ਵਾਸ਼ਿੰਗਟਨ - ਮੈਕਸੀਕੋ ਦੇ ਖਤਰਨਾਕ ਡਰੱਗ ਮਾਫੀਆ ਜੋਆਕਵਿਨ ਅਲ ਚੈਪੋ ਗੁਜਮੈਨ ਦੀ ਪਤਨੀ ਨੂੰ ਸੋਮਵਾਰ ਅਮਰੀਕਾ ਵਿਚ ਗ੍ਰਿਫਤਾਰ ਕਰ ਲਿਆ ਗਿਆ। ਇਸ ਗ੍ਰਿਫਤਾਰੀ ਤੋਂ ਬਾਅਦ ਪੂਰੀ ਦੁਨੀਆ ਵਿਚ ਅਲ ਚੈਪੋ ਦੀ ਪਤਨੀ ਐਮਾ ਕੋਰੋਨੇਲ ਐਇਸਪੁਰੋ ਦੀ ਹੀ ਚਰਚਾ ਹੋ ਰਹੀ ਹੈ। ਦੇਖਣ ਵਿਚ ਬੇਹੱਦ ਖੂਬਸੂਰਤ ਐਮਾ ਕੋਰੋਨੇਲ ਨੇ ਜ਼ੁਰਮ ਦੇ ਹਰ ਪੜਾਅ 'ਤੇ ਆਪਣੇ ਪਤੀ ਅਲ ਚੈਪੋ ਦਾ ਸਾਥ ਦਿੱਤਾ। ਇੰਨਾ ਹੀ ਨਹੀਂ ਕਿਹਾ ਤਾਂ ਇਥੋਂ ਤੱਕ ਜਾਂਦਾ ਹੈ ਕਿ ਅਲ ਚੈਪੋ ਅਮਰੀਕਾ ਦੀ ਜੇਲ ਤੋਂ ਸੁਰੰਗ ਰਾਹੀਂ ਫਰਾਰ ਹੋਇਆ ਸੀ ਤਾਂ ਉਸ ਵਿਚ ਵੀ ਇਸ ਦੀ ਹਿੱਸੇਦਾਰੀ ਸੀ। ਦੋਸ਼ ਹੈ ਕਿ ਐਮਾ ਨੇ ਅਮਰੀਕਾ ਵਿਚ ਕੋਕੀਨ, ਹੈਰੋਇਨ ਅਤੇ ਗਾਂਜੇ ਜਿਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪੂਰਾ ਨੈੱਟਵਰਕ ਸੰਭਾਲ ਰੱਖਿਆ ਹੈ। 31 ਸਾਲ ਦੀ ਐਮਾ ਕੋਰੋਨੇਲ ਨੂੰ ਵਾਸ਼ਿੰਗਟਨ ਡੀ. ਸੀ. ਦੇ ਬਾਹਰ ਡਲੇਸ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ।
2007 'ਚ ਕੀਤਾ ਸੀ ਮੈਕਸੀਕਨ ਡਰੱਗ ਕਿੰਗ ਅਲ ਚੈਪੋ ਨਾਲ ਵਿਆਹ
ਅਮਰੀਕਾ ਦੀ ਸਾਬਕਾ ਟੀਨਏਜ ਬਿਊਟੀ ਕੁਇਨ ਐਮਾ ਕੋਰੋਨੇਲ ਨੇ ਮੈਕਸੀਕੋ ਦੇ ਖਤਰਨਾਕ ਡਰੱਗ ਮਾਫੀਆ ਅਲ ਚੈਪੋ ਗੁਜਮੈਨ ਨਾਲ ਸਾਲ 2007 ਵਿਚ 18 ਸਾਲ ਦੀ ਹੋਣ ਤੋਂ ਬਾਅਦ ਵਿਆਹ ਕੀਤਾ ਸੀ। ਉਸ ਵੇਲੇ ਅਲ ਚੈਪੋ ਨੇ ਨਾਂ ਦੀ ਚਰਚਾ ਸਿਰਫ ਅਮਰੀਕਾ ਅਤੇ ਮੈਕਸੀਕੋ ਹੀ ਨਹੀਂ ਬਲਕਿ ਬ੍ਰਾਜ਼ੀਲ, ਪੇਰੂ ਅਤੇ ਅਰਜਨਟੀਨਾ ਵਿਚ ਵੀ ਹੁੰਦੀ ਸੀ। ਦੋਹਾਂ ਨੇ ਵਿਆਹ ਤੋਂ ਬਾਅਦ ਥੋੜਾ ਹੀ ਸਮਾਂ ਇਕੱਠਾ ਬਿਤਾਇਆ। 2012 ਵਿਚ ਐਮਾ ਕੋਰੋਨੇਲ ਨੇ ਕੈਲੀਫੋਰਨੀਆ ਦੇ ਇਕ ਹਸਪਤਾਲ ਵਿਚ ਅਲ ਚੈਪੋ ਦੀਆਂ 2 ਧੀਆਂ ਨੂੰ ਜਨਮ ਦਿੱਤਾ। ਐਮਾ ਨੇ ਆਪਣੀਆਂ ਦੋਹਾਂ ਧੀਆਂ ਦੇ ਜਨਮ ਸਰਟੀਫਿਕੇਟ ਵਿਚ ਪਿਤਾ ਦੇ ਨਾਂ ਨੂੰ ਲੁਕਾਈ ਰੱਖਿਆ ਕਿਉਂਕਿ ਅਮਰੀਕਾ ਨੇ ਉਸ ਵੇਲੇ ਅਲ ਚੈਪੋ ਦੇ ਸਿਰ 'ਤੇ 36 ਕਰੋੜ ਰੁਪਏ ਤੋਂ ਜ਼ਿਆਦਾ ਦਾ ਇਨਾਮ ਰੱਖਿਆ ਹੋਇਆ ਸੀ। ਐਮਾ ਨੂੰ ਡਰ ਸੀ ਕਿ ਜੇ ਉਸ ਨੇ ਆਪਣੀ ਪਤੀ ਦੇ ਨਾਂ ਦਾ ਖੁਲਾਸਾ ਕੀਤਾ ਤਾਂ ਉਸ ਨੂੰ ਜੇਲ ਭੇਜ ਦਿੱਤਾ ਜਾਵੇਗਾ ਅਤੇ ਬੱਚਿਆਂ ਨੂੰ ਕਿਸੇ ਕੇਅਰ ਸੈਂਟਰ ਭੇਜਣਾ ਪਵੇਗਾ।
ਅਮਰੀਕਾ 'ਚ ਅਲ ਚੈਪੋ ਦੇ ਡਰੱਸ ਕਾਰੋਬਾਰ ਨੂੰ ਸੰਭਾਲਿਆ
ਅਲ ਚੈਪੋ ਦੀ ਪਤਨੀ ਕੋਲ ਅਮਰੀਕਾ ਅਤੇ ਮੈਕਸੀਕੋ ਦੀ ਦੋਹਰੀ ਨਾਗਰਿਕਤਾ ਹੈ। ਸੋਮਵਾਰ ਅਮਰੀਕਾ ਏਅਰਪੋਰਟ ਤੋਂ ਗ੍ਰਿਫਤਾਰ ਐਮਾ ਨੂੰ ਮੰਗਲਵਾਰ ਕੋਲੰਬੀਆ ਸੂਬੇ ਦੀ ਇਕ ਅਦਾਲਤ ਵਿਚ ਕੋਕੀਨ, ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨੈੱਟਵਰਕ ਸੰਭਾਲਣ ਦੇ ਜ਼ੁਰਮ ਵਿਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਲ ਚੈਪੋ ਦੇ ਜੇਲ ਚਲੇ ਜਾਣ ਤੋਂ ਬਾਅਦ ਐਮਾ ਨੇ ਹੀ ਉਸ ਦੇ ਡਰੱਗ ਕਾਰਟੇਲ ਨੂੰ ਚਲਾਇਆ। ਅਲ ਚੈਪੋ ਨੇ ਨਸ਼ੇ ਦੇ ਕਾਰੋਬਾਰ ਨੂੰ ਪੂਰੀ ਦੁਨੀਆ ਵਿਚ ਫੈਲਾਉਣ ਲਈ ਸਿਨਾਲੋਆ ਕਾਰਟੇਲ ਨੂੰ ਸਥਾਪਿਤ ਕੀਤਾ ਸੀ। ਇਸ ਰਾਹੀਂ ਉਹ ਪੂਰੀ ਦੁਨੀਆ ਵਿਚ ਡਰੱਸ ਦੀ ਸਪਲਾਈ ਕਰਿਆ ਕਰਦਾ ਸੀ। ਡਰੱਸ ਦਾ ਕਾਰੋਬਾਰ ਕਰਨ ਵਾਲੀਆਂ ਗੈਂਗਾਂ ਨੇ ਐਮਾ ਨੂੰ ਆਪਣਾ ਚੀਫ ਬਣਾ ਲਿਆ ਸੀ। 2019 ਤੋਂ ਹੀ ਅਮਰੀਕਾ ਪੁਲਸ ਐਮਾ 'ਤੇ ਰੱਖ ਰਹੀ ਸੀ।
ਕੱਪੜਿਆਂ ਦਾ ਬ੍ਰਾਂਡ ਲਾਂਚ ਕੀਤਾ
ਆਪਣੇ ਪਤੀ ਦੀ ਪ੍ਰਸਿੱਧੀ ਜਾਂ ਇਹ ਕਹੀਏ ਕਿ ਬਦਨਾਮੀ ਕਾਰਣ ਐਮਾ ਕੋਰੋਨੇਲ ਦਾ ਨਾਂ ਵੀ ਮੀਡੀਆ ਵਿਚ ਸੁਰਖੀਆਂ ਬਣ ਗਈਆਂ। ਇਸ ਨੂੰ ਅੱਗ ਦੇਣ ਲਈ ਐਮਾ ਨੇ 2019 ਵਿਚ ਇਕ ਕੱਪੜਿਆਂ ਦਾ ਬ੍ਰਾਂਡ ਵੀ ਲਾਂਚ ਕੀਤਾ ਸੀ। ਐਮਾ ਮਾਫੀਆ ਪਰਿਵਾਰਾਂ ਬਾਰੇ ਇਕ ਅਮਰੀਕੀ ਰਿਆਲਿਟੀ ਸ਼ੋਅ ਵਿਚ ਵੀ ਦੇਖੀ ਗਈ ਸੀ। ਇਸ ਵਿਚ ਉਸ ਨੇ ਖੁਦ ਨੂੰ ਇਕ ਆਮ ਮਹਿਲਾ ਦੱਸਿਆ ਸੀ ਜਦਕਿ ਉਸ ਦੇ ਅੱਗੇ ਪਿੱਛੇ ਹਮੇਸ਼ਾ ਬਾਡੀਗਾਰਡਾਂ ਦੀ ਪੂਰੀ ਫੌਜ ਹੁੰਦੀ ਹੈ। ਇਹੀ ਕਾਰਣ ਹੈ ਕਿ ਅਮਰੀਕਾ ਦੇ ਮੈਕਸੀਕਨ ਮੂਲ ਦੇ ਲੋਕਾਂ ਵਿਚ ਐਮਾ ਅੱਜ ਵੀ ਕਾਫੀ ਮਸ਼ਹੂਰ ਹੈ।
ਸਾਬਕਾ ਕਸ਼ਮੀਰੀ ਅੱਤਵਾਦੀਆਂ ਨਾਲ ਵਿਆਹ ਕਰਨ ਵਾਲੀਆਂ ਪਾਕਿਸਤਾਨੀ ਬੀਬੀਆਂ ਨੇ ਕੀਤਾ ਪ੍ਰਦਰਸ਼ਨ
NEXT STORY