ਕਾਠਮੰਡੂ – ਨੇਪਾਲ-ਤਿੱਬਤ ਵਿਚ 26 ਅਗਸਤ ਨੂੰ ਆਏ ਹੜ੍ਹ ਤੋਂ ਬਾਅਦ ਮੌਤਾਂ ਦਾ ਅੰਕੜਾ ਵਧ ਕੇ 955 ਹੋ ਗਿਆ ਹੈ। ਇਕੱਲੇ ਨੇਪਾਲ ਵਿਚ 939 ਮੌਤਾਂ ਹੋਈਆਂ ਹਨ, ਜਦੋਂਕਿ ਤਿੱਬਤ ਵਿਚ ਮਰਨ ਵਾਲਿਆਂ ਦਾ ਅੰਕੜਾ 16 ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ 4247 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।
ਦੂਜੇ ਪਾਸੇ ਹੜ੍ਹ ਤੋਂ ਪਹਿਲਾਂ ਜ਼ਰੂਰੀ ਡਾਟਾ ਸਾਂਝਾ ਨਾ ਕਰਨ ਦੇ ਦੋਸ਼ਾਂ ’ਤੇ ਚੀਨ ਨੇ ਸਫ਼ਾਈ ਦਿੱਤੀ ਹੈ। ਚੀਨੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਸ ਦੇ ਵਰਲਡ ਮੈਟਰੋਲਾਜੀਕਲ ਸੈਂਟਰ ਨੇ ਹੜ੍ਹ ਤੋਂ 12 ਦਿਨ ਪਹਿਲਾਂ ਹੀ ਨੇਪਾਲ ਨੂੰ ਈ-ਮੇਲ ਭੇਜ ਕੇ ਭਾਰੀ ਮੀਂਹ, ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹ ਆਉਣ ਦੀ ਚਿਤਾਵਨੀ ਦਿੱਤੀ ਸੀ। 27 ਮਈ ਨੂੰ ਕਾਠਮੰਡੂ ਵਿਚ ਦੋਵਾਂ ਦੇਸ਼ਾਂ ਦੀ ਮੌਸਮ ਤੇ ਗਲੇਸ਼ੀਅਰ ਨਾਲ ਜੁੜੇ ਖ਼ਤਰਿਆਂ ’ਤੇ ਮੀਟਿੰਗ ਹੋਈ ਸੀ। ਇਸ ਵਿਚ ਨੇਪਾਲ ਨੇ ਗਲੇਸ਼ੀਅਰਾਂ ’ਚ ਸ਼ੁਰੂਆਤੀ ਹਲਚਲ ਅਤੇ ਸੰਭਾਵਤ ਖ਼ਤਰੇ ਦੀ ਜਾਣਕਾਰੀ ਪਹਿਲਾਂ ਦੇਣ ਦੀ ਮੰਗ ਕੀਤੀ ਸੀ। ਨੇਪਾਲ ਦਾ ਦੋਸ਼ ਹੈ ਕਿ ਚੀਨ ਭਾਰੀ ਮੀਂਹ ਦਾ ਅੰਦਾਜ਼ਾ ਤਾਂ ਦਿੰਦਾ ਹੈ ਪਰ ਬਰਫ ਦੇ ਤੋਦੇ ਡਿੱਗਣ, ਪਾਣੀ ਦੇ ਪੱਧਰ, ਜ਼ਮੀਨ ਖਿਸਕਣ ਅਤੇ ਦੂਜੇ ਵੱਡੇ ਕੁਦਰਤੀ ਖ਼ਤਰਿਆਂ ਦੀ ਜਾਣਕਾਰੀ ਸਾਂਝੀ ਨਹੀਂ ਕਰਦਾ।
ਨੇਪਾਲ ਹੜ੍ਹ ਦੀਆਂ 17 ਲਾਸ਼ਾਂ ਉੱਤਰ ਪ੍ਰਦੇਸ਼ ’ਚ ਗੰਡਕ ਨਦੀ ’ਚੋਂ ਮਿਲੀਆਂ
ਨੇਪਾਲ ’ਚ ਆਏ ਫਲੈਸ਼ ਫਲੱਡ ਵਿਚ ਰੁੜ੍ਹੇ ਲੋਕਾਂ ਦੀਆਂ 17 ਲਾਸ਼ਾਂ ਉੱਤਰ ਪ੍ਰਦੇਸ਼ ਵਿਚ ਗੰਡਕ ਨਦੀ ’ਚੋਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ 13 ਲਾਸ਼ਾਂ ਕੁਸ਼ੀਨਗਰ ਦੀਆਂ ਖੱਡਾ ਤੇ ਤਮਕੁਹੀ ਰਾਜ ਤਹਿਸੀਲਾਂ ਵਿਚ ਮਿਲੀਆਂ, ਜਦੋਂਕਿ 4 ਲਾਸ਼ਾਂ ਮਹਾਰਾਜਗੰਜ ਦੀ ਨਿਚਲੌਲ ਤਹਿਸੀਲ ’ਚੋਂ ਬਰਾਮਦ ਹੋਈਆਂ।
ਮਹਾਰਾਜਗੰਜ ਵਿਚ ਮਿਲੀਆਂ 4 ਅਣਪਛਾਤੀਆਂ ਲਾਸ਼ਾਂ ਸੋਮਵਾਰ ਨੂੰ ਨੇਪਾਲ ਪ੍ਰਸ਼ਾਸਨ ਨੂੰ ਸੌਂਪ ਦਿੱਤੀਆਂ ਗਈਆਂ। ਇਨ੍ਹਾਂ ਵਿਚ 3 ਔਰਤਾਂ ਦੀਆਂ ਲਾਸ਼ਾਂ ਵੀ ਸ਼ਾਮਲ ਸਨ। ਅਧਿਕਾਰੀਆਂ ਮੁਤਾਬਕ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਸੀ, ਇਸ ਲਈ ਪੋਸਟਮਾਰਟਮ ਦੌਰਾਨ ਡੀ. ਐੱਨ. ਏ. ਸੈਂਪਲ ਲਏ ਗਏ ਹਨ। ਲਾਸ਼ਾਂ ਨੂੰ ਨਿਯਮ ਤਹਿਤ 72 ਘੰਟੇ ਤੱਕ ਮੋਰਚਰੀ ਵਿਚ ਰੱਖਿਆ ਗਿਆ ਸੀ।
ਸੁਰੰਗਾਂ ’ਚ ਫਸੇ ਲੋਕਾਂ ਦਾ ਰੈਸਕਿਊ ਜਾਰੀ
ਨੇਪਾਲ ਵਿਚ ਭਿਆਨਕ ਹੜ੍ਹ ਤੋਂ ਬਾਅਦ ਹਾਈਡ੍ਰੋਪਾਵਰ ਪ੍ਰਾਜੈਕਟਾਂ ਦੀਆਂ ਸੁਰੰਗਾਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਰੈਸਕਿਊ ਮੁਹਿੰਮ ਲਗਾਤਾਰ ਜਾਰੀ ਹੈ। ਤ੍ਰਿਸ਼ੂਲੀ-3-ਏ ਸਮੇਤ ਕਈ ਪ੍ਰਾਜੈਕਟਾਂ ਦੀਆਂ ਸੁਰੰਗਾਂ ਦੇ ਮੂੰਹ ’ਤੇ ਜਮ੍ਹਾ ਮਲਬਾ ਅਤੇ ਚਿੱਕੜ ਹਟਾ ਕੇ ਅੰਦਰ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੈਸਕਿਊ ਟੀਮਾਂ ਵਿਚ ਨੇਪਾਲ ਦੀਆਂ ਸੁਰੱਖਿਆ ਫੋਰਸਾਂ ਦੇ ਨਾਲ ਭਾਰਤ ਤੇ ਚੀਨ ਦੇ ਮਾਹਿਰ ਵੀ ਸ਼ਾਮਲ ਹਨ। ਟੀਮਾਂ ਸੁਰੰਗਾਂ ਦੇ ਅੰਦਰ ਮੌਜੂਦ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ। ਹੜ੍ਹ ਤੋਂ ਬਾਅਦ ਸੁਰੰਗਾਂ ਦੇ ਰਸਤੇ ਮਲਬੇ ਨਾਲ ਬੰਦ ਹੋ ਗਏ ਹਨ। ਅਜਿਹੀ ਸਥਿਤੀ ਵਿਚ ਭਾਰੀ ਮਸ਼ੀਨਾਂ ਤੇ ਦੂਜੇ ਉਪਕਰਣਾਂ ਦੀ ਮਦਦ ਨਾਲ ਰਸਤਾ ਖੋਲ੍ਹਣ ਦਾ ਕੰਮ ਕੀਤਾ ਜਾ ਰਿਹਾ ਹੈ।
ਕਾਂਗੋ 'ਚ ਇਬੋਲਾ ਵਾਇਰਸ ਦਾ ਕਹਿਰ: 6,000 ਤੋਂ ਜ਼ਿਆਦਾ ਮਾਮਲੇ ਦਰਜ, 2800 ਤੋਂ ਵੱਧ ਲੋਕਾਂ ਦੀ ਮੌਤ
NEXT STORY