ਇੰਟਰਨੈਸ਼ਨਲ ਡੈਸਕ- ਚੀਨ ਦੇ ਸਿੱਖਿਆ ਖੇਤਰ 'ਚ ਅੰਗਰੇਜ਼ੀ ਭਾਸ਼ਾ ਦੀ ਲਾਜ਼ਮੀ ਪੜ੍ਹਾਈ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਬਹਿਸ ਛਿੜ ਗਈ ਹੈ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਚੀਨ ਦੇ ਇੱਕ ਮਸ਼ਹੂਰ ਮੈਥ ਟੀਚਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਤਾਮ ਜੀਆਫੇਂਗ ਨੇ ਅੰਗਰੇਜ਼ੀ ਨੂੰ ਦੇਸ਼ ਦੀਆਂ ਮੁੱਖ ਪ੍ਰੀਖਿਆਵਾਂ 'ਚੋਂ ਇੱਕ ਕੋਰ ਸਬਜੈਕਟ ਵਜੋਂ ਹਟਾਉਣ ਦੀ ਮੰਗ ਕੀਤੀ।
ਤਾਮ ਜੀਆਫੇਂਗ ਨੇ ਦਾਅਵਾ ਕੀਤਾ ਕਿ ਚੀਨੀ ਬੱਚੇ, ਮਾਪੇ ਅਤੇ ਸਕੂਲ ਅੰਗਰੇਜ਼ੀ ਸਿੱਖਣ 'ਤੇ ਬਹੁਤ ਜ਼ਿਆਦਾ ਸਮਾਂ ਅਤੇ ਪੈਸਾ ਬਰਬਾਦ ਕਰਦੇ ਹਨ, ਜਦੋਂ ਕਿ ਜ਼ਿਆਦਾਤਰ ਨੌਕਰੀਆਂ 'ਚ ਇਸ ਦੀ ਵਰਤੋਂ ਬਹੁਤ ਘੱਟ ਹੈ। ਉਸ ਨੇ ਕਿਹਾ ਕਿ ਚੀਨੀ ਲੋਕਾਂ ਵੱਲੋਂ ਵਿਦੇਸ਼ੀ ਚੀਜ਼ਾਂ ਦੀ ਪੂਜਾ ਕਰਨ ਦਾ ਦੌਰ ਹੁਣ ਖ਼ਤਮ ਹੋਣਾ ਚਾਹੀਦਾ ਹੈ। ਅੰਗਰੇਜ਼ੀ ਦੀ ਵਰਤੋਂ ਘਟਾਉਣ ਦੇ ਸਮਰਥਕਾਂ ਦਾ ਤਰਕ ਹੈ ਕਿ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਆਟੋਮੈਟਿਕ ਟ੍ਰਾਂਸਲੇਟਰ ਇੰਨੇ ਐਡਵਾਂਸ ਹੋ ਚੁੱਕੇ ਹਨ ਕਿ ਅੰਗਰੇਜ਼ੀ ਸਿੱਖਣ ਦੀ ਪਹਿਲਾਂ ਵਰਗੀ ਲੋੜ ਨਹੀਂ ਰਹੀ।
ਹਾਲਾਂਕਿ ਕਈ ਪ੍ਰਮੁੱਖ ਚੀਨੀ ਸਿੱਖਿਆ ਮਾਹਿਰਾਂ ਨੇ ਇਸ ਮੰਗ ਦਾ ਵਿਰੋਧ ਕੀਤਾ ਹੈ। ਉਨ੍ਹਾਂ ਅਨੁਸਾਰ ਅੰਗਰੇਜ਼ੀ ਸਿੱਖਣਾ ਕੋਈ ਵਿਦੇਸ਼ੀ ਪੂਜਾ ਨਹੀਂ ਹੈ, ਸਗੋਂ ਚੀਨ ਨੂੰ ਵਿਸ਼ਵ ਪੱਧਰੀ ਵਿਗਿਆਨਕ ਖੋਜਾਂ, ਤਕਨਾਲੋਜੀ ਅਤੇ ਅੰਤਰਰਾਸ਼ਟਰੀ ਵਪਾਰ ਨਾਲ ਜੋੜਨ ਦਾ ਇੱਕ ਪ੍ਰਮੁੱਖ ਸਾਧਨ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅੰਗਰੇਜ਼ੀ ਦਾ ਦਰਜਾ ਘਟਾਉਣ ਨਾਲ ਚੀਨ ਦੀ ਨਵੀਂ ਪੀੜ੍ਹੀ ਗਲੋਬਲ ਮੁਕਾਬਲੇਬਾਜ਼ੀ 'ਚ ਪਿੱਛੇ ਰਹਿ ਸਕਦੀ ਹੈ।
ਜ਼ਿਕਰਯੋਗ ਹੈ ਕਿ ਚੀਨ 'ਚ ਰਾਸ਼ਟਰੀ ਪੱਧਰ 'ਤੇ ਹੋਣ ਵਾਲੇ ਐਂਟ੍ਰੈਂਸ ਐਗਜ਼ਾਮਸ ਗਾਓਕਾਓ ਅਤੇ ਝੋਂਗਕਾਓ 'ਚ ਅੰਗਰੇਜ਼ੀ ਦਾ ਸਕੋਰ ਘੱਟ ਕਰਨ ਦੀਆਂ ਸਿਫ਼ਾਰਸ਼ਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਸਰਕਾਰ ਅੰਗਰੇਜ਼ੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਬਜਾਏ, ਅਜਿਹਾ ਸਿਸਟਮ ਅਪਣਾ ਸਕਦੀ ਹੈ, ਜਿੱਥੇ ਵਿਦਿਆਰਥੀ ਆਪਣੀ ਲੋੜ ਅਨੁਸਾਰ ਇੰਗਲਿਸ਼ ਲੈਵਲ ਦੀ ਚੋਣ ਕਰ ਸਕਣ, ਤਾਂ ਜੋ ਉਹ ਗਲੋਬਲ ਪੱਧਰ 'ਤੇ ਬਾਕੀ ਦੇਸ਼ਾਂ ਤੋਂ ਪਿੱਛੇ ਨਾ ਰਹਿ ਜਾਣ।
ਬੀਜਿੰਗ ਨੇ ਤਾਈਵਾਨ ਦੇ ਪੂਰਬੀ ਪਾਣੀਆਂ 'ਚ 198 ਜਹਾਜ਼ਾਂ ਦੀ ਕੀਤੀ ਜਾਂਚ; ਵਿਸ਼ਵ ਸ਼ਕਤੀਆਂ ਨੇ ਪ੍ਰਗਟਾਈ ਚਿੰਤਾ
NEXT STORY