ਫਰਿਜ਼ਨੋ, ਕੈਲੀਫੋਰਨੀਆ(ਰਾਜ ਗੋਗਨਾ)- ਸ਼ੈਟਰਲ ਵੈਲੀ ਦੇ ਸ਼ਹਿਰ ਫਰਿਜ਼ਨੋ ਵਿਖੇ ਸਥਿਤ ਗੁਰੂਘਰ ਸਿੰਘ ਸਭਾ ਵੱਲੋਂ ਸੀਨੀਅਰ ਪੰਜਾਬੀ ਪੱਤਰਕਾਰ ਸ. ਜਗਜੀਤ ਸਿੰਘ ਥਿੰਦ (ਕਰਮਨ ਨਿਵਾਸੀ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰੂਘਰ ਵਿਖੇ ਅਖੰਡ ਸਾਹਿਬ ਦੇ ਭੋਗ ਪਏ, ਜਿਸ ਮਗਰੋਂ ਗੁਰੂਘਰ ਦੇ ਹਜ਼ੂਰੀ ਜੱਥੇ ਭਾਈ ਸਰਬਜੀਤ ਸਿੰਘ ਅਤੇ ਸਾਥੀਆਂ ਨੇ ਕੀਰਤਨ ਅਤੇ ਭਾਈ ਮਲਕੀਤ ਸਿੰਘ ਨੇ ਕਥਾ ਕਰਦੇ ਹੋਏ ਹਾਜ਼ਰੀ ਭਰੀ। ਇਸ ਉਪਰੰਤ ਸ਼ੁਰੂ ਹੋਏ ਵਿਸ਼ੇਸ਼ ਸਨਮਾਨ ਸਮਾਰੋਹ ਵਿਚ ਪੰਜਾਬੀ ਮਾਂ ਬੋਲੀ ਅਤੇ ਭਾਈਚਾਰੇ ਨੂੰ ਪੰਜਾਬੀ ਲਾਇਬ੍ਰੇਰੀਆਂ ਨਾਲ ਜੋੜਨ ਅਤੇ ਪੁਸਤਕਾਂ ਦੀ ਇਕੱਤਰਤਾ ਵਿਚ ਵਡਮੁੱਲਾ ਸਹਿਯੋਗ ਦੇਣ ਲਈ ਸਥਾਨਕ ਸੀਨੀਅਰ ਪੱਤਰਕਾਰ ਸ. ਜਗਜੀਤ ਸਿੰਘ ਥਿੰਦ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸੇ ਸਮੇਂ ਗੁਰੂਘਰ ਵਿਖੇ ਪੰਜਾਬੀ ਸਕੂਲ ਦੇ ਪ੍ਰਬੰਧਕਾਂ ਵੱਲੋਂ ਥਿੰਦ ਸਾਹਿਬ ਦੀ ਪ੍ਰੇਰਨਾ ਸਦਕਾ ਪੰਜਾਬੀ ਅਤੇ ਗੁਰਮਤਿ ਇਤਿਹਾਸ ਨਾਲ ਸੰਬੰਧਤ ਪੁਸਤਕਾਂ ਦੀ ਲਾਇਬ੍ਰੇਰੀ ਦੀ ਸੁਰੂਆਤ ਵੀ ਕੀਤੀ ਗਈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੂੰ ਸਹਿਯੋਗ ਕਰਨ ਲਈ ਧੰਨਵਾਦ ਕਰਦੇ ਹੋਏ ਸਨਮਾਨਿਆ ਗਿਆ। ਇਨ੍ਹਾਂ ਸ਼ਖ਼ਸੀਅਤਾਂ ਵਿਚ ਸਥਾਨਕ ਸਮਾਜ ਸੇਵੀ ਸ. ਮਹਿੰਦਰ ਸਿੰਘ ਗਰੇਵਾਲ, ਸ. ਗੁਰਪ੍ਰੀਤ ਸਿੰਘ ਮਾਨ, ਗੁੱਡੀ ਸਿੱਧੂ ਅਤੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਗੁਰੂਘਰ ਦੇ ਪੰਜਾਬੀ ਸਕੂਲ ਵਿਚ ਲਾਇਬ੍ਰੇਰੀ ਦੀ ਸੁਰੂਆਤ 'ਤੇ ਵਧਾਈਆਂ ਅਤੇ ਸ. ਜਗਜੀਤ ਸਿੰਘ ਥਿੰਦ ਦੀਆਂ ਸਮੁੱਚੇ ਪੰਜਾਬੀ ਭਾਈਚਾਰੇ ਲਈ ਸੇਵਾਵਾਂ ਦੀ ਸ਼ਲਾਘਾ ਕੀਤੀ। ਅੰਤ ਇਹ ਸਮਾਗਮ ਵਿਦੇਸ਼ਾਂ ਵਿਚ ਪੰਜਾਬੀ ਭਾਈਚਾਰੇ ਅਤੇ ਨਵੀਂ ਪੀੜੀ ਨੂੰ ਨਾਲ ਜੋੜ ਕੇ ਚਲਣ ਲਈ ਵਿਚਾਰ ਕਰਦਾ ਹੋਇਆ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸਮਾਪਤ ਹੋਇਆ। ਇਸ ਸਮੇਂ ਗੁਰੂ ਦਾ ਲੰਗਰ ਅਤੁੱਟ ਵਰਤਿਆ।
ਕਾਬੁਲ ਵਿਚ ਅਮਰੀਕੀ ਦੂਤਘਰ ਨੇੜੇ ਹੋਇਆ ਧਮਾਕਾ, 5 ਦੀ ਮੌਤ, 8 ਜ਼ਖਮੀ
NEXT STORY