੇ ਤੇ ਆਰਕਟਿਕ ਟੈਰੇਟਰੀਜ਼ ਨੇ ਵੀ ਕੈਨੇਡਾ ਭਰ ਤੋਂ ਘੁੰਮਣ ਆਉਣ ਵਾਲੇ ਲੋਕਾਂ ਨੂੰ ਇੱਥੇ ਨਾ ਆਉਣ ਲਈ ਕਿਹਾ ਹੈ, ਹਾਲਾਂਕਿ ਸਕੂਲ ਜਾਂ ਕੰਮ ਕਾਰਨ ਲੋਕ ਇੱਥੇ ਆ-ਜਾ ਸਕਦੇ ਹਨ। ਮੈਨੀਟੋਬਾ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਲੋਕਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਪਵੇਗਾ।
ਇਕ ਹੋਰ ਪੰਜਾਬੀ ਦੀ ਇਟਲੀ ਵਿਚ ਹੋਈ ਮੌਤ ,ਬੁੱਢੇ ਮਾਪੇ ਪੁੱਤ ਦੇ ਵਿਆਹ ਦੀ ਕਰ ਰਹੇ ਸਨ ਤਿਆਰੀ
NEXT STORY