ਬੀਜਿੰਗ (ਬਿਊਰੋ)— ਚੀਨ ਦੀ ਇਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਡਾਂਸ ਪ੍ਰੈਕਟਿਸ ਦੌਰਾਨ ਅਚਾਨਕ 9 ਸਾਲਾ ਬੱਚੀ ਦੀ ਅੱਧੀ ਬੌਡੀ ਨੂੰ ਅਧਰੰਗ ਹੋ ਗਿਆ। ਦਰਦ ਨਾਲ ਤੜਫ ਰਹੀ ਬੱਚੀ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਸਥਿਤੀ ਗੰਭੀਰ ਦੱਸੀ ਹੈ। ਡਾਕਟਰਾਂ ਮੁਤਾਬਕ ਬੱਚੀ ਨੂੰ ਠੀਕ ਹੋਣ ਵਿਚ ਕਈ ਸਾਲ ਲੱਗ ਸਕਦੇ ਹਨ। ਇਹ ਮਾਮਲਾ 17 ਨਵੰਬਰ ਦਾ ਸੈਂਟਰਲ ਚੀਨ ਦਾ ਦੱਸਿਆ ਜਾ ਰਿਹਾ ਹੈ।
ਚੀਨ ਦੇ ਇਕ ਸਥਾਨਕ ਮੀਡੀਆ ਮੁਤਾਬਕ 9 ਸਾਲਾ ਬੱਚੀ ਡਾਂਸ ਕਲਾਸ ਵਿਚ ਕਾਰਟਵ੍ਹੀਲ ਦੀ ਪ੍ਰੈਕਟਿਸ ਕਰ ਰਹੀ ਸੀ। ਉਸੇ ਦੌਰਾਨ ਉਸ ਦੇ ਪੈਰ ਵਿਚ ਅਚਾਨਕ ਤੇਜ਼ ਦਰਦ ਹੋਇਆ। ਬੱਚੀ ਨੇ ਇਸ ਦੀ ਸ਼ਿਕਾਇਤ ਟਰੇਨਰ ਨੂੰ ਕੀਤੀ ਅਤੇ ਬ੍ਰੇਕ ਮੰਗੀ ਪਰ ਟਰੇਨਰ ਨੇ ਬ੍ਰੇਕ ਦੇਣ ਤੋਂ ਇਨਕਾਰ ਕਰ ਦਿੱਤਾ। ਦਰਦ ਦੌਰਾਨ ਵੀ ਟਰੇਨਰ ਬੱਚੀ ਤੋਂ ਡਾਂਸ ਪ੍ਰੈਕਟਿਸ ਕਰਵਾ ਰਿਹਾ ਸੀ। ਉਸੇ ਦੌਰਾਨ ਬੱਚੀ ਦੀ ਅੱਧੀ ਬੌਡੀ ਅਧਰੰਗ ਦੀ ਸ਼ਿਕਾਰ ਹੋ ਗਈ।
ਹੁਣ ਤੱਕ 4 ਹਸਪਤਾਲਾਂ 'ਚ ਹੋ ਚੁੱਕਾ ਹੈ ਇਲਾਜ
ਬੱਚੀ ਦੇ ਪਿਤਾ ਮੁਤਾਬਕ ਬੱਚੀ ਦੇ ਦੋਹਾਂ ਪੈਰਾਂ ਨੂੰ ਅਧਰੰਗ ਹੋ ਗਿਆ ਹੈ। ਉਹ ਹੁਣ ਤੱਕ ਚਾਰ ਵੱਖ-ਵੱਖ ਹਸਪਤਾਲਾਂ ਵਿਚ ਉਸ ਦਾ ਇਲਾਜ ਕਰਵਾ ਚੁੱਕੇ ਹਨ। ਉੱਧਰ ਮੈਡੀਕਲ ਸਟਾਫ ਮੁਤਾਬਕ ਬੱਚੀ ਦੇ ਠੀਕ ਹੋਣ ਦੀ ਸੰਭਾਵਨਾ ਤਾਂ ਹੈ ਪਰ ਇਸ ਵਿਚ ਕਾਫੀ ਸਮਾਂ ਲੱਗ ਸਕਦਾ ਹੈ। ਬੱਚੀ ਦੀ ਮਾਂ ਦਾ ਕਹਿਣਾ ਹੈ,''ਮੈਂ ਬੀਜਿੰਗ ਦੇ ਕਈ ਹਸਪਤਾਲਾਂ ਦੇ ਚੱਕਰ ਕੱਟ ਚੁੱਕੀ ਹਾਂ। ਮੈਨੂੰ ਕਿਤੇ ਵੀ ਤਸੱਲੀਬਖਸ ਜਵਾਬ ਨਹੀਂ ਮਿਲਿਆ। ਅਸੀਂ ਬੇਟੀ ਦਾ ਸਹੀ ਇਲਾਜ ਕਰਵਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ।''
ਟਰੇਨਰ ਨੇ ਜ਼ਿੰਮੇਵਾਰੀ ਲੈਣ ਤੋਂ ਕੀਤਾ ਇਨਕਾਰ
ਇਸ ਘਟਨਾ ਲਈ ਬੱਚੀ ਦੇ ਮਾਤਾ-ਪਿਤਾ ਟਰੇਨਰ ਨੂੰ ਜਿੰਮੇਵਾਰ ਮੰਨ ਰਹੇ ਹਨ। ਉੱਧਰ ਟਰੇਨਰ ਨੇ ਘਟਨਾ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਮੁਤਾਬਕ ਕਲਾਸ ਵਿਚ ਮੌਜੂਦ ਹੋਰ ਬੱਚੇ ਵੀ ਕਾਰਟਵ੍ਹੀਲ ਦੀ ਪ੍ਰਕੈਟਿਸ ਕਰ ਰਹੇ ਸਨ ਪਰ ਉਨ੍ਹਾਂ ਨੂੰ ਕੁਝ ਨਹੀਂ ਹੋਇਆ। ਇਸ ਪੂਰੇ ਮਾਮਲੇ ਵਿਚ ਸਕੂਲ ਅਥਾਰਿਟੀ ਵੀ ਕੁਝ ਕਹਿਣ ਤੋਂ ਬਚ ਰਹੀ ਹੈ। ਇੰਨਾ ਹੀ ਨਹੀਂ ਡਾਂਸ ਟਰੇਨਰ ਨੇ ਜਾਂਚ ਅਧਿਕਾਰੀਆਂ ਨੂੰ ਡਾਂਸ ਕਲਾਸ ਵਿਚ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਬੱਚੀ ਦੀ ਮਾਂ ਇਕ ਸੋਸ਼ਲ ਗਰੁੱਪ ਨਾਲ ਜੁੜੀ
ਬੱਚੀ ਦੇ ਸਹੀ ਇਲਾਜ ਲਈ ਭਟਕ ਰਹੀ ਮਾਂ ਹੁਣ ਇਕ ਸੋਸ਼ਲ ਗਰੁੱਪ ਨਾਲ ਜੁੜ ਚੁੱਕੀ ਹੈ। ਇਸ ਗਰੁੱਪ ਵਿਚ ਲੱਗਭਗ 200 ਤੋਂ ਵਧੇਰੇ ਅਜਿਹੇ ਮੈਂਬਰ ਹਨ ਜਿਨ੍ਹਾਂ ਦੇ ਬੱਚੇ ਡਾਂਸ ਕਾਰਨ ਕਿਸੇ ਨਾ ਕਿਸੇ ਸਰੀਰਕ ਬੀਮਾਰੀ ਨਾਲ ਜੂਝ ਰਹੇ ਹਨ। ਗਰੁੱਪ ਵਿਚ ਸ਼ਾਮਲ ਇਕ ਮਹਿਲਾ ਨੇ ਦੱਸਿਆ,'ਫਰਵਰੀ ਮਹੀਨੇ ਉਸ ਦੀ 4 ਸਾਲਾ ਬੱਚੀ ਵੀ ਡਾਂਸ ਕਰਦੇ ਸਮੇਂ ਅਧਰੰਗ ਦੀ ਸ਼ਿਕਾਰ ਹੋ ਗਈ ਸੀ। ਇਲਾਜ ਦੌਰਾਨ ਉਨ੍ਹਾਂ ਨੇ ਡਾਂਸ ਕਲਾਸ ਦੇ ਬਾਰੇ ਵਿਚ ਜਾਂਚ-ਪੜਤਾਲ ਕੀਤੀ। ਪੜਤਾਲ ਵਿਚ ਪਤਾ ਚੱਲਿਆ ਕਿ ਡਾਂਸ ਕਲਾਸ ਕੋਲ ਲਾਇਸੈਂਸ ਹੀ ਨਹੀਂ ਸੀ।
ਮਾਤਾ-ਪਿਤਾ ਨੇ ਸ਼ੇਅਰ ਨੇ ਕੀਤੇ ਅਨੁਭਵ
ਇਕ ਹੋਰ ਪਿਤਾ ਨੇ ਆਪਣੀ ਬੱਚੀ ਦੀ ਰਿਪੋਰਟ ਗਰੁੱਪ ਵਿਚ ਸ਼ੇਅਰ ਕਰਦਿਆਂ ਲਿਖਿਆ,''ਅਜਿਹੀ ਹੀ ਇਕ ਡਾਂਸ ਕਲਾਸ ਕਾਰਨ ਉਸ ਦੀ 6 ਸਾਲਾ ਬੇਟੀ ਪੂਰੀ ਜ਼ਿੰਦਗੀ ਲਈ ਅਧਰੰਗ ਦੀ ਸ਼ਿਕਾਰ ਹੋ ਗਈ।'' ਉੱਥੇ ਇਕ ਹੋਰ ਮਾਤਾ-ਪਿਤਾ ਨੇ ਦੱਸਿਆ ਕਿ ਸਾਲ 2014 ਵਿਚ ਉਨ੍ਹਾਂ ਦੀ 9 ਸਾਲਾ ਬੇਟੀ ਵੀ ਅਧਰੰਗ ਦੀ ਸ਼ਿਕਾਰ ਹੋ ਗਈ ਸੀ। ਇਸੇ ਸਾਲ ਜੂਨ ਵਿਚ ਹੈਨਾਨ ਕੋਰਟ ਨੇ ਉਨ੍ਹਾਂ ਨੂੰ ਹਰਜ਼ਾਨੇ ਦੇ ਰੂਪ ਵਿਚ ਲੱਗਭਗ 24 ਕਰੋੜ ਰੁਪਏ ਦਿਵਾਏ ਸਨ। ਗੌਰਤਲਬ ਹੈ ਕਿ ਚੀਨ ਵਿਚ ਮਾਤਾ-ਪਿਤਾ ਪੜ੍ਹਾਈ ਨਾਲੋਂ ਜ਼ਿਆਦਾ ਬੱਚਿਆਂ ਨੂੰ ਵਾਧੂ ਪਾਠਕ੍ਰਮ ਸਰਗਰਮੀਆਂ (Extra Curriculum Activity) ਦਾ ਕੋਰਸ ਕਰਵਾਉਂਦੇ ਹਨ। ਇਨ੍ਹਾਂ ਵਿਚ ਖਾਸ ਤੌਰ 'ਤੇ ਡਾਂਸ, ਪਿਆਨੋ, ਸਪੋਰਟਸ ਜਾਂ ਕੋਈ ਹੋਰ ਆਰਟ ਕਲਾਸ ਸ਼ਾਮਲ ਹੁੰਦੀ ਹੈ। ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਕਿਸੇ ਨਾ ਕਿਸੇ ਖੇਡ ਕਲਾ ਵਿਚ ਮਾਹਰ ਹੋਵੇ।
ਆਸਟ੍ਰੇਲੀਆ : ਹਰਜੀਤ ਲਸਾੜਾ ਨੂੰ ਕਨਵੀਨਰ ਬਣਨ 'ਤੇ ਵਧਾਈਆਂ
NEXT STORY