ਬੀਜਿੰਗ— ਚੀਨ ਦੇ ਉੱਤਰੀ ਸ਼ਹਿਰ ਸ਼ਿਆਨ ’ਚ ਕੋਵਿਡ ਰਿਪੋਰਟ ਨਾ ਹੋਣ ਦੀ ਵਜ੍ਹਾ ਤੋਂ ਗਰਭਵਤੀ ਮਹਿਲਾ ਨੂੰ ਦਾਖ਼ਲ ਕਰਨ ਤੋਂ ਇਨਕਾਰ ਕੀਤੇ ਜਾਣ ’ਤੇ ਇਕ ਹਸਪਤਾਲ ਦੇ ਅਧਿਕਾਰੀਆਂ ਨੂੰ ਸਜ਼ਾ ਦਿੱਤੀ ਗਈ ਹੈ। ਮਹਿਲਾ ਨੂੰ ਸਮੇਂ ’ਤੇ ਇਲਾਜ ਨਾ ਮਿਲਣ ਕਾਰਨ ਗਰਭਪਾਤ ਹੋ ਗਿਆ ਸੀ। ਸ਼ਹਿਰ ਪ੍ਰਸ਼ਾਸਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਗੌਕਸਿਨ ਹਸਪਤਾਲ ਦੇ ਜਨਰਲ ਮੈਨੇਜਰ ਫੈਨ ਯੂਹੂਈ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਮੈਡੀਕਲ ਵਿਭਾਗ ਦੇ ਮੁਖੀ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।
ਇਸ ਸਬੰਧ ਵਿਚ ਸਰਕਾਰੀ ਬਿਆਨ ਜਾਰੀ ਕਰ ਕੇ ਕਿਹਾ ਗਿਆ ਕਿ ਇਸ ਘਟਨਾ ਨਾਲ ਸਮਾਜ ਵਿਚ ਵਿਆਪਕ ਚਿੰਤਾ ਅਤੇ ਇਕ ਗੰਭੀਰ ਸਮਾਜਿਕ ਪ੍ਰਭਾਵ ਪੈਦਾ ਹੋਇਆ ਹੈ। ਨਵੇਂ ਸਾਲ ਦੇ ਦਿਨ ਮਹਿਲਾ ਹਸਪਤਾਲ ਦੇ ਬਾਹਰ ਇਕ ਸਟੂਲ ’ਤੇ ਖ਼ੁਦ ਨੂੰ ਦਾਖ਼ਲ ਕੀਤੇ ਜਾਣ ਦੀ ਉਡੀਕ ਕਰ ਰਹੀ ਸੀ, ਜਿੱਥੇ ਉਸ ਦਾ ਖੂਨ ਵਹਿਣ ਲੱਗਾ। ਉਸ ਦੇ ਪਤੀ ਵਲੋਂ ਬਣਾਈ ਗਈ ਵੀਡੀਓ ’ਚ ਮਹਿਲਾ ਦੇ ਪੈਰਾਂ ਦੇ ਆਲੇ-ਦੁਆਲੇ ਖੂਨ ਵਹਿ ਰਿਹਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ। ਮਹਿਲਾ ਦਾ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਉਸ ਦਾ ਗਰਭਪਾਤ ਹੋ ਗਿਆ। ਪ੍ਰਸ਼ਾਸਨ ਨੇ ਕਿਹਾ ਕਿ ਹਸਪਤਾਲ ਦੇ ਅਧਿਕਾਰੀਆਂ ਨੂੰ ਸਜ਼ਾ ਦੇਣ ਤੋਂ ਇਲਾਵਾ ਹਸਪਤਾਲ ਨੂੰ ਜਨਤਕ ਤੌਰ ’ਤੇ ਮੁਆਫ਼ੀ ਮੰਗ ਦੇ ਵੀ ਆਦੇਸ਼ ਦਿੱਤੇ ਗਏ ਹਨ।
ਜਰਮਨੀ 'ਚ ਗੁਰਦੁਆਰਾ ਸਾਹਿਬ ਨੇ ਜਾਰੀ ਕੀਤਾ 2022 ਦਾ ਮੂਲ ਨਾਨਕਸ਼ਾਹੀ ਕੈਲੰਡਰ
NEXT STORY