ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ਦੇ ਪਾਣੀ ਇੱਕ ਵਾਰ ਫਿਰ ਡੌਲਫਿਨ, ਵ੍ਹੇਲਜ਼ ਅਤੇ ਹੋਰ ਸਮੁੰਦਰੀ ਜੀਵਾਂ ਨੂੰ ਵੇਖਣ ਲਈ ਸਰਬੋਤਮ ਸਥਾਨ ਸਾਬਤ ਹੋਏ ਹਨ। ਇਸ ਸੰਬੰਧੀ ਸਾਲਾਨਾ ਨੈਸ਼ਨਲ ਵ੍ਹੇਲ ਅਤੇ ਡੌਲਫਿਨ ਨੂੰ ਵੇਖਣ ਦਾ ਪ੍ਰੋਗਰਾਮ ਦਾ ਆਯੋਜਨ ਕਰਦੀ "ਸੀ ਵਾਚ ਫਾਉਂਡੇਸ਼ਨ" ਦੀ ਇੱਕ ਨਵੀਂ ਰਿਪੋਰਟ ਅਨੁਸਾਰ 2020 ਵਿੱਚ ਵੱਡੇ ਪੱਧਰ 'ਤੇ ਸਮੁੰਦਰੀ ਜੀਵ-ਜੰਤੂ ਸਕਾਟਲੈਂਡ ਦੇ ਉੱਤਰ ਵੱਲ ਵੇਖੇ ਗਏ। ਪਿਛਲੇ ਸਾਲ 25 ਜੁਲਾਈ ਤੋਂ 2 ਅਗਸਤ ਦਰਮਿਆਨ 9 ਦਿਨਾਂ ਦੇ ਸਰਵੇਖਣ ਦੌਰਾਨ ਸਕਾਟਿਸ਼ ਸਮੁੰਦਰੀ ਕੰਢਿਆਂ ਦੇ ਆਸ-ਪਾਸ ਵਿਗਿਆਨੀਆਂ ਅਤੇ ਵਲੰਟੀਅਰਾਂ ਦੁਆਰਾ ਸਮੁੰਦਰੀ ਜੀਵ-ਜੰਤੂਆਂ ਵਿੱਚ ਓਰਕਾਸ, ਮਿਨਕੇ ਆਦਿ ਵ੍ਹੇਲਾਂ ਅਤੇ ਵੱਖ-ਵੱਖ ਡੌਲਫਿਨਾਂ ਨੂੰ ਵੇਖਿਆ ਗਿਆ।
ਇਸਦੇ ਇਲਾਵਾ ਸਨਫਿਸ਼, ਬਾਸਕਿੰਗ ਸ਼ਾਰਕ ਅਤੇ ਸੀਲ ਆਦਿ ਨੂੰ ਵੀ ਦਰਜ ਕੀਤਾ ਗਿਆ। ਸਮੁੰਦਰੀ ਜੀਵਾਂ ਦੇ ਮਾਮਲੇ ਵਿੱਚ ਕੁੱਲ ਮਿਲਾ ਕੇ, 9,784 ਡੌਲਫਿਨ, ਵ੍ਹੇਲ ਅਤੇ ਪੋਰਪੋਜ਼ੀਆਂ (ਜਿਹਨਾਂ ਨੂੰ ਸਮੂਹਿਕ ਤੌਰ 'ਤੇ ਸੀਟਾਸੀਅਨ ਵਜੋਂ ਜਾਣਿਆ ਜਾਂਦਾ ਹੈ) ਨੂੰ ਪੂਰੇ ਯੂਕੇ ਵਿੱਚ 1,348 ਥਾਵਾਂ 'ਤੇ ਦਰਜ ਕੀਤਾ ਗਿਆ। ਸਕਾਟਲੈਂਡ ਵਿੱਚ, ਸਭ ਤੋਂ ਵੱਧ ਸਮੁੰਦਰੀ ਜੀਵ ਉੱਤਰ-ਪੱਛਮ ਵਿੱਚ ਸਨ, ਇਸਦੇ ਬਾਅਦ ਇਨਰ ਹੇਬਰਾਈਡਸ ਅਤੇ ਫਿਰ ਉੱਤਰ-ਪੂਰਬ ਸਕਾਟਲੈਂਡ ਅਤੇ ਸ਼ੈਟਲੈਂਡ ਵਿੱਚ ਸਨ।
ਹਾਰਬਰ ਪੋਰਪੋਜ਼ਾਈਜ਼ ਯੂਕੇ ਵਿੱਚ ਸਭ ਤੋਂ ਵੱਧ ਕਿਸਮਾਂ ਵੇਖੀਆਂ ਜਾਂਦੀਆਂ ਹਨ, ਜਿਹਨਾਂ ਵਿੱਚ ਇੱਕ ਤੋਂ ਲੈ ਕੇ 30 ਤੱਕ ਦੇ ਸਮੁੰਦਰੀ ਜੀਵਾਂ ਦੇ ਸਮੂਹ ਹਨ। ਸੀ ਵਾਚ ਫਾਉਂਡੇਸ਼ਨ ਲਈ ਨੈਸ਼ਨਲ ਵ੍ਹੇਲ ਐਂਡ ਡੌਲਫਿਨ ਵਾਚ ਪ੍ਰੋਗਰਾਮ ਦੇ ਨਿਗਰਾਨੀ ਅਧਿਕਾਰੀ ਅਤੇ ਲੀਡਰ ਆਰਗੇਨਾਈਜ਼ਰ ਡਾਕਟਰ ਚਿਆਰਾ ਜਿਉਲੀਆ ਬਰਟੂਲੀ ਨੇ ਸਕਾਟਲੈਂਡ ਦੇ ਇਹਨਾਂ ਨਤੀਜਿਆਂ ਦਾ ਸਵਾਗਤ ਕੀਤਾ ਹੈ। ਸਾਲ 2020 ਦੀ ਈਵੈਂਟ ਵਿੱਚ ਪੂਰੇ ਯੂਕੇ ਤੋਂ 750 ਤੋਂ ਵੱਧ ਵਲੰਟੀਅਰ ਅਤੇ 29 ਸੰਭਾਲ ਅਤੇ ਰਿਕਾਰਡਿੰਗ ਸੰਸਥਾਵਾਂ ਸ਼ਾਮਲ ਹੋਈਆਂ ਸਨ ਅਤੇ ਇਸ ਸਾਲ ਦੇ 24 ਜੁਲਾਈ ਤੋਂ 1 ਅਗਸਤ ਤੱਕ ਹੋ ਰਹੇ ਸਰਵੇਖਣ ਵਿੱਚ ਹਿੱਸਾ ਲੈਣ ਲਈ ਇਹ ਸੰਸਥਾ ਨਾਗਰਿਕ ਵਿਗਿਆਨੀਆਂ ਦੀ ਭਾਲ ਕਰ ਰਹੀ ਹੈ।
ਸਕਾਟਲੈਂਡ: ਕੋਰੋਨਾ ਵਾਇਰਸ ਕਾਰਨ ਜਾਨ ਗੁਆ ਚੁੱਕੇ ਲੋਕਾਂ ਲਈ ਰੱਖਿਆ ਜਾਵੇਗਾ ਰਾਸ਼ਟਰੀ ਮੌਨ
NEXT STORY