ਲੰਡਨ : ਦਿਲ ਦੀਆਂ ਬਿਮਾਰੀਆਂ ਅਤੇ ਵਧਦੇ ਕੋਲੈਸਟ੍ਰੋਲ ਦਾ ਕਾਰਨ ਆਮ ਤੌਰ ’ਤੇ ਖ਼ਰਾਬ ਖਾਣ-ਪੀਣ, ਮੋਟਾਪਾ ਅਤੇ ਸਰੀਰਕ ਗਤੀਵਿਧੀਆਂ ਦੀ ਕਮੀ ਨੂੰ ਮੰਨਿਆ ਜਾਂਦਾ ਹੈ ਪਰ ਇਕ ਨਵੇਂ ਅੰਤਰਰਾਸ਼ਟਰੀ ਅਧਿਐਨ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਖੋਜ ਮੁਤਾਬਕ ਰਾਤ ਸਮੇਂ ਟ੍ਰੈਫਿਕ ਦਾ ਸ਼ੋਰ ਵੀ ਸਰੀਰ ’ਚ ਕੋਲੈਸਟ੍ਰੋਲ ਵਧਾਉਣ ਦਾ ਵੱਡਾ ਕਾਰਨ ਬਣ ਸਕਦਾ ਹੈ। ਘਰ ਦੇ ਬਾਹਰੋਂ ਲੰਘਦੀਆਂ ਗੱਡੀਆਂ ਦਾ ਸ਼ੋਰ ਨੀਂਦ ਅਤੇ ਹਾਰਮੋਨਲ ਸੰਤੁਲਨ ਨੂੰ ਵਿਗਾੜ ਕੇ ਦਿਲ ਦੀ ਸਿਹਤ ’ਤੇ ਸਿੱਧਾ ਅਸਰ ਪਾਉਂਦਾ ਹੈ।
ਨੀਂਦ ਦਾ ਟੁੱਟਣਾ ਬਣਿਆ ਸਭ ਤੋਂ ਵੱਡਾ ਕਾਰਨ
ਅਧਿਐਨ ਵਿਚ ਦੱਸਿਆ ਗਿਆ ਹੈ ਕਿ ਰਾਤ ਨੂੰ ਸ਼ੋਰ ਕਾਰਨ ਨੀਂਦ ਵਾਰ-ਵਾਰ ਟੁੱਟਦੀ ਹੈ। ਭਾਵੇਂ ਵਿਅਕਤੀ ਪੂਰੀ ਤਰ੍ਹਾਂ ਜਾਗ ਨਾ ਜਾਵੇ ਪਰ ਨੀਂਦ ਦੀ ਗੁਣਵੱਤਾ ਖ਼ਰਾਬ ਹੋ ਜਾਂਦੀ ਹੈ। ਇਸ ਦਾ ਅਸਰ ਸਰੀਰ ਦੀ ਤਣਾਅ ਪ੍ਰਤੀਕਿਰਿਆ ’ਤੇ ਪੈਂਦਾ ਹੈ ਅਤੇ ਕੋਰਟੀਸੋਲ ਵਰਗੇ ਹਾਰਮੋਨ ਸਰਗਰਮ ਹੋ ਜਾਂਦੇ ਹਨ, ਜਿਸ ਨਾਲ ਕੋਲੈਸਟ੍ਰੋਲ ਦਾ ਪੱਧਰ ਵਧਣ ਲੱਗਦਾ ਹੈ। ਖੋਜਕਰਤਾਵਾਂ ਅਨੁਸਾਰ ਜੇਕਰ ਲੰਬੇ ਸਮੇਂ ਤੱਕ ਰਾਤ ਨੂੰ ਸ਼ੋਰ ਦਾ ਪੱਧਰ ਜ਼ਿਆਦਾ ਬਣਿਆ ਰਹੇ ਤਾਂ ਸਰੀਰ ਚਰਬੀ ਨੂੰ ਸਹੀ ਤਰੀਕੇ ਨਾਲ ਕੰਟਰੋਲ ਨਹੀਂ ਕਰ ਪਾਉਂਦਾ। ਨਤੀਜੇ ਵਜੋਂ ਖ਼ਰਾਬ ਕੋਲੈਸਟ੍ਰੋਲ ਅਤੇ ਖ਼ੂਨ ਵਿਚ ਚਰਬੀ ਦੀ ਮਾਤਰਾ ਵਧ ਜਾਂਦੀ ਹੈ, ਜੋ ਅੱਗੇ ਚੱਲ ਕੇ ਦਿਲ ਦੀਆਂ ਧਮਣੀਆਂ ਨੂੰ ਤੰਗ ਕਰ ਸਕਦੀ ਹੈ।
3 ਦੇਸ਼ਾਂ ’ਚ ਹੋਇਆ ਵੱਡਾ ਅਧਿਐਨ
ਬ੍ਰਿਟੇਨ, ਨੀਦਰਲੈਂਡ ਅਤੇ ਫਿਨਲੈਂਡ ’ਚ ਕੀਤੇ ਗਏ ਇਸ ਅਧਿਐਨ ਵਿਚ 2,72,229 ਬਾਲਗਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਦੇ ਘਰ ਰਾਤ ਨੂੰ ਜ਼ਿਆਦਾ ਸ਼ੋਰ ਵਾਲੀਆਂ ਸੜਕਾਂ ਦੇ ਨੇੜੇ ਸਨ, ਉਨ੍ਹਾਂ ਦੇ ਖ਼ੂਨ ’ਚ ਕੋਲੈਸਟ੍ਰੋਲ ਦਾ ਪੱਧਰ ਜ਼ਿਆਦਾ ਸੀ। ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਕਿ 50 ਡੈਸੀਬਲ ਤੋਂ ਉੱਪਰ ਦੇ ਰਾਤ ਦੇ ਸ਼ੋਰ ’ਚ ਕੋਲੈਸਟ੍ਰੋਲ ਵਧਣ ਲੱਗਦਾ ਹੈ, ਜਦਕਿ 55 ਡੈਸੀਬਲ ’ਤੇ ਇਹ ਸਬੰਧ ਹੋਰ ਮਜ਼ਬੂਤ ਹੋ ਜਾਂਦਾ ਹੈ।
ਵਿਗਿਆਨੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਹਵਾ ਪ੍ਰਦੂਸ਼ਣ, ਤੰਬਾਕੂਨੋਸ਼ੀ, ਮੋਟਾਪਾ, ਸਿੱਖਿਆ ਦਾ ਪੱਧਰ ਅਤੇ ਲਿੰਗ ਵਰਗੇ ਕਾਰਕਾਂ ਨੂੰ ਵੱਖ ਕਰਨ ਤੋਂ ਬਾਅਦ ਵੀ ਸ਼ੋਰ ਅਤੇ ਵਧੇ ਹੋਏ ਕੋਲੈਸਟ੍ਰੋਲ ਵਿਚਕਾਰ ਸਿੱਧਾ ਸਬੰਧ ਬਣਿਆ ਰਿਹਾ।
ਹਿਲੇਰੀ ਕਲਿੰਟਨ ਦਾ ਵੱਡਾ ਦਾਅਵਾ: 'ਮੈਂ ਕਦੇ ਐਪਸਟੀਨ ਨੂੰ ਨਹੀਂ ਮਿਲੀ'
NEXT STORY