ਬ੍ਰਸੇਲਜ਼ (ਏ. ਪੀ.)-ਯੂਰਪ ਮਹਾਦੀਪ ਕੋਵਿਡ-19 ਮਹਾਮਾਰੀ ਦਾ ਵਿਸ਼ਵ ਪੱਧਰੀ ਕੇਂਦਰ ਬਣਿਆ ਹੋਇਆ ਹੈ ਕਿਉਂਕਿ ਇਥੋਂ ਦੇ ਕਈ ਦੇਸ਼ਾਂ ’ਚ ਰਿਕਾਰਡ ਪੱਧਰ ’ਤੇ ਮਾਮਲੇ ਵਧ ਰਹੇ ਹਨ। ਲੱਗਭਗ ਦੋ ਸਾਲਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਲਾਗ ਦੀ ਦਰ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਹ ਸਿਹਤ ਸੰਕਟ ਟੀਕਾਕਰਨ ਕਰਵਾ ਚੁੱਕੇ ਲੋਕਾਂ ਅਤੇ ਉਨ੍ਹਾਂ ਲੋਕਾਂ ਆਹਮੋ-ਸਾਹਮਣੇ ਲਿਆ ਰਿਹਾ ਹੈ, ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ ਹੈ। ਪਹਿਲਾਂ ਤੋਂ ਬੋਝ ਥੱਲੇ ਦੱਬੀ ਸਿਹਤ ਸੰਭਾਲ ਪ੍ਰਣਾਲੀ ਦੀ ਰੱਖਿਆ ਕਰਨ ਦੀ ਕੋਸ਼ਿਸ਼ ’ਚ ਸਰਕਾਰਾਂ ਅਜਿਹੇ ਨਿਯਮ ਲਾਗੂ ਕਰ ਰਹੀਆਂ ਹਨ, ਜੋ ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ ਲਈ ਬਦਲਾਂ ਨੂੰ ਸੀਮਤ ਕਰ ਦਿੰਦੇ ਹਨ, ਸਰਕਾਰਾਂ ਨੂੰ ਉਮੀਦ ਹੈ ਕਿ ਟੀਕਾਕਰਨ ਦੀਆਂ ਦਰਾਂ ’ਚ ਵਾਧਾ ਹੋਵੇਗਾ। ਇਸੇ ਕੜੀ ’ਚ ਸ਼ੁੱਕਰਵਾਰ ਨੂੰ ਆਸਟਰੀਆ ਨੇ 1 ਫਰਵਰੀ ਤੋਂ ਟੀਕਾਕਰਨ ਨੂੰ ਲਾਜ਼ਮੀ ਕਰ ਦਿੱਤਾ ਹੈ। ਇਥੇ ਚਾਂਸਲਰ ਅਲੈਗਜ਼ੈਂਡਰ ਸ਼ਾਲੇਨਬਰਗ ਨੇ ਇਸ ਕਦਮ ਨੂੰ ਵਾਇਰਸ ਦੀਆਂ ਲਹਿਰਾਂ ਨੂੰ ਤੋੜਨ ਦਾ ਇਕੋ-ਇਕ ਤਰੀਕਾ ਦੱਸਿਆ। ਯੂਰਪੀਅਨ ਯੂਨੀਅਨ ’ਚ ਆਸਟਰੀਆ ਇਕਲੌਤਾ ਦੇਸ਼ ਹੈ, ਜਿਸ ਨੇ ਟੀਕਾਕਰਨ ਨੂੰ ਲਾਜ਼ਮੀ ਬਣਾਇਆ ਹੈ ਪਰ ਕਈ ਦੇਸ਼ਾਂ ਦੀਆਂ ਸਰਕਾਰਾਂ ਪਾਬੰਦੀਆਂ ਲਗਾ ਰਹੀਆਂ ਹਨ। ਸਲੋਵਾਕੀਆ ਨੇ ਉਨ੍ਹਾਂ ਲੋਕਾਂ ਦੀਆਂ ਸਾਰੀਆਂ ਗੈਰ-ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲਾਂ ’ਤੇ ਪਾਬੰਦੀ ਲਗਾ ਦਿੱਤੀ ਹੈ, ਜਿਨ੍ਹਾਂ ਨੇ ਕੋਵਿਡ ਵਿਰੋਧੀ ਟੀਕੇ ਨਹੀਂ ਲਗਵਾਏ ਹਨ।
ਅਜਿਹੇ ਲੋਕ ਜਨਤਕ ਸਮਾਗਮਾਂ ’ਚ ਵੀ ਨਹੀਂ ਜਾ ਸਕਣਗੇ ਅਤੇ ਕੰਮ ’ਤੇ ਜਾਣ ਲਈ ਵੀ ਉਨ੍ਹਾਂ ਨੂੰ ਦੋ ਵਾਰ ਜਾਂਚ ਕਰਵਾਉਣੀ ਪਵੇਗੀ। ਪ੍ਰਧਾਨ ਮੰਤਰੀ ਐਡੁਆਰਡ ਹੇਗਰ ਨੇ ਇਨ੍ਹਾਂ ਕਦਮਾਂ ਨੂੰ ‘ਟੀਕਾ ਨਾ ਲਗਵਾਉਣ ਵਾਲੇ ਲੋਕਾਂ ਲਈ ਤਾਲਾਬੰਦੀ’ ਦੱਸਿਆ ਹੈ। ਸਲੋਵਾਕੀਆ ਦੀ 55 ਲੱਖ ਆਬਾਦੀ ’ਚੋਂ ਸਿਰਫ਼ 45.3 ਫੀਸਦੀ ਨੂੰ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ। ਮੰਗਲਵਾਰ ਨੂੰ ਇਥੇ ਰਿਕਾਰਡ 8342 ਨਵੇਂ ਮਾਮਲੇ ਸਾਹਮਣੇ ਆਏ। ਇਸ ਵਾਇਰਸ ਦੇ ਪ੍ਰਕੋਪ ਦਾ ਸਾਹਮਣਾ ਸਿਰਫ ਮੱਧ ਅਤੇ ਪੂਰਬੀ ਯੂਰਪ ਦੇ ਦੇਸ਼ ਹੀ ਨਹੀਂ ਕਰ ਰਹੇ ਹਨ, ਸਗੋਂ ਪੱਛਮੀ ਦੇਸ਼ਾਂ ਦੇ ਅਮੀਰ ਦੇਸ਼ ਵੀ ਇਸ ਵਾਇਰਸ ਤੋਂ ਪ੍ਰਭਾਵਿਤ ਹਨ ਅਤੇ ਇਕ ਵਾਰ ਫਿਰ ਤੋਂ ਪਾਬੰਦੀਆਂ ਲਗਾ ਰਹੇ ਹਨ। ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਵੀਰਵਾਰ ਨੂੰ ਕਿਹਾ, ‘‘ਹੁਣ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ।’’ ਯੂਨਾਨ ਦੇ ਪ੍ਰਧਾਨ ਮੰਤਰੀ ਕਿਰੀਆਕੋਸ ਮਿਤਸੋਤਾਕਿਸ ਨੇ ਵੀਰਵਾਰ ਨੂੰ ਉਨ੍ਹਾਂ ਲੋਕਾਂ ਲਈ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ, ਜੋ ਟੀਕਾਕਰਨ ਨਹੀਂ ਕਰਵਾਉਂਦੇ ਹਨ, ਜਿਸ ਦੇ ਅਨੁਸਾਰ ਅਜਿਹੇ ਲੋਕ ਟੈਸਟ ਰਾਹੀਂ ਇਨਫੈਕਟਿਡ ਨਹੀਂ ਪਾਏ ਜਾਂਦੇ ਹਨ, ਇਸ ਦੇ ਬਾਵਜੂਦ ਬਾਰ, ਰੈਸਟੋਰੈਂਟ, ਸਿਨੇਮਾਘਰ, ਥੀਏਟਰ, ਮਿਊਜ਼ੀਅਮ ਅਤੇ ਜਿਮ ਨਹੀਂ ਜਾ ਸਕਣਗੇ। ਚੈੱਕ ਗਣਰਾਜ ਵਿਚ ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ ’ਤੇ ਲਗਾਈਆਂ ਗਈਆਂ ਪਾਬੰਦੀਆਂ ਵਿਰੁੱਧ ਇਸ ਹਫ਼ਤੇ ਪ੍ਰਾਗ ਵਿਚ 10 ਹਜ਼ਾਰ ਲੋਕਾਂ ਨੇ ਪ੍ਰਦਰਸ਼ਨ ਕੀਤਾ।
ਟੈਨਿਸ ਖਿਡਾਰਣ ਪੇਂਗ ਸ਼ੁਆਈ ਦੇ ਮਾਮਲੇ ਦੀ ਕੋਈ ਜਾਣਕਾਰੀ ਨਹੀਂ: ਚੀਨ
NEXT STORY