ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ 'ਚ ਸਫ਼ਾਈ ਕਰਮਚਾਰੀਆਂ ਵੱਲੋਂ ਤਨਖਾਹ ਵਾਧੇ ਸਬੰਧੀ ਕੀਤੀ ਹੜਤਾਲ ਸਰਕਾਰ ਦੇ ਗਲ਼ੇ ਦੀ ਹੱਡੀ ਬਣਿਆ ਹੋਇਆ ਹੈ। ਕਰਮਚਾਰੀਆਂ ਦੀਆਂ ਯੂਨੀਅਨਾਂ ਯੂਨਾਈਟ ਅਤੇ ਦਿ ਜੀ ਐੱਮ ਬੀ ਨੇ ਕੌਂਸਲਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਮੂਲੋਂ ਹੀ ਨਕਾਰ ਕੇ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਕਈ ਦਿਨਾਂ ਤੋਂ ਨਿਰੰਤਰ ਚੱਲ ਰਹੀ ਹੜਤਾਲ ਕਾਰਨ ਕਈ ਸ਼ਹਿਰਾਂ, ਕਸਬਿਆਂ ਵਿੱਚ ਕੂੜੇ ਦੇ ਅੰਬਾਰ ਲੱਗੇ ਨਜ਼ਰੀਂ ਪੈ ਰਹੇ ਹਨ। ਬਾਜ਼ਾਰਾਂ ਵਿੱਚ ਲੱਗੇ ਡਸਟ ਬਿਨ ਕੂੜੇ ਨਾਲ ਲੱਦੇ ਪਏ ਹਨ ਤੇ ਕੂੜਾ ਬਾਹਰ ਖਿੱਲਰਿਆ ਪਿਆ ਹੈ। ਸਰਕਾਰ ਅਤੇ ਕਰਮਚਾਰੀਆਂ ਵਿਚਾਲੇ ਗੱਲਬਾਤ ਸਿਰੇ ਨਾ ਚੜ੍ਹਨ ਦਾ ਨਤੀਜਾ ਇਹ ਨਿਕਲਿਆ ਹੈ ਕਿ ਲਗਭਗ ਦੋ ਤਿਹਾਈ ਕੌਂਸਲਾਂ ਇਸ ਦਾ ਸੇਕ ਝੱਲ ਰਹੀਆਂ ਹਨ।
ਇਹ ਵੀ ਪੜ੍ਹੋ : ਬ੍ਰਿਟਿਸ਼ ਕੋਲੰਬੀਆ ’ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਮੋਗਾ ਦੇ ਪਿੰਡ ਘੋਲੀਆ ਖੁਰਦ ਦੇ ਨੌਜਵਾਨ ਦੀ ਮੌਤ


ਰੇਲ ਕਰਮਚਾਰੀਆਂ ਤੋਂ ਬਾਅਦ ਡਸਟ ਬਿਨ ਇਕੱਠੇ ਕਰਨ ਵਾਲੇ ਸਫ਼ਾਈ ਕਰਮਚਾਰੀ ਹੜਤਾਲ ਦੇ ਰਾਹ ਤੁਰੇ ਸਨ। ਹੁਣ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਸੈਂਕੜੇ ਪ੍ਰਾਇਮਰੀ ਸਕੂਲ ਅਤੇ ਨਰਸਰੀਆਂ ਦੇ ਕਰਮਚਾਰੀ ਵੀ ਹੜਤਾਲ ਕਰਨ ਜਾ ਰਹੇ ਹਨ। ਸਕਾਟਲੈਂਡ ਸਰਕਾਰ ਵੱਲੋਂ ਕੌਂਸਲਾਂ ਨੂੰ ਵਾਧੂ 140 ਮਿਲੀਅਨ ਪੌਂਡ ਕਰਮਚਾਰੀਆਂ ਦੇ ਤਨਖਾਹ ਵਾਧਾ ਫੰਡ ਦੇ ਰੂਪ ਵਿੱਚ ਜਾਰੀ ਕੀਤੇ ਗਏ ਹਨ ਪਰ ਡਿਪਟੀ ਫਸਟ ਮਨਿਸਟਰ ਜੌਹਨ ਸਵਿੰਨੇ ਦਾ ਕਹਿਣਾ ਹੈ ਕਿ 39000 ਪੌਂਡ ਤੋਂ ਘੱਟ ਕਮਾ ਰਹੇ ਕਾਮਿਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ 2 ਸਾਲ ਲਈ 200 ਮਿਲੀਅਨ ਪੌਂਡ ਜਾਰੀ ਕਰਨ ਦੀ ਤਜਵੀਜ਼ ਵੀ ਹੈ। ਇਸ ਹੜਤਾਲ ਦੇ ਚੱਲਦਿਆਂ ਜਨਤਕ ਸਿਹਤ ਵਿਭਾਗ ਸਕਾਟਲੈਂਡ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਨੱਕੋ-ਨੱਕ ਭਰੇ ਡਸਟ ਬਿਨਾਂ ਦਾ ਕੂੜਾ ਚੁੱਕਣ ਲਈ ਕੋਈ ਉਜਰ ਨਾ ਕੀਤਾ ਗਿਆ ਤਾਂ ਬੀਮਾਰੀਆਂ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿਖੇ ਇਨ੍ਹੀਂ ਦਿਨੀਂ ਫੈਸਟੀਵਲ ਹੋ ਰਹੇ ਹਨ। ਦੂਰੋਂ-ਦੂਰੋਂ ਆਏ ਲੋਕਾਂ ਦਾ ਸਵਾਗਤ ਕੂੜੇ ਦੇ ਅੰਬਾਰ ਕਰ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਸਰਕਾਰ ਅਤੇ ਕਰਮਚਾਰੀ ਜਥੇਬੰਦੀਆਂ 'ਚ ਕੀ ਸਮਝੌਤਾ ਹੁੰਦਾ ਹੈ?

ਇਹ ਵੀ ਪੜ੍ਹੋ : ਬਰੈਡਫੋਰਡ: ਬੀਕਾਸ ਸੰਸਥਾ ਦੇ ਉੱਦਮ ਨਾਲ 'ਧੰਨ ਲੇਖਾਰੀ ਨਾਨਕਾ' ਨਾਟਕ ਦੀ ਸਫ਼ਲ ਪੇਸ਼ਕਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਰੈਡਫੋਰਡ: ਬੀਕਾਸ ਸੰਸਥਾ ਦੇ ਉੱਦਮ ਨਾਲ 'ਧੰਨ ਲੇਖਾਰੀ ਨਾਨਕਾ' ਨਾਟਕ ਦੀ ਸਫ਼ਲ ਪੇਸ਼ਕਾਰੀ
NEXT STORY