ਬੇਥਲੇਹਮ (ਫਲਿਸਤੀਨ) (ਏ.ਐਫ.ਪੀ.)- ਅਮਰੀਕਾ ਵਲੋਂ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਤੌਰ ’ਤੇ ਮਾਨਤਾ ਦੇਣ ਤੋਂ ਬਾਅਦ ਬੇਥਲੇਹਮ ਸ਼ਹਿਰ ਅਤੇ ਖੇਤਰ ਵਿਚ ਪੈਦਾ ਹੋਏ ਤਣਾਅ ਵਿਚਾਲੇ ਸ਼ਹਿਰ ਵਿਚ ਅੱਜ ਕ੍ਰਿਸਮਸ ਦੀਆਂ ਤਿਆਰੀਆਂ ਚਲ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 6 ਦਸੰਬਰ ਨੂੰ ਕੀਤੇ ਗਏ ਇਸ ਵਿਵਾਦਤ ਐਲਾਨ ਤੋਂ ਬਾਅਦ ਇਜ਼ਰਾਇਲੀ ਕਬਜ਼ੇ ਵਾਲੇ ਪੱਛਮੀ ਕੰਢੇ ਦੇ ਸ਼ਹਿਰ ਬੇਥਲੇਹਮ ਸਮੇਤ ਹੋਰ ਥਾਵਾਂ ’ਤੇ ਪ੍ਰਦਰਸ਼ਨ ਅਤੇ ਸੰਘਰਸ਼ ਦੀਆਂ ਘਟਨਾਵਾਂ ਹੋਈਆਂ ਸਨ। ਬੇਥਲੇਹਮ ਵਿਚ ਇਨੀਂ ਦਿਨੀਂ ਆਮ ਤੌਰ ’ਤੇ ਸੈਲਾਨੀਆਂ ਦਾ ਇਕੱਠ ਰਹਿੰਦਾ ਹੈ ਪਰ ਫਲਿਸਤੀਨੀ ਪ੍ਰਦਰਸ਼ਨਕਾਰੀਆਂ ਅਤੇ ਇਜ਼ਰਾਇਲੀ ਫੌਜ ਵਿਚਾਲੇ ਸੰਘਰਸ਼ ਦੀਆਂ ਘਟਨਾਵਾਂ ਕਾਰਨ ਇਸ ਵਾਰ ਇਥੇ ਬਹੁਤ ਘੱਟ ਲੋਕ ਨਜ਼ਰ ਆਏ ਹਨ। ਆਰਕਬਿਸ਼ਪ ਪੀਅਰਬਾਟਿਸਟਾ ਪਿਜ਼ਾਬੱਲਾ ਨੇ ਦੱਸਿਆ ਕਿ ਟਰੰਪ ਦਾ ਐਲਾਨ ਅਤੇ ਇਸ ਤੋਂ ਬਾਅਦ ਭੜਕੀ ਹਿੰਸਾ ਦੇ ਮੱਦੇਨਜ਼ਰ ਦਰਜਨਾਂ ਸਮੂਹਾਂ ਨੇ ਇਥੋਂ ਦੀ ਯਾਤਰਾ ਕਰਨ ਦੀ ਆਪਣੀ ਯੋਜਨਾ ਨੂੰ ਟਾਲ ਦਿੱਤਾ। ਯੇਰੂਸ਼ਲਮ ਵਿਚ ਕੈਥੋਲਿਕ ਗਿਰਜਾਘਰ ਦੇ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਅਸਲ ਵਿਚ ਇਸ ਨੇ ਯੇਰੂਸ਼ਲਮ ਦੇ ਨੇੜਲੇ ਇਲਾਕਿਆਂ ਵਿਚ ਤਣਾਅ ਪੈਦਾ ਕੀਤਾ ਅਤੇ ਕ੍ਰਿਸਮਸ ਤੋਂ ਲੋਕਾਂ ਦਾ ਧਿਆਨ ਹਟਾਇਆ। ਦੂਜੇ ਪਾਸੇ ਇਜ਼ਰਾਇਲ ਦੇ ਸੈਰ-ਸਪਾਟਾ ਮੰਤਰਾਲੇ ਨੇ ਦੱਸਿਆ ਕਿ ਕ੍ਰਿਸਮਸ ਦੀਆਂ ਤਿਆਰੀਆਂ ’ਤੇ ਕੋਈ ਅਸਰ ਨਹੀਂ ਪਿਆ ਹੈ ਅਤੇ ਉਹ ਪਿਛਲੇ ਸਾਲ ਦੇ ਮੁਕਾਬਲੇ ਵਿਚ ਇਸ ਸਾਲ ਇਸਾਈ ਤੀਰਥਯਾਤਰੀਆਂ ਦੀ ਗਿਣਤੀ ਵਿਚ 20 ਫੀਸਦੀ ਦੇ ਵਾਧੇ ਦੀ ਉਮੀਦ ਕਰ ਰਹੇ ਹਨ।
ਤੁਰਕੀ 'ਚ 2700 ਕਰਮਚਾਰੀ ਕੀਤੇ ਗਏ ਬਰਖਾਸਤ
NEXT STORY