ਨਿਊਯਾਰਕ/ਵਾਸ਼ਿੰਗਟਨ: ਚੀਨ ਭਾਰਤ ਨਾਲ ਅਸਲ ਕੰਟਰੋਲ ਰੇਖਾ (LAC) 'ਤੇ ਤਣਾਅ ਘੱਟ ਹੋਣ ਦਾ ਫਾਇਦਾ ਉਠਾ ਕੇ ਦੁਵੱਲੇ ਸਬੰਧਾਂ ਨੂੰ ਸਥਿਰ ਕਰਨਾ ਚਾਹੁੰਦਾ ਹੈ ਤਾਂ ਜੋ ਭਾਰਤ ਤੇ ਅਮਰੀਕਾ ਦੇ ਵਧਦੇ ਸਬੰਧਾਂ ਨੂੰ ਰੋਕਿਆ ਜਾ ਸਕੇ। ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਨੇ ਅਮਰੀਕੀ ਸੰਸਦ ਵਿੱਚ ਪੇਸ਼ ਕੀਤੀ ਆਪਣੀ ਸਾਲਾਨਾ ਰਿਪੋਰਟ 'ਚ ਇਹ ਖੁਲਾਸਾ ਕੀਤਾ ਹੈ।
ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਪਰ ਇਰਾਦਿਆਂ 'ਤੇ ਸ਼ੱਕ
ਰਿਪੋਰਟ ਮੁਤਾਬਕ ਅਕਤੂਬਰ 2024 'ਚ ਭਾਰਤ ਤੇ ਚੀਨ ਵਿਚਾਲੇ LAC 'ਤੇ ਫੌਜਾਂ ਨੂੰ ਪਿੱਛੇ ਹਟਾਉਣ ਲਈ ਹੋਏ ਸਮਝੌਤੇ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਬ੍ਰਿਕਸ ਸੰਮੇਲਨ ਦੌਰਾਨ ਅਹਿਮ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਿੱਧੀਆਂ ਉਡਾਣਾਂ, ਵੀਜ਼ਾ ਸਹੂਲਤਾਂ ਅਤੇ ਪੱਤਰਕਾਰਾਂ ਦੇ ਆਦਾਨ-ਪ੍ਰਦਾਨ ਵਰਗੇ ਮੁੱਦਿਆਂ 'ਤੇ ਉੱਚ ਪੱਧਰੀ ਬੈਠਕਾਂ ਦਾ ਦੌਰ ਸ਼ੁਰੂ ਹੋਇਆ ਹੈ। ਹਾਲਾਂਕਿ, ਰਿਪੋਰਟ ਦਾ ਕਹਿਣਾ ਹੈ ਕਿ ਭਾਰਤ ਅਜੇ ਵੀ ਚੀਨ ਦੀਆਂ ਕਾਰਵਾਈਆਂ ਅਤੇ ਇਰਾਦਿਆਂ ਨੂੰ ਲੈ ਕੇ ਸ਼ੱਕੀ ਹੈ ਅਤੇ ਆਪਸੀ ਅਵਿਸ਼ਵਾਸ ਕਾਰਨ ਦੁਵੱਲੇ ਸਬੰਧਾਂ ਵਿੱਚ ਸੀਮਾਵਾਂ ਬਣੀਆਂ ਹੋਈਆਂ ਹਨ।
ਚੀਨ ਦੀ 2049 ਦੀ ਰਣਨੀਤੀ
ਚੀਨ ਦਾ ਅਸਲੀ ਟੀਚਾ 2049 ਤੱਕ 'ਚੀਨੀ ਰਾਸ਼ਟਰ ਦਾ ਮਹਾਨ ਪੁਨਰ-ਉਥਾਨ' ਹਾਸਲ ਕਰਨਾ ਹੈ। ਇਸ ਲਈ ਉਹ ਇੱਕ 'ਵਿਸ਼ਵ-ਪੱਧਰੀ' ਫੌਜ ਤਿਆਰ ਕਰ ਰਿਹਾ ਹੈ ਜੋ ਜੰਗ ਲੜਨ ਅਤੇ ਜਿੱਤਣ ਦੇ ਸਮਰੱਥ ਹੋਵੇ। ਚੀਨ ਆਪਣੇ 'ਮੁੱਖ ਹਿੱਤਾਂ' ਜਿਵੇਂ ਕਿ ਅਰੁਣਾਚਲ ਪ੍ਰਦੇਸ਼, ਦੱਖਣੀ ਚੀਨ ਸਾਗਰ ਅਤੇ ਤਾਈਵਾਨ 'ਤੇ ਆਪਣੇ ਖੇਤਰੀ ਦਾਅਵਿਆਂ ਨੂੰ ਲੈ ਕੇ ਕੋਈ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ।
ਅਮਰੀਕਾ ਦਾ ਸਟੈਂਡ
ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ 'ਚ ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਕਿਸੇ ਵੀ ਦੇਸ਼ ਦਾ ਦਬਦਬਾ ਨਹੀਂ ਚਾਹੁੰਦਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਚੀਨ ਦੇ ਸਬੰਧ ਇਸ ਵੇਲੇ ਕਾਫੀ ਮਜ਼ਬੂਤ ਹਨ, ਪਰ ਅਮਰੀਕਾ ਆਪਣੇ ਸਹਿਯੋਗੀਆਂ 'ਤੇ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਜਮਾਉਣ ਦੀ ਚੀਨੀ ਕੋਸ਼ਿਸ਼ ਨੂੰ ਰੋਕਣ ਲਈ ਵਚਨਬੱਧ ਹੈ।
ਚੱਕਰਵਾਤ ‘ਦਿਤਵਾ’ ਨਾਲ ਸ੍ਰੀਲੰਕਾ ਦੇ ਖੇਤੀਬਾੜੀ ਖੇਤਰ ਨੂੰ ਹੋਇਆ ਭਾਰੀ ਨੁਕਸਾਨ: ਐੱਫ਼ਏਓ
NEXT STORY