ਨਵੀਂ ਦਿੱਲੀ/ਇਸਲਾਮਾਬਾਦ— ਅਗਲੇ ਮਹੀਨੇ ਉੱਤਰ ਪ੍ਰਦੇਸ਼ ਸਮੇਤ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਦਾ ਰਾਹ ਖੁੱਲ੍ਹਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਭਾਰਤੀ ਕੂਟਨੀਤਕ ਗਲਿਆਰੇ 'ਚ ਪਾਕਿਸਤਾਨ ਸਰਕਾਰ ਵਲੋਂ ਹਾਲ ਹੀ 'ਚ ਚੁੱਕੇ ਗਏ ਕਦਮਾਂ ਨੂੰ ਸਕਾਰਾਤਮਕ ਨਜ਼ਰ ਤੋਂ ਦੇਖਿਆ ਜਾ ਰਿਹਾ ਹੈ। ਭਾਰਤ ਵਾਰ-ਵਾਰ ਕਹਿੰਦਾ ਰਿਹਾ ਹੈ ਕਿ ਉਹ ਪਾਕਿਸਤਾਨ ਨਾਲ ਸਾਰੇ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਤਿਆਰ ਹੈ ਪਰ ਗੱਲਬਾਤ ਅੱਤਵਾਦ ਦੇ ਸਾਏ ਹੇਠ ਨਹੀਂ ਹੋ ਸਕਦੀ ਹੈ। ਪਾਕਿਸਤਾਨ ਨੂੰ ਅੱਤਵਾਦ ਵਿਰੁੱਧ ਸਖਤ ਕਦਮ ਚੁੱਕਣੇ ਪੈਣਗੇ।
ਸੂਤਰਾਂ ਮੁਤਾਬਕ ਲਸ਼ਕਰ-ਏ-ਤੋਇਬਾ ਦੇ ਸਰਗਨਾ ਹਾਫਿਜ਼ ਸਈਦ ਨੂੰ ਪਾਕਿਸਤਾਨੀ ਕਾਨੂੰਨ ਮੁਤਾਬਕ ਅੱਤਵਾਦੀ ਦੇ ਤੌਰ 'ਤੇ ਸੂਚੀਬੱਧ ਕਰਨ, ਗਲਤੀ ਨਾਲ ਕੰਟਰੋਲ ਰੇਖਾ ਪਾਰ ਕਰ ਕੇ ਗਏ ਭਾਰਤੀ ਫੌਜੀ ਚੰਦੂ ਚੌਹਾਨ ਨੂੰ ਵਾਪਸ ਭੇਜਣ, ਲਾਲ ਸ਼ਾਹਬਾਜ਼ ਕਲੰਦਰ ਦੀ ਦਰਗਾਹ 'ਤੇ ਬੰਬ ਹਮਲੇ ਤੋਂ ਬਾਅਦ ਅੱਤਵਾਦੀਆਂ ਵਿਰੁੱਧ ਕਾਰਵਾਈ, ਭਾਰਤ ਵਿਚ ਹਾਈ ਕਮਿਸ਼ਨਰ ਰਹੇ ਅਬਦੁੱਲ ਬਾਸਿਤ ਦੀ ਥਾਂ ਤਹਮੀਨਾ ਜੰਜੂਆ ਨੂੰ ਵਿਦੇਸ਼ ਸਕੱਤਰ ਬਣਾਉਣ ਵਰਗੇ ਕੁਝ ਫੈਸਲਿਆਂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਹਾਲ ਦੇ ਬਿਆਨਾਂ ਤੋਂ ਬਾਅਦ ਗੱਲਬਾਤ ਦੀ ਖਿੜਕੀ ਖੁੱਲ੍ਹਣ ਦੇ ਆਸਾਰ ਬਣ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਭਾਰਤ ਨਾਲ ਗੱਲਬਾਤ ਦਾ ਮਾਹੌਲ ਬਣਾਉਣ ਲਈ ਕੁਝ ਕਦਮ ਚੁੱਕੇ ਹਨ। ਇੱਥੇ ਦੱਸ ਦੇਈਏ ਕਿ ਸਈਦ ਅਤੇ ਉਸ ਦੇ 4 ਸਾਥੀ 30 ਜਨਵਰੀ ਨੂੰ ਨਜ਼ਰਬੰਦ ਕੀਤੇ ਜਾ ਚੁੱਕੇ ਹਨ।
ਓਧਰ ਭਾਰਤ ਨੇ ਆਪਣੀ ਪ੍ਰਤੀਕਿਰਿਆ 'ਚ ਪਾਕਿਸਤਾਨ ਵਲੋਂ ਸਈਦ ਨੂੰ ਅੱਤਵਾਦੀ ਰੋਕੂ ਕਾਨੂੰਨ ਤਹਿਤ ਸੂਚੀਬੱਧ ਕੀਤੇ ਜਾਣ ਦਾ ਸੁਆਗਤ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਕਿਹਾ ਕਿ ਸਈਦ ਕੌਮਾਂਤਰੀ ਅੱਤਵਾਦੀ ਹੈ। ਉਹ ਮੁੰਬਈ ਹਮਲਿਆਂ ਦਾ ਮਾਸਟਰ ਮਾਈਂਡ ਹੈ। ਸਈਦ ਅਤੇ ਉਸ ਦੇ ਸਾਥੀਆਂ ਵਿਰੁੱਧ ਕੀਤੀ ਗਈ ਕਾਰਵਾਈ ਬਿਲਕੁੱਲ ਸਹੀ ਹੈ।
ਇੰਗਲੈਂਡ ਵੱਲੋਂ ਉਡਾਣਾਂ 'ਤੇ ਲਾਈ ਰੋਕ ਨਾ ਹਟਾਏ ਜਾਣ 'ਤੇ ਮਿਸਰ ਨੇ ਜਤਾਈ ਸਖ਼ਤ ਨਾਰਾਜ਼ਗੀ
NEXT STORY