ਬੀਜਿੰਗ (ਬਿਊਰੋ): ਦੁਨੀਆ ਭਰ ਵਿਚ ਸਰਕਾਰਾਂ ਲੋਕਾਂ ਨੂੰ ਸਿਗਰਟ ਪੀਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੰਦੀਆਂ ਹਨ। ਸਿਗਰਟ ਦੇ ਪੈਕੇਟਾਂ 'ਤੇ ਚਿਤਾਵਨੀ ਛਪੀ ਹੋਣ ਦੇ ਬਾਵਜੂਦ ਲੋਕ ਸਿਗਰਟਨੋਸ਼ੀ ਕਰਦੇ ਹਨ। ਹੁਣ ਚੀਨ ਦਾ ਇਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜੋ ਤੁਹਾਨੂੰ ਸਿਗਰਟ ਪੀਣ ਕਾਰਨ ਫੇਫੜਿਆਂ ਅਤੇ ਸਰੀਰ ਨੂੰ ਹੋਣ ਵਾਲੇ ਜਾਨਲੇਵਾ ਨੁਕਸਾਨ ਦੀ ਹਕੀਕਤ ਬਿਆਨ ਕਰੇਗਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿਚ ਸਿਗਰਟ ਪੀਣ ਵਾਲੇ ਇਕ ਸ਼ਖਸ ਦੇ ਫੇਫੜੇ ਦਿਖਾਏ ਗਏ ਹਨ। ਇਨ੍ਹਾਂ ਫੇਫੜਿਆਂ ਨੂੰ ਇਕ ਸ਼ਖਸ ਨੇ ਦਾਨ ਕੀਤਾ ਹੈ। ਜਿਹੜੇ ਸ਼ਖਸ ਨੇ ਇਹ ਫੇਫੜੇ ਦਾਨ ਕੀਤੇ ਹਨ ਉਹ 52 ਸਾਲ ਦਾ ਸੀ ਅਤੇ ਬੀਤੇ 30 ਸਾਲਾਂ ਤੋਂ ਸਿਗਰਟ ਪੀ ਰਿਹਾ ਸੀ। ਸ਼ਖਸ ਨੇ ਮਰਨ ਤੋਂ ਪਹਿਲਾਂ ਆਪਣੇ ਫੇਫੜੇ ਦਾਨ ਕਰ ਦਿੱਤੇ। ਵਾਇਰਲ ਵੀਡੀਓ ਚੀਨ ਦੇ ਵੁਕਸੀ ਪੀਪਲਜ਼ ਹਸਪਤਾਲ ਦਾ ਹੈ ਇੱਥੋਂ ਦੇ ਟਰਾਂਸਪਲਾਂਟ ਕਰਨ ਵਾਲੇ ਡਾਕਟਰਾਂ ਨੇ ਇਹ ਵੀਡੀਓ ਬਣਾਇਆ ਹੈ।

ਡਾਕਟਰਾਂ ਨੇ ਦਾਨ ਕੀਤੇ ਮ੍ਰਿਤਕ ਸ਼ਖਸ ਦੇ ਫੇਫੜੇ ਕਿਸੇ ਦੂਜੇ ਸ਼ਖਸ ਦੇ ਸਰੀਰ ਵਿਚ ਲਗਾਉਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਉਹ ਲਗਾਤਾਰ ਸਿਗਰਟ ਪੀਣ ਕਾਰਨ ਇੰਨੀ ਬੁਰੀ ਤਰ੍ਹਾਂ ਖਰਾਬ ਹੋ ਚੁੱਕੇ ਸਨ ਕਿ ਦੂਜੇ ਸ਼ਖਸ ਨੂੰ ਨਵੀਆਂ ਬੀਮਾਰੀਆਂ ਦੇ ਦਿੰਦੇ। ਹਸਪਤਾਲ ਦੇ ਡਾਕਟਰ ਚੇਨ ਜਿੰਗਯੂ ਨੇ ਜਦੋਂ ਇਨ੍ਹਾਂ ਦਾਨ ਕੀਤੇ ਫੇਫੜਿਆਂ ਨੂੰ ਦੇਖਿਆ ਤਾਂ ਦੂਜੇ ਸ਼ਖਸ ਨੂੰ ਟਰਾਂਸਪਲਾਂਟ ਕਰਨ ਤੋਂ ਸਾਫ ਮਨਾ ਕਰ ਦਿੱਤਾ।

ਡਾਕਟਰ ਜਿੰਗਯੂ ਨੇ ਕਿਹਾ,''ਦੇਸ਼ ਵਿਚ ਕਈ ਲੋਕਾਂ ਦੇ ਫੇਫੜੇ ਲਗਾਤਾਰ ਸਿਗਰਟ ਪੀਣ ਜਾਂ ਦੂਜੇ ਨਸ਼ੇ ਕਰਨ ਕਾਰਨ ਅਜਿਹੇ ਹੀ ਹੋਣਗੇ। ਸਾਡੀ ਟੀਮ ਨੇ ਇਨ੍ਹਾਂ ਫੇਫੜਿਆਂ ਨੂੰ ਰਿਜੈਕਟ ਕਰ ਦਿੱਤਾ।'' ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ,''ਦੇਖੋ ਇਨ੍ਹਾਂ ਫੇਫੜਿਆਂ ਨੂੰ, ਕੀ ਤੁਸੀਂ ਹੁਣ ਵੀ ਸਿਗਰਟ ਪੀਣੀ ਚਾਹੋਗੇ।''
ਨਵਾਜ਼ ਸ਼ਰੀਫ ਇਲਾਜ ਲਈ ਲੰਡਨ ਹੋਏ ਰਵਾਨਾ
NEXT STORY