ਇੰਟਰਨੈਸ਼ਨਲ ਡੈਸਕ : ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਲ-ਕਾਦਿਰ ਟਰੱਸਟ ਕੇਸ ਸਮੇਤ ਸਾਰੇ ਮਾਮਲਿਆਂ 'ਚ ਜ਼ਮਾਨਤ ਦੇ ਦਿੱਤੀ ਹੈ। ਹਾਈ ਕੋਰਟ ਨੇ ਇਮਰਾਨ ਖਾਨ ਦੀ ਗ੍ਰਿਫ਼ਤਾਰੀ 'ਤੇ ਵੀ 17 ਮਈ ਤੱਕ ਰੋਕ ਲਗਾ ਦਿੱਤੀ ਹੈ। ਜ਼ਮਾਨਤ ਪਟੀਸ਼ਨ 'ਤੇ ਅੱਜ ਹਾਈ ਕੋਰਟ 'ਚ ਸਖ਼ਤ ਸੁਰੱਖਿਆ ਵਿਚਕਾਰ ਸੁਣਵਾਈ ਹੋਈ। ਅਲ ਕਾਦਿਰ ਮਾਮਲੇ 'ਚ ਕੱਲ੍ਹ ਸੁਪਰੀਮ ਕੋਰਟ ਨੇ ਉਸ ਨੂੰ ਹਾਈ ਕੋਰਟ ਜਾਣ ਲਈ ਕਿਹਾ ਸੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਸੁਰੱਖਿਆ ਦੇ ਮਾਮਲੇ 'ਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕੀਤੀ ਇਹ ਹਦਾਇਤ
ਇਸ ਦੌਰਾਨ ਪਾਕਿਸਤਾਨ 'ਚ ਸਵੇਰ ਤੋਂ ਚੱਲ ਰਹੀਆਂ ਘਟਨਾਵਾਂ ਨੇ ਸ਼ਾਮ ਨੂੰ ਫਿਰ ਮੋੜ ਲੈ ਲਿਆ। ਇੱਥੇ ਇਸਲਾਮਾਬਾਦ ਹਾਈ ਕੋਰਟ ਦੇ ਬਾਹਰ ਤਾਬੜਤੋੜ ਫਾਇਰਿੰਗ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇਸਲਾਮਾਬਾਦ ਪੁਲਸ ਨੇ ਦੱਸਿਆ ਕਿ ਜੀ-13 ਅੰਡਰਪਾਸ 'ਤੇ ਗੋਲ਼ੀਬਾਰੀ ਕੀਤੀ ਗਈ। ਇਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕੋਰਟ ਰੂਮ ਵਿੱਚ ਵਾਪਸ ਆਉਣ ਲਈ ਕਿਹਾ ਗਿਆ।
ਪੁਲਸ ਦਾ ਕਹਿਣਾ ਹੈ ਕਿ ਫਾਇਰਿੰਗ ਦੌਰਾਨ ਕਿਸੇ ਅਧਿਕਾਰੀ ਨੂੰ ਸੱਟ ਨਹੀਂ ਲੱਗੀ। ਇੱਥੇ ਸਰਚ ਆਪ੍ਰੇਸ਼ਨ ਜਾਰੀ ਹੈ। ਸੂਤਰਾਂ ਮੁਤਾਬਕ ਮੌਕੇ 'ਤੇ ਹਵਾਈ ਫਾਇਰਿੰਗ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਤੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲ਼ੇ ਛੱਡੇ ਗਏ ਹਨ।
ਇਹ ਵੀ ਪੜ੍ਹੋ : CM ਮਾਨ ਦੇ ਗਲਫ਼ ਨਿਊਜ਼ 'ਚ ਚਰਚੇ, ਕੌਮਾਂਤਰੀ ਪੱਧਰ 'ਤੇ ਹੋ ਰਹੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਫ਼ੈਸਲੇ ਦੀ ਸ਼ਲਾਘਾ
ਇਮਰਾਨ ਖਾਨ ਨੇ ਕੀਤੀ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ
ਇਸ ਦੇ ਨਾਲ ਹੀ ਫਾਇਰਿੰਗ ਤੋਂ ਬਾਅਦ ਇਮਰਾਨ ਖਾਨ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ "ਮੈਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਮੈਂ ਲਾਹੌਰ ਛੱਡਣ ਲਈ ਪਿਛਲੇ 4 ਘੰਟਿਆਂ ਤੋਂ ਉਡੀਕ ਕਰ ਰਿਹਾ ਹਾਂ।" ਇਸਲਾਮਾਬਾਦ ਦੇ ਜੀ-11 ਅਤੇ ਜੀ-13 ਇਲਾਕੇ ਦੇ ਆਲੇ-ਦੁਆਲੇ ਸਥਿਤੀ ਅਜੇ ਵੀ ਤਣਾਅਪੂਰਨ ਹੈ। ਪੁਲਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਗੈਸ ਦੇ ਗੋਲ਼ੇ ਛੱਡੇ ਗਏ। ਇਲਾਕੇ 'ਚ ਅਜੇ ਵੀ ਹਵਾਈ ਫਾਇਰਿੰਗ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਵੱਲੋਂ ਇਕ ਗੱਡੀ ਨੂੰ ਵੀ ਸਾੜ ਦਿੱਤਾ ਗਿਆ ਹੈ।
ਤਾਜ਼ਾ ਰਿਪੋਰਟ ਮੁਤਾਬਕ ਇਮਰਾਨ ਖਾਨ ਦਾ ਕਾਫ਼ਲਾ ਲਾਹੌਰ ਰਵਾਨਗੀ ਲਈ ਤਿਆਰ ਹੈ, ਜਿਸ ਦੇ ਲਈ ਰਸਤਾ ਕਲੀਅਰ ਕਰਵਾਇਆ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇਮਰਾਨ ਖਾਨ ਨੂੰ ਵੱਡੀ ਰਾਹਤ, ਇਸਲਾਮਾਬਾਦ ਹਾਈ ਕੋਰਟ ਨੇ ਸਾਰੇ ਕੇਸਾਂ 'ਚ ਦਿੱਤੀ ਜ਼ਮਾਨਤ
NEXT STORY