ਇਸਲਾਮਾਬਾਦ- ਕੋਰੋਨਾਵਾਇਰਸ ਦੀ ਲਪੇਟ ਵਿਚ ਆਏ ਚੀਨੀ ਸ਼ਹਿਰ ਵੁਹਾਨ ਵਿਚ ਫਸੇ ਪਾਕਿਸਤਾਨੀ ਵਿਦਿਆਰਥੀਆਂ ਦੇ ਇਕ ਸਮੂਹ ਨੇ ਇਮਰਾਨ ਖਾਨ ਦੀ ਸਰਕਾਰ ਨੂੰ ਉਹਨਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ।
ਚੀਨ ਵਿਚ ਕੋਰੋਨਾਵਾਇਰਸ ਦੇ ਕਾਰਨ ਹੁਣ ਤੱਕ 106 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਦੇ ਤਕਰੀਬਨ 4,515 ਮਾਮਲੇ ਸਾਹਮਣੇ ਆ ਚੁੱਕੇ ਹਨ। ਵੁਹਾਨ ਸ਼ਹਿਰ ਵਿਚ ਫਸੇ ਵਿਦਿਆਰਥੀਆਂ ਵਿਚੋਂ ਇਕ ਹਫਸਾ ਤੈਯਬ ਨੇ ਜਿਓ ਨਿਊਜ਼ ਨਾਲ ਗੱਲ ਕੀਤੀ ਤੇ ਪੁਸ਼ਟੀ ਕੀਤੀ ਕਿ ਹੋਰ ਦੇਸ਼ ਆਪਣੇ ਨਾਗਰਿਕਾਂ ਨੂੰ ਹਵਾਈ ਰਸਤੇ ਬਾਹਰ ਕੱਢਣ ਦੀ ਯੋਜਨਾ ਬਣਾ ਰਹੇ ਹਨ। ਵੁਹਾਨ ਵਿਚ 500 ਤੋਂ ਵਧੇਰੇ ਪਾਕਿਸਤਾਨੀ ਵਿਦਿਆਰਥੀ ਹਨ। ਜੇਕਰ ਉਹਨਾਂ ਵਿਚੋਂ ਇਕ ਵੀ ਪ੍ਰਭਾਵਿਤ ਹੋਇਆ ਤਾਂ ਹੋਰ ਵੀ ਖਤਰੇ ਵਿਚ ਪੈ ਜਾਣਗੇ। ਤੈਯਮ ਨੇ ਸੋਸ਼ਲ ਮੀਡੀਆ 'ਤੇ ਅਪਲੋਡ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਜ਼ਰੂਰੀ ਚੀਜ਼ਾਂ ਦੀ ਕਮੀ ਹੈ ਤੇ ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਸਾਡੇ ਕੋਲ ਬਹੁਤ ਜਲਦੀ ਭੋਜਨ ਦੀ ਕਮੀ ਹੋ ਜਾਵੇਗੀ। ਉਹਨਾਂ ਕਿਹਾ ਕਿ ਉਹ ਤੇ ਉਹਨਾਂ ਦੇ ਸਾਥੀ ਕਿਤੇ ਜਾ ਨਹੀਂ ਸਕਦੇ।
ਵਾਇਰਸ ਦੇ ਤੇਜ਼ੀ ਨਾਲ ਫੈਲਣ ਦੇ ਮੱਦੇਨਜ਼ਰ ਕਈ ਦੇਸ਼ ਵੁਹਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਵੀਡੀਓ ਵਿਚ ਇਕ ਹੋਰ ਵਿਦਿਆਰਥੀ ਨੇ ਕਿਹਾ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਅਧਿਕਾਰੀ ਮਨੁੱਖੀ ਆਧਾਰ 'ਤੇ ਸਥਿਤੀ 'ਤੇ ਧਿਆਨ ਦੇਣ ਤੇ ਇਸ ਨੂੰ ਲੈ ਕੇ ਜਲਦੀ ਕੁਝ ਕਰਨ। ਅਸੀਂ ਜ਼ਿੰਦਗੀ ਭਰ ਉਹਨਾਂ ਦੇ ਧੰਨਵਾਦੀ ਰਹਾਂਗੇ। ਤੈਯਬ ਨੇ ਕਿਹਾ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਸਾਨੂੰ ਹੋਰਾਂ ਦੇਸ਼ਾਂ ਵਾਂਗ ਸ਼ਹਿਰ ਤੋਂ ਬਾਹਰ ਕੱਢਣਗੇ। ਵਿਦੇਸ਼ ਮੰਤਰਾਲਾ ਨੇ ਪੁਸ਼ਟੀ ਕੀਤੀ ਕਿ ਵਿਦਿਆਰਥੀਆਂ ਦੀ ਮਦਦ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੋਰੋਨਾਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਪਾਕਿ ਕਰੇਗਾ ਉੱਚ ਪੱਧਰੀ ਬੈਠਕ
NEXT STORY