ਦਾਵੋਸ (ਵਿਸ਼ੇਸ਼) - ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਅਰਥ ਸ਼ਾਸਤਰੀ ਮਾਰਕ ਕਾਰਨੀ ਨੇ ਵਿਸ਼ਵ ਆਰਥਿਕ ਫੋਰਮ ਦੇ ਮੰਚ ਤੋਂ ਆਪਣੇ ਭਾਸ਼ਣ ਵਿਚ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਸ਼ਕਤੀਆਂ ਨੂੰ ਸਿੱਧੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਦੁਨੀਆ ਕਿਸੇ ਤਬਦੀਲੀ ਵਿਚ ਨਹੀਂ ਸਗੋਂ ਤਬਾਹੀ ਦੇ ਵਿਚਾਲੇ ਫਸੀ ਹੋਈ ਹੈ। ਸ਼ਕਤੀਸ਼ਾਲੀ ਦੇਸ਼ ਨਿਯਮਾਂ ਨੂੰ ਛਿੱਕੇ ਟੰਗ ਰਹੇ ਹਨ ਅਤੇ ਕਮਜ਼ੋਰ ਦੇਸ਼ਾਂ ਨੂੰ ਸਹਿਣਾ ਪੈ ਰਿਹਾ ਹੈ। ਕਾਰਨੀ ਨੇ ਚੈਕੋਸਲੋਵਾਕੀਆ ਦੇ ਵਾਕਲਾਵ ਹਾਵੇਲ ਦੇ ਲੇਖ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ‘ਤਖ਼ਤੀਆਂ ਉਤਾਰ ਦੇਣ ਦਾ ਵੇਲਾ’ ਆ ਗਿਆ ਹੈ। ਉਨ੍ਹਾਂ ਨੇ ਪੁਰਾਣੀ ਅੰਤਰਰਾਸ਼ਟਰੀ ਵਿਵਸਥਾ ਦੇ ਵਾਪਸ ਆਉਣ ਦੀ ਉਮੀਦ ਨੂੰ ਨਕਾਰਦਿਆਂ ਮੱਧਮ ਸ਼ਕਤੀਆਂ ਨੂੰ ਨਵੀਂ, ਮਜ਼ਬੂਤ ਅਤੇ ਨਿਆਂਪੂਰਨ ਵਿਵਸਥਾ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਨਾਸਟੇਲਜੀਆ ਕੋਈ ਰਣਨੀਤੀ ਨਹੀਂ ਹੈ, ਸਗੋਂ ਦਿਖਾਵਾ ਬੰਦ ਕਰ ਕੇ ਅਸਲ ਸ਼ਕਤੀ ਦੀ ਵਰਤੋਂ ਕਰਨੀ ਜ਼ਰੂਰੀ ਹੈ। ਭਾਸ਼ਣ ਖਤਮ ਹੋਣ ਤੋਂ ਬਾਅਦ ਕਾਰਨੀ ਟਰੰਪ ਨੂੰ ਮਿਲਣ ਲਈ ਰੁਕੇ ਨਹੀਂ ਅਤੇ ਕੈਨੇਡਾ ਪਰਤ ਗਏ।
24 ਦੇਸ਼ਾਂ ਦੇ 400 ਅਰਬਪਤੀਆਂ ਨੇ ਲਿਖਿਆ ਪੱਤਰ : ‘ਸੁਪਰ ਰਿਚ ’ਤੇ ਜ਼ਿਆਦਾ ਟੈਕਸ ਲਾਓ, ਦੁਨੀਆ ਬਚਾਓ’
ਵਿਸ਼ਵ ਆਰਥਿਕ ਫੋਰਮ ਦੇ ਮੰਚ ’ਤੇ 24 ਦੇਸ਼ਾਂ ਦੇ 400 ਅਰਬਪਤੀਆਂ ਨੇ ਵਿਸ਼ਵ ਨੇਤਾਵਾਂ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ, ਜਿਸ ਵਿਚ ਸੁਪਰ ਰਿਚ ’ਤੇ ਵੱਧ ਟੈਕਸ ਲਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਦੌਲਤ ਕੁਝ ਹੱਥਾਂ ਵਿਚ ਸਿਮਟਣ ਨਾਲ ਸਿਆਸਤ ਪ੍ਰਭਾਵਿਤ ਹੋ ਰਹੀ ਹੈ, ਲੋਕਤੰਤਰ ਖ਼ਤਰੇ ਵਿਚ ਹੈ ਅਤੇ ਸਮਾਜਿਕ ਅਸਮਾਨਤਾ ਵਧ ਰਹੀ ਹੈ। ਪੱਤਰ ’ਤੇ ਹਸਤਾਖਰ ਕਰਨ ਵਾਲਿਆਂ ’ਚ ਅਦਾਕਾਰ ਮਾਰਕ ਰਫਲੋ, ਸੰਗੀਤਕਾਰ ਬ੍ਰਾਇਨ ਇਨੋ ਅਤੇ ਡਿਜ਼ਨੀ ਪਰਿਵਾਰ ਦੀ ਅਬੀਗੇਲ ਡਿਜ਼ਨੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਇਕੱਠੇ ਕੀਤੇ ਗਏ ਪੈਸੇ ਨੂੰ ਜਨਤਕ ਹਿੱਤਾਂ ਵਿਚ ਲਗਾਇਆ ਜਾਣਾ ਚਾਹੀਦਾ ਹੈ।
ਟਰੰਪ ਦੇ ਵਿਰੋਧ ’ਚ ਪ੍ਰਦਰਸ਼ਨ, ਸ਼ਹਿਰ ’ਚ ਤਣਾਅ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਡਬਲਯੂ.ਈ.ਐੱਫ. ਭਾਸ਼ਣ ਤੋਂ ਪਹਿਲਾਂ ਸ਼ਹਿਰ ਵਿਚ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਵੱਖ-ਵੱਖ ਥਾਵਾਂ ’ਤੇ ਸੈਂਕੜੇ ਪ੍ਰਦਰਸ਼ਨਕਾਰੀ ਜਲਵਾਯੂ ਪਰਿਵਰਤਨ, ਗ੍ਰੀਨਲੈਂਡ, ਵੈਨੇਜ਼ੁਏਲਾ, ਈਰਾਨ ਅਤੇ ਪੂੰਜੀਵਾਦ ਵਰਗੇ ਮੁੱਦਿਆਂ ਨੂੰ ਲੈ ਕੇ ਨਾਅਰੇਬਾਜ਼ੀ ਕਰ ਰਹੇ ਸਨ। ਸੁਰੱਖਿਆ ਦੇ ਬੇਮਿਸਾਲ ਪ੍ਰਬੰਧਾਂ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਟਰੰਪ ਦੇ ਪਹੁੰਚਣ ਤੱਕ ਸ਼ਹਿਰ ਦੇ ਕਈ ਹਿੱਸਿਆਂ ਵਿਚ ਸ਼ਾਂਤੀਪੂਰਨ ਅਤੇ ਜ਼ੋਰਦਾਰ ਵਿਰੋਧ ਜਾਰੀ ਰੱਖਿਆ। ‘ਕਾਂਗਰਸ ਹਾਲ’ ਵਿਚ ਭਾਸ਼ਣ ਲਈ ਖਚਾਖਚ ਭਰੀ ਭੀੜ ਵਿਚ ਸ਼ਾਮਲ ਲੋਕਾਂ ਅਤੇ ਹਾਲ ਦੇ ਬਾਹਰ ਪ੍ਰਦਰਸ਼ਨ ਦੋਵਾਂ ਨੇ ਸ਼ਹਿਰ ਦੀ ਸੁਰੱਖਿਆ ਵਿਵਸਥਾ ਨੂੰ ਚੁਣੌਤੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਵਿਰੋਧ ਸ਼ਾਂਤੀਪੂਰਨ ਸੀ ਪਰ ਟਰੰਪ ਦੇ ਪ੍ਰੋਗਰਾਮ ਦੇ ਆਲੇ-ਦੁਆਲੇ ਵਾਧੂ ਚੌਕਸੀ ਵਰਤੀ ਗਈ।
ਗਾਜ਼ਾ ਜੰਗ ਨੂੰ ਖਤਮ ਕਰਨ ਲਈ ਟਰੰਪ ਦਾ ਵੱਡਾ ਕਦਮ; 8 ਇਸਲਾਮਿਕ ਦੇਸ਼ 'ਬੋਰਡ ਆਫ਼ ਪੀਸ' 'ਚ ਹੋਏ ਸ਼ਾਮਲ
NEXT STORY