ਇੰਟਰਨੈਸ਼ਨਲ ਡੈਸਕ- ਆਪਣੀ ਫ਼ੌਜੀ ਤਾਕਤ 'ਚ ਵੱਡਾ ਇਜ਼ਾਫਾ ਕਰਦੇ ਹੋਏ ਚੀਨ ਨੇ ਆਪਣੇ ਨਵੇਂ ਅਤੇ ਅਤਿ-ਆਧੁਨਿਕ ਜੰਗੀ ਜਹਾਜ਼ 'ਸਿਚੁਆਨ' (Sichuan) ਨੂੰ ਸਮੁੰਦਰੀ ਪ੍ਰੀਖਣ ਲਈ ਭੇਜ ਦਿੱਤਾ ਹੈ। ਇਹ ਕਦਮ ਚੀਨ ਦੀ ਸਮੁੰਦਰੀ ਫੌਜੀ ਸਮਰੱਥਾ ਵਿੱਚ ਵੱਡਾ ਵਾਧਾ ਦਰਸਾਉਂਦਾ ਹੈ ਅਤੇ ਰੱਖਿਆ ਮਾਹਿਰਾਂ ਅਨੁਸਾਰ ਇਸ ਦਾ ਅਸਰ ਤਾਈਵਾਨ ਅਤੇ ਅਮਰੀਕਾ ਦਰਮਿਆਨ ਤਣਾਅ 'ਤੇ ਪੈ ਸਕਦਾ ਹੈ।
'ਸਿਚੁਆਨ' ਇੱਕ ਐਮਫੀਬੀਅਸ ਅਸਾਲਟ ਸ਼ਿਪ ਹੈ, ਜੋ ਇਲੈਕਟ੍ਰੋਮੈਗਨੈਟਿਕ ਏਅਰਕ੍ਰਾਫਟ ਲਾਂਚ ਸਿਸਟਮ (EMALS) ਤਕਨੀਕ ਨਾਲ ਲੈਸ ਹੈ। EMALS ਤਕਨੀਕ ਦੀ ਮਦਦ ਨਾਲ ਜਹਾਜ਼ 'ਤੇ ਲੜਾਕੂ ਜਹਾਜ਼, ਹੈਲੀਕਾਪਟਰ ਅਤੇ ਡਰੋਨ ਬਹੁਤ ਤੇਜ਼ੀ ਨਾਲ ਉਡਾਣ ਭਰ ਸਕਦੇ ਹਨ ਅਤੇ ਲੈਂਡ ਕਰ ਸਕਦੇ ਹਨ। ਇਹ ਚੀਨ ਦਾ ਆਪਣੇ ਤਰ੍ਹਾਂ ਦਾ ਪਹਿਲਾ ਪੂਰੀ ਤਰ੍ਹਾਂ ਬਿਜਲੀ ਨਾਲ ਚੱਲਣ ਵਾਲਾ ਜਹਾਜ਼ ਹੈ।
ਰੱਖਿਆ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ 'ਸਿਚੁਆਨ' ਚੀਨੀ ਫੌਜਾਂ ਨੂੰ ਤਾਈਵਾਨ ਦੇ ਤੱਟ ਤੱਕ ਜਲਦੀ ਪਹੁੰਚਣ ਵਿੱਚ ਮਦਦ ਕਰ ਸਕਦਾ ਹੈ। ਰਿਪੋਰਟਾਂ ਅਨੁਸਾਰ ਚੀਨ ਕੋਲ ਹੁਣ ਕੁੱਲ 234 ਜੰਗੀ ਬੇੜੇ ਹਨ, ਜਿਸ ਕਾਰਨ ਇਹ ਅਮਰੀਕੀ ਨੇਵੀ (219 ਜੰਗੀ ਬੇੜੇ) ਤੋਂ ਅੱਗੇ ਨਿਕਲ ਕੇ ਦੁਨੀਆ ਦਾ ਸਭ ਤੋਂ ਵੱਡਾ ਜਲ ਸੈਨਾ ਬੇੜਾ ਬਣ ਗਿਆ ਹੈ। ਇਸ ਪ੍ਰੀਖਣ ਨਾਲ ਅਮਰੀਕਾ ਅਤੇ ਤਾਈਵਾਨ ਸਮੇਤ ਏਸ਼ੀਆ ਪ੍ਰਸ਼ਾਂਤ ਖੇਤਰ ਦੀ ਸੁਰੱਖਿਆ 'ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ।
ਰੂਸ ਦਾ ਯੂਕ੍ਰੇਨ 'ਤੇ ਇੱਕ ਹੋਰ ਵੱਡਾ ਹਮਲਾ, ਦਾਗੇ 430 ਡਰੋਨ ਅਤੇ 18 ਮਿਜ਼ਾਈਲਾਂ, 6 ਲੋਕਾਂ ਦੀ ਹੋਈ ਮੌਤ
NEXT STORY